
ਕਿਹਾ, ਸੰਵਿਧਾਨ ਅਤੇ ਸੰਵਿਧਾਨਕ ਸੰਸਥਾਵਾਂ ’ਤੇ ਮੋਦੀ ਸਰਕਾਰ ਦੇ ਹਮਲੇ ਤੋਂ ਧਿਆਨ ਹਟਾਉਣ ਲਈ ਲੋਕ ਸਭਾ ’ਚ ਐਮਰਜੈਂਸੀ ਦੀ ਨਿੰਦਾ ਕੀਤੀ ਗਈ
ਨਵੀਂ ਦਿੱਲੀ: ਕਾਂਗਰਸ ਸੰਸਦੀ ਦਲ ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਸਨਿਚਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ’ਚ ਲੋਕਾਂ ਦੇ ਫਤਵੇ ਦੇ ਸੰਦੇਸ਼ ਨੂੰ ਨਜ਼ਰਅੰਦਾਜ਼ ਕਰ ਕੇ ਟਕਰਾਅ ਨੂੰ ਮਹੱਤਵ ਦੇ ਰਹੇ ਹਨ ਅਤੇ ਅਜਿਹਾ ਵਿਵਹਾਰ ਕਰ ਰਹੇ ਹਨ ਜਿਵੇਂ ਕੁੱਝ ਨਹੀਂ ਬਦਲਿਆ ਹੈ।
ਅੰਗਰੇਜ਼ੀ ਅਖਬਾਰ ‘ਦਿ ਹਿੰਦੂ’ ’ਚ ਛਪੇ ਇਕ ਲੇਖ ’ਚ ਉਨ੍ਹਾਂ ਨੇ ਇਹ ਵੀ ਦੋਸ਼ ਲਾਇਆ ਕਿ ਲੋਕ ਸਭਾ ਨੇ ਸੰਵਿਧਾਨ ਅਤੇ ਸੰਵਿਧਾਨਕ ਸੰਸਥਾਵਾਂ ’ਤੇ ਮੋਦੀ ਸਰਕਾਰ ਦੇ ਹਮਲੇ ਤੋਂ ਧਿਆਨ ਹਟਾਉਣ ਲਈ 1975 ਦੀ ਐਮਰਜੈਂਸੀ ਦੀ ਨਿੰਦਾ ਕੀਤੀ ਗਈ।
ਉਨ੍ਹਾਂ ਕਿਹਾ, ‘‘4 ਜੂਨ 2024 ਨੂੰ ਸਾਡੇ ਦੇਸ਼ ਦੇ ਵੋਟਰਾਂ ਨੇ ਸਪੱਸ਼ਟ ਅਤੇ ਜ਼ੋਰਦਾਰ ਢੰਗ ਨਾਲ ਅਪਣਾ ਫੈਸਲਾ ਸੁਣਾਇਆ। ਇਹ ਪ੍ਰਧਾਨ ਮੰਤਰੀ ਲਈ ਨਿੱਜੀ, ਸਿਆਸੀ ਅਤੇ ਨੈਤਿਕ ਹਾਰ ਦਾ ਸੰਕੇਤ ਹੈ, ਜਿਨ੍ਹਾਂ ਨੇ ਚੋਣ ਮੁਹਿੰਮ ਦੌਰਾਨ ਖ਼ੁਦ ਨੂੰ ਦੈਵੀ ਦਰਜਾ ਦਿਤਾ ਸੀ।’’
ਉਨ੍ਹਾਂ ਦਾਅਵਾ ਕੀਤਾ ਕਿ ਇਹ ਫਤਵਾ ਨਾ ਸਿਰਫ ਅਜਿਹੇ ਰਵੱਈਏ ਨੂੰ ਨਕਾਰਦਾ ਹੈ, ਬਲਕਿ ਵੰਡ, ਮਤਭੇਦ ਅਤੇ ਨਫ਼ਰਤ ਦੀ ਸਿਆਸਤ ਨੂੰ ਸਪੱਸ਼ਟ ਤੌਰ ’ਤੇ ਰੱਦ ਕਰਦਾ ਹੈ ਅਤੇ ਨਰਿੰਦਰ ਮੋਦੀ ਦੇ ਸ਼ਾਸਨ ਦੀ ਕਾਰਜਪ੍ਰਣਾਲੀ ਅਤੇ ਸ਼ੈਲੀ ਦੋਹਾਂ ਨੂੰ ਰੱਦ ਕਰਦਾ ਹੈ।
ਸੋਨੀਆ ਗਾਂਧੀ ਨੇ ਕਿਹਾ, ‘‘ਫਿਰ ਵੀ ਪ੍ਰਧਾਨ ਮੰਤਰੀ ਇਸ ਤਰ੍ਹਾਂ ਕੰਮ ਕਰ ਰਹੇ ਹਨ ਜਿਵੇਂ ਕੁੱਝ ਨਹੀਂ ਬਦਲਿਆ ਹੈ। ਉਹ ਆਮ ਸਹਿਮਤੀ ਦੀਆਂ ਕਦਰਾਂ-ਕੀਮਤਾਂ ਬਾਰੇ ਪ੍ਰਚਾਰ ਕਰਦਾ ਹੈ ਪਰ ਟਕਰਾਅ ਨੂੰ ਮਹੱਤਵ ਦਿੰਦਾ ਰਹਿੰਦਾ ਹੈ। ਇਸ ਗੱਲ ਦਾ ਥੋੜ੍ਹਾ ਜਿਹਾ ਵੀ ਸਬੂਤ ਨਹੀਂ ਹੈ ਕਿ ਉਨ੍ਹਾਂ ਨੇ ਚੋਣ ਨਤੀਜਿਆਂ ਨੂੰ ਸਮਝ ਲਿਆ ਹੈ ਜਾਂ ਲੱਖਾਂ ਵੋਟਰਾਂ ਵਲੋਂ ਉਨ੍ਹਾਂ ਨੂੰ ਭੇਜੇ ਗਏ ਸੰਦੇਸ਼ਾਂ ’ਤੇ ਕੋਈ ਵਿਚਾਰ ਕੀਤਾ ਹੈ।’’
ਨੀਟ ਮਾਮਲੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ‘ਇਮਤਿਹਾਨ ਪੇ ਚਰਚਾ’ ਕਰਨ ਵਾਲੇ ਪ੍ਰਧਾਨ ਮੰਤਰੀ ਪੇਪਰ ਲੀਕ ’ਤੇ ਚੁੱਪ ਹਨ, ਜਿਸ ਨੇ ਦੇਸ਼ ਭਰ ਦੇ ਕਈ ਪਰਵਾਰਾਂ ਨੂੰ ਤਬਾਹ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ‘ਇੰਡੀਆ’ ਗਠਜੋੜ ’ਚ ਟਕਰਾਅ ਨਹੀਂ ਚਾਹੁੰਦਾ।
ਉਨ੍ਹਾਂ ਕਿਹਾ ਕਿ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸਹਿਯੋਗ ਦੀ ਪੇਸ਼ਕਸ਼ ਕੀਤੀ ਹੈ। ‘ਇੰਡੀਆ’ ਗਠਜੋੜ ਦੀਆਂ ਭਾਈਵਾਲ ਪਾਰਟੀਆਂ ਦੇ ਨੇਤਾਵਾਂ ਨੇ ਸਪੱਸ਼ਟ ਕਰ ਦਿਤਾ ਹੈ ਕਿ ਉਹ ਸੰਸਦ ਦਾ ਸਾਰਥਕ ਕੰਮਕਾਜ ਅਤੇ ਇਸ ਦੀ ਕਾਰਵਾਈ ਦੇ ਸੰਚਾਲਨ ਵਿਚ ਨਿਰਪੱਖਤਾ ਚਾਹੁੰਦੇ ਹਨ। ਸਾਨੂੰ ਉਮੀਦ ਹੈ ਕਿ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਸਰਕਾਰ ਸਕਾਰਾਤਮਕ ਹੁੰਗਾਰਾ ਦੇਵੇਗੀ।