
ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ।
ਸੋਨੀਪਤ - ਹਰਿਆਣਾ ਦੇ ਸੋਨੀਪਤ ਤੋਂ ਕਤਲ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਪਿਤਾ ਆਪਣੀ ਧੀ ਦੇ ਪ੍ਰੇਮ ਵਿਆਹ ਤੋਂ ਇੰਨਾ ਗੁੱਸੇ ਸੀ ਕਿ ਉਸ ਨੇ ਧੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਲਾਸ਼ ਨੂੰ ਮੇਰਠ ਨੇੜੇ ਗੰਗ ਨਹਿਰ ਵਿਚ ਸੁੱਟ ਦਿੱਤਾ। ਸਖ਼ਤ ਮਿਹਨਤ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ।
ਇਹ ਮਾਮਲਾ ਰਾਏ ਥਾਣਾ ਖੇਤਰ ਦੇ ਪਿੰਡ ਮੁਕੀਮਪੁਰ ਦਾ ਹੈ। ਮੌਤ ਤੋਂ ਪਹਿਲਾਂ, ਲੜਕੀ ਦੀ ਇੱਕ ਵੀਡੀਓ ਸਾਹਮਣੇ ਆਈ, ਜਿਸ ਵਿਚ ਉਸ ਨੇ ਕਿਹਾ ਸੀ ਕਿ ਜੇ ਉਸ ਦੀ ਮੌਤ ਹੁੰਦੀ ਹੈ ਤਾਂ ਉਸ ਦੇ ਪਿਤਾ, ਭਰਾ ਅਤੇ ਉਸ ਦੇ ਦੋਸਤ ਇਸ ਲਈ ਜ਼ਿੰਮੇਵਾਰ ਹੋਣਗੇ। ਇਸ ਮਾਮਲੇ ਵਿਚ ਪੁਲਿਸ ਨੇ ਲੜਕੀ ਦੇ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹੁਣ ਪੁਲਿਸ ਨੇ ਉਸ ਦੀ ਨਿਸ਼ਾਨਦੇਹੀ 'ਤੇ ਗੰਗ ਨਹਿਰ ‘ਚੋਂ ਮ੍ਰਿਤਕ ਦੀ ਲਾਸ਼ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਲੜਕੀ ਦੇ ਪਤੀ ਨੇ ਉਸ ਦੇ ਪਿਤਾ ਵਿਜੇਪਾਲ ਅਤੇ ਰਿਸ਼ਤੇਦਾਰਾਂ ਸਮੇਤ ਚਾਰ ਲੋਕਾਂ ਖ਼ਿਲਾਫ਼ ਅਗਵਾ ਕਰਨ ਦੀ ਰਿਪੋਰਟ ਦਰਜ ਕਰਵਾਈ ਸੀ। ਜਿਸ ਵਿਚ ਉਸ ਨੇ ਕਿਹਾ ਸੀ ਕਿ ਜਨਮਦਿਨ ਮਨਾਉਣ ਦੇ ਬਹਾਨੇ ਉਸ ਨੂੰ ਤੇ ਉਸ ਦੀ ਪਤਨੀ ਨੂੰ ਘਰ ਬੁਲਾਇਆ ਗਿਆ ਸੀ ਅਤੇ ਉਹ ਕੁਝ ਦੂਰੀ 'ਤੇ ਖੜ੍ਹਾ ਹੋ ਗਿਆ ਸੀ। ਇਸ ਤੋਂ ਬਾਅਦ ਥਾਣੇ ਦੇ ਸਾਹਮਣੇ ਹੀ ਉਸ ਦੀ ਪਤਨੀ ਨੂੰ ਅਗਵਾ ਕਰ ਲਿਆ ਗਿਆ।
ਪਿੰਡ ਮੁਕੀਮਪੁਰ ਦੀ ਰਹਿਣ ਵਾਲੀ ਲੜਕੀ ਦਾ ਸਾਲ 2020 ਵਿਚ ਗੁਆਂਢ ਵਿਚ ਰਹਿੰਦੇ ਇਕ ਲੜਕੇ ਨਾਲ ਪ੍ਰੇਮ ਵਿਆਹ ਹੋਇਆ ਸੀ। ਦੋਵਾਂ ਨੇ ਆਪਣੇ ਪਰਿਵਾਰ ਵਾਲਿਆਂ ਖਿਲਾਫ਼ ਜਾ ਕੇ ਘਰੋਂ ਭੱਜ ਕੇ ਵਿਆਹ ਕਰਵਾ ਲਿਆ। ਦੋਵਾਂ ਦਾ ਘਰ ਪਿੰਡ ਵਿਚ ਨੇੜੇ ਹੀ ਸੀ ਅਤੇ ਦੋਵਾਂ ਦਾ ਗੋਤ ਵੀ ਇਕੋ ਹੀ ਸੀ। ਲੜਕੀ ਦੇ ਪਰਿਵਾਰ ਤੋਂ ਇਲਾਵਾ ਰਿਸ਼ਤੇਦਾਰਾਂ ਵਿਚ ਵੀ ਨਾਰਾਜ਼ਗੀ ਸੀ। ਵਿਆਹ ਤੋਂ ਬਾਅਦ ਦੋਵੇਂ ਲੁਕ ਕੇ ਰਹਿ ਰਹੇ ਸਨ।
ਇਹ ਵੀ ਪੜ੍ਹੋ - ਮੋਦੀ ਕੈਬਨਿਟ ਦਾ ਵੱਡਾ ਫ਼ੈਸਲਾ: ਬੈਂਕ ਡੁੱਬਿਆ ਤਾਂ 90 ਦਿਨ ’ਚ ਵਾਪਸ ਮਿਲਣਗੇ ਗਾਹਕਾਂ ਦੇ ਪੈਸੇ
ਵਿਆਹ ਤੋਂ ਨਾਰਾਜ਼ ਚੱਲ ਰਹੇ ਲੜਕੀ ਦੇ ਪਰਿਵਾਰ ਵਾਲਿਆਂ ਨੇ ਦੋਵਾਂ ਨੂੰ ਝੂਠ ਬੋਲਿਆ ਕਿ ਹੁਣ ਉਹ ਇਸ ਵਿਆਹ ਲਈ ਰਾਜ਼ੀ ਹੋ ਗਏ ਹਨ ਅਤੇ ਪੁਰਾਣੀਆਂ ਗੱਲਾਂ ਭੁੱਲ ਕੇ ਦੋਵਾਂ ਨੂੰ ਆਪਣੇ ਘਰ ਆਉਣ ਲਈ ਕਿਹਾ ਸੀ। ਫਿਰ ਦੋਵੇਂ ਸਾਵਧਾਨੀ ਨਾਲ ਪਰਿਵਾਰ ਨਾਲ ਫੋਨ 'ਤੇ ਗੱਲ ਕਰਨ ਲੱਗੇ।
ਲੜਕੀ ਦੇ ਪਿਤਾ ਵਿਜੇਪਾਲ ਨੇ 6 ਜੁਲਾਈ ਨੂੰ ਆਪਣੀ ਧੀ ਨੂੰ ਬੁਲਾਇਆ ਅਤੇ ਕਿਹਾ ਕਿ 7 ਜੁਲਾਈ ਉਸ ਦਾ ਜਨਮਦਿਨ ਹੈ। ਤੁਸੀਂ ਦੋਵੇਂ ਜਨਮਦਿਨ ਮਨਾਉਣ ਲਈ ਘਰ ਆ ਜਾਓ। ਸਾਰੇ ਮਿਲ ਕੇ ਮਿਠਾਈ ਖਾਵਾਂਗੇ ਅਤੇ ਪੁਰਾਣੀਆਂ ਗੱਸਾਂ ਨੂੰ ਭੁੱਲ ਜਾਵਾਂਗੇ ਅਤੇ ਇਕ ਨਵੀਂ ਸ਼ੁਰੂਆਤ ਕਰਾਂਗੇ। ਲੜਕੀ ਦੇ ਪਿਤਾ ਨੇ ਕਿਹਾ ਕਿ ਬੱਚੇ ਅਣਜਾਣੇ ਵਿਚ ਗਲਤੀਆਂ ਕਰਦੇ ਹਨ।
ਦੋਵੇਂ ਵਿਜੇਪਾਲ ਨਾਲ ਸਹਿਮਤ ਹੋ ਗਏ ਅਤੇ ਸਾਵਧਾਨੀ ਨਾਲ ਪਿਤਾ ਨੂੰ ਫੋਨ 'ਤੇ ਦੱਸਿਆ ਕਿ ਉਹ ਰਾਏ ਥਾਣੇ ਦੇ ਸਾਹਮਣੇ ਖੜ੍ਹੇ ਹਨ। ਵਿਜੇਪਾਲ ਨਾਮਜ਼ਦ ਆਰੋਪੀਆਂ ਦੇ ਨਾਲ ਕਾਰ ਵਿਚ ਆਇਆ ਅਤੇ 6 ਜੁਲਾਈ ਦੀ ਦੁਪਹਿਰ ਨੂੰ ਆਪਣੀ ਧੀ ਕਨਿਕਾ ਨੂੰ ਲੈ ਗਿਆ। ਉਸ ਸਮੇਂ ਲੜਕੀ ਦਾ ਪਤੀ ਵੇਦਪ੍ਰਕਾਸ਼ ਕਿਤੇ ਦੂਰ ਖੜ੍ਹਾ ਸੀ।
ਦੋ ਦਿਨ ਬੀਤ ਜਾਣ ਤੋਂ ਬਾਅਦ ਲੜਕੀ ਦੇ ਪਤੀ ਵੇਦਪ੍ਰਕਾਸ਼ ਨੇ ਆਪਣੇ ਸਹੁਰੇ ਨੂੰ ਫੋਨ ਕੀਤਾ ਅਤੇ ਪਤਨੀ ਨਾਲ ਗੱਲ ਕਰਵਾਉਣ ਲਈ ਕਿਹਾ। ਜਵਾਬ ਵਿਚ ਲੜਕੀ ਦੇ ਪਿਤਾ ਨੇ ਕਿਹਾ ਕਿ ਉਹ ਅਜੇ ਸੌਂ ਰਹੀ ਹੈ। ਜਦੋਂ ਅਗਲੇ ਦਿਨ ਉਸ ਨੇ ਦੁਬਾਰਾ ਫੋਨ ਕੀਤਾ, ਤਾਂ ਲੜਕੇ ਨੂੰ ਕਿਹਾ ਗਿਆ ਕਿ ਉਹ ਹੁਣੇ ਹੀ ਆਪਣੀ ਮਾਸੀ ਨਾਲ ਬਾਹਰ ਗਈ ਹੈ। ਦੋ ਦਿਨਾਂ ਬਾਅਦ ਦੁਬਾਰਾ ਬੁਲਾਇਆ ਗਿਆ ਤਾਂ ਵਿਜੇਪਾਲ ਨੇ ਕਿਹਾ ਕਿ ਬੇਟੀ ਆਪਣੀ ਮਾਸੀ ਦੇ ਘਰ ਗਈ ਹੋਈ ਹੈ। ਵੇਦਪ੍ਰਕਾਸ਼ ਨੂੰ ਇਸ ਗੱਲ ‘ਤੇ ਸ਼ੱਕ ਹੋਇਆ ਅਤੇ ਉਸ ਨੇ ਇਸ ਦੀ ਜਾਣਕਾਰੀ ਥਾਣੇ ਵਿਚ ਦਿੱਤੀ।
ਇਹ ਵੀ ਪੜ੍ਹੋ - ਪੀਵੀ ਸਿੰਧੂ ਨੇ ਜਿੱਤ ਵੱਲ ਵਧਾਇਆ ਕਦਮ, ਡੈਨਮਾਰਕ ਦੀ ਮੀਆ ਨੂੰ ਹਰਾ ਕੇ ਕੁਆਰਟਰ ਫਾਈਨਲ ਵਿਚ ਬਣਾਈ ਥਾਂ
ਥਾਣੇ ਵਿਚ ਸ਼ਿਕਾਇਤ ਦਰਜ ਕਰਵਾਉਣ ਦੇ ਬਾਵਜੂਦ ਵੀ ਪੁਲਿਸ ਨੇ ਜਲਦ ਕੋਈ ਕਾਰਵਾਈ ਨਹੀਂ ਕੀਤੀ। ਇਸ ਤੋਂ ਬਾਅਦ 20 ਜੁਲਾਈ ਨੂੰ ਵੇਦਪ੍ਰਕਾਸ਼ ਦੁਬਾਰਾ ਥਾਣੇ ਵਿਚ ਗਿਆ ਅਤੇ ਪੁਲਿਸ ਦੇ ਸਾਹਮਣੇ ਆਪਣੀ ਪਤਨੀ ਦੇ ਕਤਲ ਅਤੇ ਅਗਵਾ ਦੇ ਸ਼ੱਕ ਦਾ ਪ੍ਰਗਟਾਵਾ ਕੀਤਾ। ਇਸ 'ਤੇ ਪੁਲਿਸ ਨੇ ਦੁਬਾਰਾ ਜਾਂਚ ਸ਼ੁਰੂ ਕੀਤੀ। ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਲੜਕੀ ਦੇ ਪਿਤਾ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ, ਆਪਣਾ ਗੁਨਾਹ ਕਬੂਲ ਕਰਦਿਆਂ, ਦੋਸ਼ੀ ਪਿਤਾ ਨੇ ਦੱਸਿਆ ਕਿ 6 ਜੁਲਾਈ ਨੂੰ ਉਸ ਨੇ ਬੇਟੀ ਨੂੰ ਥਾਣੇ ਦੇ ਸਾਹਮਣੇ ਤੋਂ ਅਗਵਾ ਕੀਤਾ ਅਤੇ ਲਾਸ਼ ਮੇਰਠ ਦੇ ਨੇੜੇ ਗੰਗਨਹਰ ਵਿਚ ਸੁੱਟ ਦਿੱਤੀ। ਉਹ ਅਪਣੀ ਧੀ ਨੂੰ ਪਿੰਡ ਨਹੀਂ ਲੈ ਕੇ ਆਇਆ। ਇਸ ਤੋਂ ਇਲਾਵਾ ਦੋਸ਼ੀ ਪਿਤਾ ਨੇ ਦੱਸਿਆ ਕਿ ਉਸ ਨੂੰ ਆਪਣੇ ਕੀਤੇ ਦਾ ਕੋਈ ਪਛਤਾਵਾ ਨਹੀਂ ਹੈ।