ਨਥੂਰਾਮ ਗੌਡਸੇ ਨੇ ਗਾਂਧੀ ਨੂੰ ਕਿਉਂ ਮਾਰਿਆ?
Published : Sep 29, 2018, 8:25 pm IST
Updated : Sep 29, 2018, 8:26 pm IST
SHARE ARTICLE
Nathuram Godse And Mahatma Gandhi
Nathuram Godse And Mahatma Gandhi

ਮਹਾਤਮਾ ਗਾਂਧੀ ਜੀ ਦਾ ਪੂਰਾ ਨਾਮ ਮੋਹਨਦਾਸ ਕਰਮ ਕੁਝ ਗਾਂਧੀ ਹੈ ਅਤੇ ਉਨ੍ਹਾਂ ਦਾ ਜਨਮ 1869 ਵਿਚ ਗੁਜਰਾਤ ਦੇ ਪੋਰਬੰਦਰ ਵਿਚ ਹਿੰਦੂ ਵਪਾਰੀ ਜਾਤੀ ਪਰਵਾਰ ਵਿਚ ਹੋਇਆ ਸੀ...

ਮਹਾਤਮਾ ਗਾਂਧੀ ਜੀ ਦਾ ਪੂਰਾ ਨਾਮ ਮੋਹਨਦਾਸ ਕਰਮ ਕੁਝ ਗਾਂਧੀ ਹੈ ਅਤੇ ਉਨ੍ਹਾਂ ਦਾ ਜਨਮ 1869 ਵਿਚ ਗੁਜਰਾਤ ਦੇ ਪੋਰਬੰਦਰ ਵਿਚ ਹਿੰਦੂ ਵਪਾਰੀ ਜਾਤੀ ਪਰਵਾਰ ਵਿਚ ਹੋਇਆ ਸੀ। ਉਹ ਪੇਸ਼ੇ ਤੋਂ ਵਕੀਲ ਸਨ। ਉਹ ਪੂਰਾ ਜੀਵਨ ਸਾਡੇ ਲਈ ਇਕ ਆਜਾਦ ਭਾਰਤ ਦੇ ਲੜਦੇ ਰਹੇ। ਉਹ ਮਹਾਨ ਰਾਜਨੀਤਕ ਨੇਤਾ ਅਤੇ ਅਜਾਦੀ ਸੈਨਾਪਤੀ ਸਨ। ਉਨ੍ਹਾਂ ਦੇ ਦੁਆਰਾ ਸੱਚ, ਸ਼ਾਂਤੀ ਅਤੇ ਅਹਿੰਸਾ ਦੇ ਰਸਤੇ ਦਾ ਵਰਤੋਂ ਕਰਕੇ ਅਸੀਂ ਆਪਣੇ ਦੇਸ਼ ਨੂੰ ਬ੍ਰਿਟਿਸ਼ ਸ਼ਾਸਨ ਤੋਂ ਅਜ਼ਾਦ ਕਰਣ ਲਈ ਕੀਤੇ ਗਏ ਉਨ੍ਹਾਂ ਦੇ ਸੰਘਰਸ਼ ਅਤੇ ਕੜੀ ਮਿਹਨਤ ਨੂੰ ਕਦੇ ਭੁੱਲਿਆ ਨਹੀਂ ਸੱਕਦੇ ਹਨ।

ਮਹਾਤਮਾ ਗਾਂਧੀ ਜੀ ਨੇ ਬ੍ਰਿਟਿਸ਼ ਹੁਕੂਮਤ ਦੇ ਖਿਲਾਫ “ਸੱਤਿਆਗ੍ਰਿਹ ਅੰਦੋਲਨ” ਦੇ ਰੂਪ ਵਿਚ ਆਪਣੇ ਅਹਿੰਸਕ ਪ੍ਰਤੀਰੋਧ ਕੀਤੇ। ਮਹਾਤਮਾ ਗਾਂਧੀ ਦੁਆਰਾ “ਸੱਤਿਆਗ੍ਰਿਹ ਅੰਦੋਲਨ” ਦੀ ਤਰ੍ਹਾਂ ਕਈ ਹੋਰ ਅੰਦੋਲਨ ਕੀਤੇ ਗਏ ਸਨ, 1942 ਵਿਚ “ਭਾਰਤ ਛੱਡੋ ਅੰਦੋਲਨ” ਜਾਂ “ਭਾਰਤ ਅਗਸਤ ਅੰਦੋਲਨ” ਦੇ ਨਾਲ 1942 ਵਿਚ "ਦਾਂਡੀ ਮਾਰਚ” ਸਨ, ਜੋ ਭਾਰਤ ਨੂੰ ਅੰਗਰੇਜਾਂ ਤੋਂ ਅਜ਼ਾਦ ਕਰਣ ਲਈ ਮਹਾਤਮਾ ਗਾਂਧੀ ਦੇ ਪ੍ਰਮੁੱਖ ਹਥਿਆਰ ਸਨ। ਇਹਨਾਂ ਗਤੀਵਿਧੀਆਂ ਦੇ ਕਾਰਨ, ਉਨ੍ਹਾਂ ਨੂੰ ਕਈ ਵਾਰ ਗ੍ਰਿਫ਼ਤਾਰ ਵੀ ਕਰ ਲਿਆ ਗਿਆ। ਅੰਤ ਵਿਚ 15 ਅਗਸਤ 1947 ਨੂੰ ਭਾਰਤ ਨੂੰ ਬ੍ਰਿਟਿਸ਼ ਸਾਮਰਾਜ ਤੋਂ ਆਜ਼ਾਦੀ ਮਿਲੀ।

ਮਹਾਤਮਾ ਗਾਂਧੀ ਭਾਰਤ ਦੇ ਰਾਸ਼ਟਰਪਿਤਾ ਅਤੇ ਭਾਰਤ ਦੇ ਆਜ਼ਾਦੀ ਸੰਘਰਸ਼ ਦੇ ਸੂਤਰਧਾਰ ਕਹਲਾਏ। ਇਕ ਸਧਾਰਣ ਵਿਅਕਤੀ ਕਿੰਨਾ ਗ਼ੈਰ-ਮਾਮੂਲੀ ਹੋ ਸਕਦਾ ਹੈ ਇਸ ਦਾ ਪ੍ਰਮਾਣ ਹੈ ਮਹਾਤਮਾ ਗਾਂਧੀ। ਗਾਂਧੀ ਆਜੀਵਨ ਸੱਚ ਅਤੇ ਅਹਿੰਸਾ ਦੇ ਰਸਤੇ ਉੱਤੇ ਚਲੇ। ਉਨ੍ਹਾਂ ਦੇ ਇਸ ਸਿੱਧਾਂਤ ਨੂੰ ਪੂਰੀ ਦੁਨੀਆ ਨੇ ਅਪਨਾਇਆ ਹੈ। ਇਹੀ ਵਜ੍ਹਾ ਹੈ ਕਿ ਉਨ੍ਹਾਂ ਦਾ ਜਨਮਦਿਨ ਅੰਤਰਰਾਸ਼ਟਰੀ ਅਹਿੰਸਾ ਦਿਨ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਇਹ ਭਾਰਤ ਅਤੇ ਭਾਰਤੀ ਆਜ਼ਾਦੀ ਅੰਦੋਲਨ ਦੇ ਇਕ ਪ੍ਰਮੁੱਖ ਰਾਜਨੀਤਕ ਅਤੇ ਆਤਮਕ ਨੇਤਾ ਸਨ।

ਇਹ ਸੱਤਿਆਗ੍ਰਿਹ ਦੇ ਮਾਧਿਅਮ ਨਾਲ ਜ਼ੁਲਮ ਦੇ ਪ੍ਰਤੀਕਾਰ ਦੇ ਆਗੂ ਨੇਤਾ ਸਨ। ਉਨ੍ਹਾਂ ਦੀ ਇਸ ਅਵਧਾਰਣਾ ਦੀ ਨੀਂਹ ਸੰਪੂਰਣ ਅਹਿੰਸਾ ਦੇ ਸਿਧਾਂਤ ਉੱਤੇ ਰੱਖੀ ਗਈ ਸੀ ਜਿਸ ਨੇ ਭਾਰਤ ਨੂੰ ਆਜ਼ਾਦੀ ਦਿਵਾ ਕੇ ਪੂਰੀ ਦੁਨੀਆ ਵਿਚ ਜਨਤਾ ਦੇ ਨਾਗਰਿਕ ਅਧਿਕਾਰਾਂ ਅਤੇ ਸਵਤੰਤਰਤਾ ਦੇ ਪ੍ਰਤੀ ਅੰਦੋਲਨ ਲਈ ਪ੍ਰੇਰਿਤ ਕੀਤਾ। ਹਰ ਸਾਲ 2 ਅਕਤੂਬਰ ਨੂੰ ਉਨ੍ਹਾਂ ਦਾ ਜਨਮ ਦਿਨ ਭਾਰਤ ਵਿਚ ਗਾਂਧੀ ਜੈਯੰਤੀ ਦੇ ਰੂਪ ਵਿਚ ਅਤੇ ਪੂਰੇ ਸੰਸਾਰ ਵਿਚ ਅੰਤਰਾਸ਼ਟਰੀ ਅਹਿੰਸਾ ਦਿਨ ਦੇ ਨਾਮ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਦਾ ਜੀਵਨ ਆਪਣੇ ਆਪ ਵਿਚ ਇਕ ਪ੍ਰੇਰਨਾ ਹੈ।

ਗਾਂਧੀ ਦੇ ਜੀਵਨ ਤੋਂ ਸਾਨੂੰ ਬਹੁਤ ਕੁੱਝ ਸਿਖਣ ਦੀ ਜ਼ਰੂਰਤ ਹੈ, ਉਨ੍ਹਾਂ ਨੇ ਆਪਣੀ ਜਿੰਦਗੀ ਵਿਚ ਹਰ ਕਦਮ ਉੱਤੇ ਅਨਮੋਲ ਵਚਨ ਦਿੱਤੇ। ਗਾਂਧੀ ਦੇ ਅਨੁਸਾਰ, ਆਜ਼ਾਦੀ ਪ੍ਰਾਪਤ ਕਰਣ ਲਈ ਸੱਚਾਈ ਅਤੇ ਅਹਿੰਸਾ ਨੂੰ ਹੀ ਇਕ-ਮਾਤਰ ਸਾਧਨ ਮੰਨਦੇ ਸਨ। ਉਹ ਕਈ ਵਾਰ ਜੇਲ੍ਹ ਵੀ ਗਏ। ਮਹਾਤਮਾ ਗਾਂਧੀ ਹਮੇਸ਼ਾ ਸਾਮਾਜਕ ਅਸਮਾਨਤਾ ਅਤੇ ਅਸਪ੍ਰਸ਼ਿਅਤਾ ਦੇ ਖਿਲਾਫ ਵਿਸ਼ਵਾਸ ਕਰਦੇ ਸਨ। ਦੁਨੀਆ ਭਰ ਵਿਚ ਵਿਅਕਤੀ ਜਾਗਰੂਕਤਾ ਫੈਲਾਉਣ ਲਈ ਕਈ ਅਭਿਆਨ ਚਲਾਏ ਜਾਂਦੇ ਹਨ।

ਸਾਰੀਆਂ ਗਤੀਵਿਧੀਆਂ ਵਿਚ  ਰਾਜ ਘਾਟ ਅਤੇ ਨਵੀਂ ਦਿੱਲੀ ਵਿਚ ਸਰਕਾਰੀ ਅਧਿਕਾਰੀਆਂ ਦੁਆਰਾ ਸ਼ਰਧਾਂਜ਼ਲੀ ਦਿਤੀ ਜਾਂਦੀ ਹੈ ਇਸ ਤੋਂ ਆਲਾਵਾ ਅਰਦਾਸ ਸਭਾਵਾਂ ਅਤੇ ਸਮਾਰਕ ਸਮਾਰੋਹ ਵੀ ਆਯੋਜਿਤ ਕੀਤੇ ਜਾਂਦੇ ਹਨ। ਇਤਿਹਾਸ ਵਿਚ ਮੁੱਢ ਕਦੀਮ ਤੋਂ ਇਕ ਤੱਥ ਹਮੇਸ਼ਾ ਭਾਰੂ ਰਿਹਾ ਹੈ ਕਿ ਜਿਸ ਧਿਰ ਦੇ ਹੱਥ 'ਚ ਤਾਕਤ ਦੀ ਡੋਰ ਆਈ ਤਾਂ ਇਸ ਤਾਕਤ ਦੇ ਬਲਵਾਨ ਨਸ਼ੇ ਨੇ ਤਾਕਤਵਰ ਨੂੰ ਕੁਰਾਹੇ ਪਾਉਂਦਿਆਂ ਉਹ ਕੰਮ ਕਰਵਾਏ ਜਿਸ ਨੂੰ ਦੁਨੀਆ ਦੇ ਇਤਿਹਾਸ 'ਚ ਕਾਲੇ ਕਾਰਨਾਮਿਆਂ ਨਾਲ ਯਾਦ ਕੀਤਾ ਜਾਂਦਾ ਹੈ। ਮਿਸਾਲ ਵਜੋਂ ਨਪੋਲੀਅਨ, ਸਿਕੰਦਰ, ਬਾਬਰ, ਜਹਾਂਗੀਰ, ਔਰੰਗਜ਼ੇਬ, ਮਨੂ, ਗ਼ਜ਼ਨਵੀ, ਓਡ ਵਾਇਰ, ਹਿਟਲਰ,

ਇੰਦਰਾ ਗਾਂਧੀ, ਕੇ. ਪੀ. ਐਸ. ਗਿੱਲ, ਰੇਬੈਰੋ, ਜਰਨਲ ਵੈਦਿਆ, ਬਿਅੰਤ ਸਿੰਘ ਆਦਿ ਕਈ ਅਜਿਹੇ ਕਿਰਦਾਰ ਹਨ, ਜਿਨ੍ਹਾਂ ਦੀ ਪ੍ਰਤੀਕਿਰਿਆ ਵਜੋਂ ਬਾਗੀ ਸੁਰ ਜਨਮ ਲੈਂਦੀ ਰਹੀ ਹੈ। ਇਹ ਵੱਖਰੀ ਗੱਲ ਹੈ ਕਿ ਕਈਆਂ ਨੇ ਬੁਰਛਾਗਰਦੀ ਦਾ ਇਹ ਕਾਰਨਾਮਾ ਰਾਜਨੀਤੀ ਜਾਂ ਹਕੂਮਤ ਦਾ ਬਾਣਾ ਪਾ ਕੇ ਕੀਤਾ ਹੈ ਤੇ ਕਈਆਂ ਨੇ ਧਰਮੀ ਬਾਣਾ ਪਾ ਕੇ ਅਜਿਹੀਆਂ ਖ਼ਰਮਸਤੀਆਂ ਕੀਤੀਆਂ ਕਿ ਜਿਸ ਦੇ ਪ੍ਰਯੋਗੀ ਤਜਰਬੇ 'ਚੋਂ ਅਜਿਹੇ ਨਾਸੂਰ ਦਾ ਲਾਵਾ ਵਗਿਆ, ਜਿਸ ਦੇ ਸੇਕ ਨੇ ਚਟਾਨਾਂ ਵਰਗੇ ਘੜੰਮ ਚੌਧਰੀਆਂ ਨੂੰ ਪਾਣੀਓਂ ਪਤਲੇ ਬਣਾ ਦਿੱਤਾ ਤੇ ਦੁਨੀਆ ਭਰ ਨੇ ਹਸ਼ਰ ਦਾ ਨਜ਼ਾਰਾ ਤੱਕਿਆ।

ਭਾਰਤ ਦੀ ਅਖੌਤੀ ਆਜ਼ਾਦੀ ਦੇ ਸ਼ਾਂਤਮਈ ਸੁਭਾਅ ਦੇ ਹੀਰੋ ਮੰਨੇ ਜਾਣ ਵਾਲੇ ਨੂੰ ਮੋਹਨ ਦਾਸ ਕਰਮ ਚੰਦ ਗਾਂਧੀ ਦੇ ਨਾਮ ਨਾਲ ਪੁਕਾਰਿਆ ਜਾਂਦਾ ਹੈ। ਮੋਹਨ ਦਾਸ ਉਨ੍ਹਾਂ ਦਾ ਨਾਮ ਸੀ, ਕਰਮ ਚੰਦ ਉਨ੍ਹਾਂ ਦੇ ਪਿਤਾ ਦਾ ਨਾਮ ਸੀ ਤੇ ਗਾਂਧੀ ਉਨ੍ਹਾਂ ਦਾ ਵੰਸ਼ਜ ਗੋਤ ਸੀ। ਮਹਾਤਮਾ ਗਾਂਧੀ ਦਾ ਜਨਮ 2 ਅਕਤੂਬਰ 1869 ਈਸਵੀ ਨੂੰ ਹੋਇਆ ਅਤੇ ਮੌਤ 30 ਜਨਵਰੀ 1948 ਦੀ ਸ਼ਾਮ 5: 00 ਵਜੇ ਦੇ ਕਰੀਬ ਦਿੱਲੀ ਦੇ ਰਾਜਘਾਟ ਵਿਖੇ ਪ੍ਰਾਰਥਨਾ ਸਭਾ ਵਿਚ ਨਥੂਰਾਮ ਗੋਡਸੇ ਦੁਆਰਾ ਗੋਲ਼ੀ ਮਾਰਨ ਨਾਲ ਹੋਈ ਸੀ।

ਕਹਿੰਦੇ ਹਨ ਕਿ ਚਿਹਰਾ ਤਾਂ ਉਹੀ ਹੁੰਦਾ ਹੈ ਜੇਕਰ ਉਸ ਦੀ ਪ੍ਰਸ਼ੰਸਾ ਕੀਤੀ ਜਾਵੇ ਤਾਂ ਉਹ ਸਾਊ ਲੱਗਣ ਲਗਦਾ ਹੈ ਪਰ ਇਹ ਨਹੀਂ ਭੁਲਣਾ ਚਾਹੀਦਾ ਕਿ ਗੁਲਾਬ ਦਾ ਨਾਮ ਜੇਕਰ ਹੋਰ ਵੀ ਹੁੰਦਾ ਤਾਂ ਉਸ ਦੇ ਗੁਣ ਬਦਲ ਜਾਣੇ ਸਨ। ਬਿਲਕੁਲ ਠੀਕ ਅਜਿਹਾ ਹੀ ਮਹਾਤਮਾ ਗਾਂਧੀ ਬਾਰੇ ਹੋਇਆ ਹੈ, ਜਿਸ ਨੂੰ ਆਜ਼ਾਦੀ ਇਤਿਹਾਸ ਅੰਦਰ ਤੇ ਆਜ਼ਾਦੀ ਉਪਰੰਤ ਸਮੁੱਚੀ ਸਕੂਲੀ ਤੇ ਉਚ ਸਿੱਖਿਆ ਦੇ ਖੇਤਰ 'ਚ ਤਸਵੀਰ ਦਾ ਇਕ ਹੀ ਪਾਸਾ ਦਿਖਾਇਆ ਗਿਆ ਹੈ ਤੇ ਮਹਾਤਮਾ ਗਾਂਧੀ ਦੇ ਕਾਰਨਾਮਿਆਂ 'ਚੋਂ ਉਪਜੀ ਵਿਰੋਧੀ ਧਿਰ ਭਾਵ ਨਥੂਰਾਮ ਗੌਡਸੇ ਤੇ ਉਸ ਦੇ ਸਾਥੀਆਂ ਨੂੰ ਕਾਨੂੰਨ ਦੀ ਬੇੜੀ 'ਤੇ ਸਵਾਰ ਹੋ ਕੇ ਏਨਾ ਭੰਡਿਆ ਕਿ

ਹਤਿਆਰਿਆਂ ਦਾ ਖ਼ਿਤਾਬ ਦਿਵਾ ਦਿੱਤਾ ਪਰ ਅਸਲੀਅਤ ਕੁੱਝ ਹੋਰ ਹੈ। ਨਥੂਰਾਮ ਗੌਡਸੇ, ਜਿਸ ਦਾ ਪੂਰਾ ਨਾਮ ਨਥੂਰਾਮ ਵਿਨਾਇਕ ਗੌਡਸੇ ਹੈ ਅਤੇ ਸਮੇਤ ਉਸ ਦੇ ਸਾਥੀਆਂ 'ਤੇ ਗਾਂਧੀ ਕਤਲ ਸਬੰਧੀ ਮੁਕੱਦਮਾ ਚਲਾਉਣ ਲਈ ਆਤਮਾ ਚਰਣ ਅਗਰਵਾਲ ਆਈ ਸੀ ਐਸ ਦੀ ਅਗਵਾਈ ਹੇਠ ਲਾਲ ਕਿਲ੍ਹਾ ਦਿੱਲੀ ਵਿਖੇ ਇਕ ਖ਼ਾਸ ਅਦਾਲਤ ਕਾਇਮ ਕੀਤੀ ਗਈ ਸੀ। ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਇਹ ਅਜਿਹਾ ਤੀਜਾ ਇਤਿਹਾਸਕ ਮੁਕੱਦਮਾ ਸੀ, ਜਿਸ ਦੀ ਸੁਣਵਾਈ ਇਥੇ ਹੋਈ ਸੀ।
ਪਹਿਲਾ ਮੁਕੱਦਮਾ ਬਹਾਦਰਸ਼ਾਹ ਜਫ਼ਰ ਤੇ ਉਸਦੇ ਸਾਥੀ ਮੁਲਜ਼ਮਾ ਦਾ ਸੀ,

ਜਿਨ੍ਹਾਂ ਨੇ 1857 ਈ: ਦੇ ਵਿਦਰੋਹ 'ਚ ਅੰਗਰੇਜ਼ਾਂ ਵਿਰੁੱਧ ਜੰਗ-ਏ-ਆਜ਼ਾਦੀ ਦਾ ਬਿਗਲ ਵਜਾਇਆ ਸੀ। ਦੂਜਾ ਮੁਕੱਦਮਾ 1945 ਦਾ ਸੀ, ਇਹ ਉਹ ਸਮਾਂ ਸੀ ਜਦੋਂ ਕਿ ‘ਇੰਡੀਅਨ ਨੈਸ਼ਨਲ ਆਰਮੀ’ ਦੇ ਅਫ਼ਸਰਾਂ, (ਜਿਨ੍ਹਾਂ ਦੇ ਨੇਤਾ ਕਿਸੇ ਸਮੇਂ ਸੁਭਾਸ਼ ਚੰਦਰ ਬੋਸ ਰਹਿ ਚੁੱਕੇ ਸਨ), ਦੇ ਵਿਰੁੱਧ ਦੂਜੇ ਵਿਸ਼ਵ ਯੁੱਧ ਦੌਰਾਨ ਇਹ ਦੋਸ਼ ਲਗਾਇਆ ਗਿਆ ਸੀ ਕਿ ਉਨ੍ਹਾਂ ਨੇ ਬਰਤਾਨਵੀ ਰਾਜ ਵਿਰੁੱਧ ਬਗਾਵਤ ਕੀਤੀ ਸੀ ਤੇ ਤੀਜਾ ਮੁਕੱਦਮਾ ਗਾਂਧੀ ਕਤਲ ਨਾਲ ਸਬੰਧਿਤ ਸੀ।
ਵੱਖੋ ਵੱਖਰੀਆਂ ਧਾਰਾਵਾਂ ਅਧੀਨ ਗਾਂਧੀ ਕਤਲ ਵਿਚ 12 ਬੰਦੇ ਮੁਲਜ਼ਮ ਸਨ, ਜਿਨ੍ਹਾਂ ਵਿਚੋਂ 3 ਬੰਦੇ ਭਗੌੜੇ ਸਨ।

27 ਮਈ 1948 ਨੂੰ ਜੱਜ ਸ੍ਰੀ ਆਤਮਾ ਚਰਣ ਦੇ ਸਾਹਮਣੇ ਪੇਸ਼ ਕੀਤੇ ਗਏ 9 ਬੰਦਿਆਂ ਦੇ ਨਾਮ ਇਸ ਤਰ੍ਹਾਂ ਸਨ:
1. ਨਥੂਰਾਮ ਵਿਨਾਇਕ ਗੌਡਸੇ, ਉਮਰ 37 ਸਾਲ, ਵਾਸੀ ਪੂਨੇ।
2. ਨਾਰਾਇਣ ਦੱਤਾਤ੍ਰੇਅ ਆਪਟੇ, ਉਮਰ 34 ਸਾਲ, ਵਾਸੀ ਪੂਨੇ।
3. ਵਿਸ਼ਣੂ ਰਾਮ ਕਰਕਰੇ, 37 ਸਾਲ, ਵਾਸੀ ਅਹਿਮਦ ਨਗਰ।

4. ਮਦਨ ਲਾਲ ਕਸ਼ਮੀਰੀ ਲਾਲ ਪਾਹਵਾ, 20 ਸਾਲ ਵਾਸੀ ਬੰਬਈ, ਜੋ ਮੂਲ ਰੂਪ ਵਿੱਚ ਪਾਕਿਸਤਾਨ ਜ਼ਿਲ੍ਹਾ ਮਿੰਟਗੁਮਰੀ ਦਾ ਵਾਸੀ ਪੰਜਾਬੀ ਸੀ।
5. ਸ਼ੰਕਰ ਕਿਸਤੇਅ, ਉਮਰ 20 ਸਾਲ, ਵਾਸੀ ਸ਼ੋਲਾਪੁਰ।
6. ਗੋਪਾਲ ਵਿਨਾਇਕ ਗੌਡਸੇ, ਉਮਰ 27 ਸਾਲ, ਵਾਸੀ ਪੂਨੇ, ਨਥੂਰਾਮ ਵਿਨਾਇਕ ਗੌਡਸੇ ਦਾ ਛੋਟਾ ਭਰਾ।
7. ਦਿਗੰਬਰ ਬੜਗੇ, ਉਮਰ 40 ਸਾਲ, ਵਾਸੀ ਪੂਨੇ।

8. ਵਿਨਾਇਕ ਦਾਮੋਦਰ ਸਾਵਰਕਰ, ਉਮਰ 66 ਸਾਲ, ਵਾਸੀ ਬੰਬਈ।
9. ਦੱਤਾਤ੍ਰੇਅ ਸਦਾਸ਼ਿਵ ਪਰਚੂਰੇ, ਉਮਰ 47 ਸਾਲ, ਵਾਸੀ ਗਵਾਲੀਅਰ।
ਤਿੰਨ ਭਗੌੜਿਆਂ ਦੇ ਨਾਮ ਸਨ:
1. ਗੰਗਾਧਰ ਦਡਵਤੇ

2. ਗੰਗਾਧਰ ਯਾਦਵ
3. ਸੂਰਿਆ ਦੇਵ ਸ਼ਰਮਾ
ਇਹ ਤਿੰਨੇ ਗਵਾਲੀਅਰ ਦੇ ਵਸਨੀਕ ਸਨ।
ਸਜ਼ਾਵਾਂ: ਗਾਂਧੀ ਕਤਲ ਮੁਕੱਦਮਾ ਚੱਲਣ ਦੌਰਾਨ ਸਰਕਾਰੀ ਧਿਰ ਨੇ 149 ਗਵਾਹ ਭੁਗਤਾਏ।

ਗਾਂਧੀ ਕਤਲ ਤੋਂ ਪੂਰੇ ਇੱਕ ਸਾਲ ਬਾਅਦ ਸੁਣਵਾਈ ਖ਼ਤਮ ਹੋਈ ਅਤੇ ਫ਼ੈਸਲਾ ਰਾਖਵਾਂ ਕਰ ਦਿੱਤਾ ਗਿਆ। ਇਹ ਫ਼ੈਸਲਾ 10 ਫ਼ਰਵਰੀ 1949 ਨੂੰ ਸੁਣਾਇਆ ਗਿਆ। ਵੀਰ ਸਾਵਰਕਰ ਬਰੀ ਹੋ ਗਿਆ। ਦਿਗੰਬਰ ਬੜਗੇ ਨੂੰ ਮੁਆਫ਼ ਕਰਕੇ ਉਸ ਨੂੰ ਹੋਰ ਮੁਲਜ਼ਮਾ ਨਾਲ ਦੇਸ਼ ਨਿਕਾਲਾ ਦਿੱਤਾ ਗਿਆ। ਵਿਸ਼ਨੂੰ ਕਰਕਰੇ, ਮਦਨ ਲਾਲ ਪਾਹਵਾ, ਗੋਪਾਲ ਗੌਡਸੇ, ਸ਼ੰਕਰ ਲਾਲ ਕਿਸਤੇਅ ਤੇ ਡਾ. ਪਰਚੂਰੇ ਸਾਰਿਆਂ ਨੂੰ ਵਿਅਕਤੀਗਤ ਨਜ਼ਰਬੰਦੀ ਤੇ ਉਮਰ ਭਰ ਲਈ ਦੇਸ਼ ਨਿਕਾਲਾ ਦਿਤਾ ਗਿਆ। ਨਥੂਰਾਮ ਵਿਨਾਇਕ ਗੌਡਸੇ ਤੇ ਨਾਨਾ ਨਾਰਾਇਣ ਆਪਟੇ ਨੂੰ ਸੂਲੀ `ਤੇ ਲਟਕਾਏ ਜਾਣ ਭਾਵ ਫਾਂਸੀ ਦੀ ਸਜ਼ਾ ਸੁਣਾਈ ਗਈ।

ਜਿਉਂ ਹੀ ਸਜ਼ਾਵਾਂ ਸੁਣਾਈਆਂ ਗਈਆਂ, ਭਰੀ ਹੋਈ ਅਦਾਲਤ ਦਾ ਕਮਰਾ ਮੁਜ਼ਾਹਰਿਆਂ ਦੇ ਇਕਦਮ ਤੇ ਗਰਜਵੇਂ ਨਾਅਰਿਆਂ ਨਾਲ ਗੂੰਜ ਉਠਿਆ, “ਅਖੰਡ ਭਾਰਤ ਅਮਰ ਰਹੇ”, “ਵੰਦੇ ਮਾਤਰਮ”, ਅਜਿਹੇ ਨਾਅਰੇ ਗੂੰਜ ਉਠੇ। ਇਕ ਤਰ੍ਹਾਂ ਦੀ ਲੋਕਤੰਤਰੀ ਮਰਿਯਾਦਾ ਵਾਲੀ ਸਰਕਾਰ ਦੇ ਹੁੰਦਿਆਂ ਵੀ ਮਹਾਤਮਾ ਗਾਂਧੀ ਸਰਵ ਉਚ ਅਧਿਕਾਰ ਹੰਢਾਉਂਦੇ ਰਹੇ ਅਤੇ ਇਹ ਅਧਿਕਾਰ ਮਹਾਤਮਾ ਗਾਂਧੀ ਦੀ ਮੌਤ ਉਪਰੰਤ ਉਹਨਾਂ ਦੇ ਕਤਲ ਦੇ ਮੁਕੱਦਮੇ ਤੋਂ ਲੈ ਕੇ ਦੋਸ਼ੀਆਂ ਦੇ ਸਜ਼ਾ ਭੁਗਤਣ ਤੱਕ ਜਾਰੀ ਰਿਹਾ। ਦੱਸਣਯੋਗ ਹੈ ਕਿ ਵਿਸ਼ੇਸ਼ ਅਦਾਲਤ ਦੇ ਗਠਨ ਤੋਂ ਪਹਿਲਾਂ ਹੀ ਇੱਕ ਵਿਸ਼ੇਸ਼ ਕਾਨੂੰਨ ਭਾਵ ਬੰਬੇ ਪਬਲਿਕ ਸਕਿਊਰਿਟੀ ਮਈਅਰ ਐਕਟ ਦਾ

ਘੇਰਾ ਦਿੱਲੀ ਤੱਕ ਵਧਾ ਦਿੱਤਾ ਗਿਆ ਅਤੇ ਇਸ ਕਨੂੰਨ ਨੂੰ ਮੁਲਜ਼ਮਾਂ ਦੇ ਵਿਰੁੱਧ ਬੀਤ ਚੁੱਕੇ ਕੁੱਝ ਸਮੇਂ ਤੋਂ ਲਾਗੂ ਕਰ ਦਿਤਾ ਗਿਆ। ਇਸ ਕਾਨੂੰਨ ਦੀਆਂ ਵਿਸ਼ੇਸ਼ ਮੱਦਾਂ ਅਨੁਸਾਰ ਲੋਕਾਂ ਸਬੰਧੀ ਸਮਾਨਤਾ ਅਤੇ ਨਿਹਿਤ ਅਧਿਕਾਰਾਂ ਤੋਂ ਸਰਕਾਰ ਇਨਕਾਰੀ ਹੋ ਗਈ ਸੀ। ਉਸ ਸਮੇਂ ਭਾਰਤ ਦੀ ਸਰਵ ਉਚ ਅਦਾਲਤ ਅਜੇ ਤੱਕ ਸਥਾਪਤ ਨਹੀਂ ਸੀ ਹੋਈ। ਬਾਅਦ ਵਿਚ ਇਸ ਅਦਾਲਤ ਨੇ ਇਸ ਵਿਸ਼ੇਸ਼ ਨਿਯਮ ਨੂੰ ਨਕਾਰਾ ਕਰਾਰ ਕਰ ਦਿਤਾ ਸੀ ਕਿਉਂਕਿ ਕਾਨੂੰਨ ਨੂੰ ਗੁਜ਼ਰੇ ਸਮੇਂ ਤੋਂ ਲਾਗੂ ਕਰਨ ਦਾ ਅਧਿਕਾਰ ਪ੍ਰਾਪਤ ਨਹੀਂ ਸੀ, ਜਿਸ ਕਾਰਨ ਅਪਰਾਧੀਆਂ ਨੂੰ ਹਰ ਤਰ੍ਹਾਂ ਦੇ ਅਧਿਕਾਰ ਤੋਂ ਵਾਂਝਿਆਂ ਹੋਣਾ ਪਿਆ।

ਇਸ ਨਵੇਂ ਵਿਸ਼ੇਸ਼ ਕਾਨੂੰਨ ਦੇ ਨੁਕਤੇ ਤੋਂ ਮੌਤ ਦੀ ਸਜ਼ਾ ਨੂੰ ਹਾਈਕੋਰਟ ਪਾਸੋਂ ਪੁਸ਼ਟੀ ਪ੍ਰਾਪਤ ਕਰਨ ਦੀ ਲੋੜ ਨਹੀਂ ਸੀ ਪੈਂਦੀ ਜਦੋਂ ਕਿ ਆਮ ਤੌਰ ਉਪਰ ਹੋਰਾਂ ਮੁਕੱਦਮਿਆਂ ਵਿੱਚ ਇਸ ਗੱਲ ਦੀ ਜ਼ਰੂਰਤ ਹੁੰਦੀ ਹੈ। ਸਧਾਰਨ ਤੌਰ `ਤੇ ਹੋਣ ਵਾਲੇ ਫੈਸਲਿਆਂ ਸਬੰਧੀ ਅਪੀਲ ਕਰਨ ਦੀ ਖ਼ਾਤਿਰ 60 ਜਾਂ 90 ਦਿਨ ਦਿੱਤੇ ਜਾਂਦੇ ਹਨ, ਪਰ ਇਥੇ ਸਿਰਫ 15 ਦਿਨ ਹੀ ਦਿੱਤੇ ਗਏ। ਫ਼ਰਿਆਦ :ਉਪਰੰਤ ਸਾਰੇ 7 ਮੁਜ਼ਰਿਮਾਂ ਨੇ ਜੇਲ੍ਹ ਅਧਿਕਾਰੀਆਂ ਰਾਹੀਂ ਪੰਜਾਬ ਹਾਈ-ਕੋਰਟ ਨੂੰ ਸੁਣਵਾਈ ਦੇ ਕਾਗ਼ਜ਼ਾਤ ਪੇਸ਼ ਕੀਤੇ।

ਇਸ ਤੋਂ ਪਹਿਲਾਂ ਪੰਜਾਬ ਦੀ ਹਾਈ-ਕੋਰਟ ਵੰਡ ਤੋਂ ਪਹਿਲਾਂ ਲਾਹੌਰ ਹੋਇਆ ਕਰਦੀ ਸੀ ਪਰ ਵੰਡ ਹੋਣ ਕਾਰਨ ਉਹ ਸ਼ਰਣਾਰਥੀ ਹੋ ਚੁੱਕੀ ਸੀ ਤੇ ਸ਼ਿਮਲੇ ਵਿਖੇ ਹਾਈ-ਕੋਰਟ ਬਣਾਈ ਗਈ ਸੀ। ਨਥੂਰਾਮ ਉਸ `ਤੇ ਲੱਗੇ ਸਾਜਿਸ਼ ਅਤੇ ਹੋਰ ਮਨਘੜਤ ਦੋਸ਼ਾਂ ਦੇ ਵਿਰੁੱਧ ਅਪੀਲ ਕਰਨ ਦੀ ਗੱਲ ਨੂੰ ਪਹਿਲ ਦੇਣ ਦੇ ਹੱਕ ਵਿੱਚ ਸੀ ਅਤੇ ਆਪਣੀ ਮੌਤ ਦੀ ਸਜ਼ਾ ਦੀ ਖ਼ਾਤਿਰ ਅਪੀਲ ਨਹੀਂ ਸੀ ਕਰਨਾ ਚਾਹੁੰਦਾ। ਉਸ ਨੇ ਅਦਾਲਤ ਪ੍ਰਤੀ ਬੇਨਤੀ ਕੀਤੀ ਕਿ ਮੈਂ ਆਪਣਾ ਕੇਸ ਖ਼ੁਦ ਲੜਾਂਗਾ ਅਤੇ ਅਦਾਲਤ ਨੇ ਇਹ ਗੱਲ ਮੰਨ ਲਈ। ਉਸ ਸਮੇਂ ਤੱਕ ਸਾਰੇ ਦੋਸ਼ੀ ਵਿਸ਼ੇਸ਼ ਜੇਲ੍ਹ ਲਾਲ ਕਿਲ੍ਹਾ ਦਿੱਲੀ ਤੋਂ ਅੰਬਾਲਾ ਜੇਲ੍ਹ ਭੇਜੇ ਜਾ ਚੁੱਕੇ ਸਨ।

ਨਥੂਰਾਮ ਨੂੰ ਸ਼ਿਮਲੇ ਲਿਆਂਦਾ ਗਿਆ, ਜਿਥੇ ਕਿ ਉਸ ਨੂੰ ਇੱਕ ਖ਼ਾਸ ਜੇਲ੍ਹ `ਚ ਬੰਦ ਕੀਤਾ ਗਿਆ। ਦੂਜੇ ਦੋਸ਼ੀਆਂ ਦੀ ਪ੍ਰਤੀਨਿਧਤਾ ਉਨ੍ਹਾਂ ਦੇ ਵਕੀਲਾਂ ਨੇ ਕੀਤੀ ਸੀ। ਫਾਂਸੀ:ਸੁਣਵਾਈ ਸੁਣਨ ਲਈ ਜਸਟਿਸ ਭੰਡਾਰੀ, ਅੱਛਰੂ ਰਾਮ ਅਤੇ ਜੇ. ਜੇ. ਖੋਸਲਾ ਨੇ ਮਈ ਅਤੇ ਜੂਨ 1949 ਨੂੰ ਅਪੀਲਾਂ ਸੁਣੀਆਂ। ਉਨ੍ਹਾਂ ਨੇ ਆਪਣਾ ਫ਼ੈਸਲਾ 22 ਜੂਨ 1949 ਨੂੰ ਸੁਣਾਇਆ। ਜੱਜਾਂ ਨੇ ਸ਼ੰਕਰ ਕਿਸਤੇਅ ਅਤੇ ਡਾ. ਪਰਚੂਰੇ ਨੂੰ ਨਿਰਦੋਸ਼ ਦਸਦਿਆਂ ਹੋਇਆਂ ਬਰੀ ਕਰ ਦਿੱਤਾ। ਵਿਸ਼ਨੂੰ ਕਰਕਰੇ, ਗੋਪਾਲ ਗੌਡਸੇ ਅਤੇ ਮਦਨ ਲਾਲ ਪਾਹਵਾ ਦੀ ਸਜ਼ਾ ਨੂੰ ਉਮਰ ਕੈਦ `ਚ ਬਦਲ ਕੇ ਪੁਨਰ ਨਿਰਧਾਰਤ ਕਰ ਦਿੱਤਾ।

ਜੱਜਾਂ ਦੇ ਬੈਂਚ ਵੱਲੋਂ ਨਾਨਾ ਨਾਰਾਇਣ ਆਪਟੇ ਦੀ ਮੌਤ ਦੀ ਸਜ਼ਾ ਨੂੰ ਪੁਨਰਨਿਰਧਾਰਿਤ ਕਰ ਦਿੱਤਾ ਅਤੇ ਇਉਂ ਨਥੂਰਾਮ ਵਿਨਾਇਕ ਗੌਡਸੇ ਦੀ ਮੌਤ ਦੀ ਸਜ਼ਾ ਲਈ ਵੀ ਰਾਹ ਪੱਧਰਾ ਹੋ ਗਿਆ। ਦੋਹਾਂ ਨੂੰ ਫਾਂਸੀ ਦੀ ਸਜ਼ਾ ਗੋਲੀ ਕਾਂਡ ਤੋਂ ਸਾਢੇ 21 ਮਹੀਨੇ ਬਾਅਦ 15 ਨਵੰਬਰ 1949 ਨੂੰ ਅੰਬਾਲਾ ਦੀ ਸੈਂਟਰਲ ਜੇਲ੍ਹ ਵਿਖੇ ਦਿੱਤੀ ਗਈ। ਤਿੰਨ ਉਮਰ ਕੈਦ ਦੀ ਸਜ਼ਾ ਭੁਗਤ ਰਿਹਾਂ ਨੇ ਜੇਲ੍ਹ ਅੰਦਰ ਕੀਤੇ ਖ਼ੂਨ-ਦਾਨ ਅਤੇ ਛੁੱਟੀਆਂ ਦੀ ਮਿਲੀ ਰਿਆਇਤ ਕਾਰਨ ਭਾਵੇਂ ਉਮਰ ਕੈਦ ਦੀ ਸਜ਼ਾ ਤਾਂ ਪੂਰੀ ਹੋ ਚੁੱਕੀ ਸੀ ਪਰ ਉਨ੍ਹਾਂ ਤਿੰਨਾਂ ਨੂੰ ਪੰਡਿਤ ਨਹਿਰੂ ਦੀ ਕੁਦਰਤੀ ਮੌਤ ਤੋਂ ਬਾਅਦ 13 ਅਕਤੂਬਰ 1964 ਈ: ਨੂੰ ਰਿਹਾ ਕੀਤਾ ਗਿਆ।

ਕਰਕਰੇ ਅਤੇ ਗੌਡਸੇ ਦੀ ਰਿਹਾਈ `ਚ ਉਨ੍ਹਾਂ ਦੇ ਸਾਥੀਆਂ ਨੇ ਸਵਾਗਤ ਸਭਾ ਦਾ ਆਯੋਜਨ ਕੀਤਾ। ਜਿਸ `ਤੇ ਸਰਕਾਰ ਨੇ ਕਾਰਵਾਈ ਕਰਕੇ ਨਜ਼ਰਬੰਦੀ ਕਾਨੂੰਨ ਦੀਆਂ ਧਾਰਾਵਾਂ ਨੂੰ ਸੁਰਜੀਤ ਕਰਕੇ 40 ਦਿਨਾਂ ਅੰਦਰ ਦੁਬਾਰਾ ਜੇਲ੍ਹ ਭੇਜ ਦਿੱਤਾ। ਇਸ ਤਰ੍ਹਾਂ ਡਰ ਤੇ ਖੌਫ਼ ਵਾਲੇ ਮਾਹੌਲ `ਚ ਦੁਬਾਰਾ ਰਿਹਾਈ ਲਈ 1 ਸਾਲ 6 ਮਹੀਨੇ ਹੋਰ ਬੀਤ ਗਏ। ਕੀ ਮਹਾਤਮਾ ਗਾਂਧੀ ਨੇ ਗੋਲੀ ਲੱਗਣ ਵੇਲੇ ਹੇ ਰਾਮ! ਕਿਹਾ?

ਜੱਜ ਸਾਹਮਣੇ ਆਏ ਗਵਾਹਾਂ ਦੇ ਬਿਆਨਾਂ `ਚ ਸਾਂਝੀ ਤੇ ਖ਼ਾਸ ਗੱਲ ਇਹ ਸੀ ਕਿ 30 ਜਨਵਰੀ 1948 ਦੀ ਸ਼ਾਮ 5: 00 ਵਜੇ ਨਥੂਰਾਮ ਗੌਡਸੇ ਨੇ ਮਹਾਤਮਾ ਗਾਂਧੀ ਨੂੰ ਗੋਲ਼ੀਆਂ ਦਾ ਨਿਸ਼ਾਨਾ ਬਣਾ ਦਿੱਤਾ, ਜਿਸ ਸਮੇਂ ਗਾਂਧੀ ਪ੍ਰਾਰਥਨਾ ਸਭਾ ਵੱਲ ਜਾ ਰਹੇ ਸਨ। ਗਾਂਧੀ ਦੀ ਛਾਤੀ `ਚ ਗੋਲੀਆਂ ਲੱਗਣ `ਤੇ ਗਾਂਧੀ ਨੇ ਇੱਕ ਕਮਜ਼ੋਰ ਤੇ ਬੇਹੋਸ਼ੀ ਦੀ ‘ਆਹ’ ਭਰੀ ਤੇ ਸ਼ਾਇਦ ਕਿਸੇ ਸ਼ੋਕ ਜਾਂ ਸਦਮੇ ਕਾਰਨ ਧਰਤੀ `ਤੇ ਡਿੱਗ ਪਏ ਅਤੇ 20 ਮਿੰਟ ਬਾਅਦ ਦਮ ਤੋੜ ਗਏ। ਇਥੇ ਇਹ ਦੱਸਣਯੋਗ ਹੈ ਕਿ ਗਾਂਧੀਵਾਦੀ ਆਪਣੇ ਪ੍ਰਚਾਰ `ਚ ਇਹ ਕਹਿੰਦੇ ਹਨ ਕਿ ‘ਹਤਿਆਰੇ ਨਥੂਰਾਮ ‘ਦੀ ਗੋਲੀ ਵੱਜਣ ਤੋਂ ਬਾਅਦ ਗਾਂਧੀ ਨੇ ‘ਹੇ ਰਾਮ!’ ਕਿਹਾ, ਜੋ ਗਵਾਹਾਂ ਦੇ ਬਿਆਨਾਂ ਮੁਤਾਬਿਕ ਗਲਤ ਹੈ। 

ਜੱਜ ਸਾਹਮਣੇ ਆਏ ਗਵਾਹਾਂ ਅਨੁਸਾਰ ਨਥੂਰਾਮ ਨੇ ਨਿਸ਼ਾਨਾ ਸੇਧਣ ਉਪਰੰਤ ਪਿਸਤੌਲ ਵਾਲੀ ਬਾਂਹ ਉਚੀ ਕਰਕੇ ਆਪਣੇ ਆਪ ਨੂੰ ਪੁਲਸ ਦੇ ਹਵਾਲੇ ਕਰ ਦਿਤਾ ਤੇ ਇਉਂ ਉਸ ਨੂੰ ਫੜ੍ਹ ਲਿਆ ਗਿਆ। ਨਥੂਰਾਮ 'ਤੇ ਆਈ. ਪੀ. ਸੀ. 302 ਤਹਿਤ ਮੁਕੱਦਮਾ ਦਰਜ ਕੀਤਾ ਗਿਆ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਨਥੂਰਾਮ ਸਿਰ ਫਿਰਿਆ ਕਾਤਲ ਹੁੰਦਾ ਤਾਂ ਅਫੜਾ ਤਫੜੀ ਵਾਲੀ ਭੀੜ 'ਚੋਂ ਆਸਾਨੀ ਨਾਲ ਦੌੜ ਸਕਦਾ ਸੀ ਪਰ ਉਹ ਦੌੜਿਆ ਨਹੀਂ ਬਲਕਿ ਬਹਾਦਰਾਂ ਵਾਂਗੂੰ ਲਲਕਾਰ ਰਿਹਾ ਸੀ। ਉਸ ਦੇ ਨਾ ਭੱਜਣ ਦਾ ਇਥੇ ਕੋਈ ਮਕਸਦ ਸੀ, ਜੋ ਉਸ ਦੀ ਸ਼ਖ਼ਸੀਅਤ ਨੂੰ ਉਘਾੜਦਾ ਹੈ।

ਪੇਸ਼ੇ ਵਜੋਂ ਨਥੂਰਾਮ ਗੌਡਸੇ, ‘ਹਿੰਦੂ ਰਾਸ਼ਟਰ’ ਅਖ਼ਬਾਰ ਦਾ ਸੰਪਾਦਕ ਸੀ ਤੇ ਨਾਰਾਇਣ ਆਪਟੇ ‘ਅਗ੍ਰਣੀ’ ਮਰਾਠੀ ਅਖ਼ਬਾਰ ਦਾ ਸੰਪਾਦਕ ਹੋਣ ਦੇ ਨਾਲ ਬੀ. ਐਸ. ਸੀ, ਬੀ. ਟੀ. ਪਾਸ ਸੀ। ਨਥੂਰਾਮ ਗੌਡਸੇ ਦੀ ਸੋਚ ਸ਼ਕਤੀ ਬਾਰੇ ਜਸਟਿਸ ਅੱਛਰੂ ਰਾਮ ਕਹਿੰਦੇ ਹਨ “ਭਾਵੇਂ ਉਹ ਮੈਟ੍ਰਿਕ ਦੇ ਇਮਤਿਹਾਨ ਵਿੱਚ ਅਸਫਲ ਹੋ ਗਿਆ ਸੀ ਪਰ ਉਸਨੇ ਕਾਫੀ ਕੁੱਝ ਪੜ੍ਹਿਆ ਹੋਇਆ ਹੈ। ਆਪਣੀ ਅਪੀਲ ਦੌਰਾਨ ਆਪਣਾ ਪੱਖ ਪੇਸ਼ ਕਰਦਿਆਂ ਉਸਨੇ ਅੰਗਰੇਜ਼ੀ ਜ਼ੁਬਾਨ ਦੇ ਬਹੁਤ ਚੰਗੇ ਗਿਆਨ ਦਾ ਪ੍ਰਮਾਣ ਦਿੱਤਾ ਅਤੇ ਇਸਦੇ ਨਾਲ ਹੀ ਆਪਣੀ ਸਪੱਸ਼ਟ ਸੋਚ ਸ਼ਕਤੀ ਦਾ ਵੀ ਤਕੜਾ ਸਬੂਤ ਪੇਸ਼ ਕੀਤਾ।”

“ਉਸ ਨੇ ਆਪਣੀ ਅਪੀਲ ਦੌਰਾਨ ਆਪਣੀ ਪੈਰਵੀ ਖ਼ੁਦ ਕੀਤੀ ਸੀ ਅਤੇ ਮੈਂ ਕਹਿੰਦਾ ਹਾਂ ਕਿ ਇਸ ਸਭ ਕਾਸੇ ਵਿੱਚ ਉਸ ਨੇ ਐਸੀ ਮਾਅਰਕੇ ਵਾਲੀ ਯੋਗਤਾ ਦਰਸਾਈ ਹੈ, ਜਿਸ ਨੇ ਸਾਰੇ ਦੇ ਸਾਰੇ ਤੱਥ ਸਾਹਮਣੇ ਲਿਆ ਕੇ ਇੱਕ ਸੁਲਝੇ ਹੋਏ ਵਕੀਲ ਨੂੰ ਵੀ ਮਾਤ ਪਾ ਦਿੱਤੀ ਸੀ।” “ਤਕਰੀਬਨ ਪੰਜ ਹਫ਼ਤਿਆਂ ਦੇ ਉਸ ਸਮੇਂ ਦੌਰਾਨ ਅਸੀਂ ਨਥੂਰਾਮ ਨੂੰ ਚੰਗੀ ਤਰ੍ਹਾਂ ਦੇਖ ਭਾਲ ਚੁੱਕੇ ਹਾਂ, ਜਿਸ ਸਮੇਂ ਦੌਰਾਨ ਕਿ ਅਸੀਂ ਇਹ ਅਪੀਲਾਂ ਅਤੇ ਖ਼ਾਸ ਕਰਕੇ ਉਹ ਅੱਠ ਜਾਂ ਨੌਂ ਦਿਨ, ਜਿਨ੍ਹਾਂ ਦੌਰਾਨ ਉਹ ਆਪਣੇ ਮੁਕੱਦਮੇ ਦੀ ਅਪੀਲ ਖ਼ੁਦ ਲੜ ਰਿਹਾ ਸੀ ਅਤੇ ਮੈਨੂੰ ਇਸ ਗੱਲ ਦਾ ਅੰਦਾਜਾ ਹੀ ਨਹੀਂ ਹੋ ਸਕਦਾ ਕਿ ਇਸ ਮਰਾਤਬੇ `ਤੇ ਪੁੱਜੇ ਹੋਏ ਇਨਸਾਨ ਦੇ ਅੰਦਰ ਕਦੀ ਕੁੱਝ ਹੋਰ ਵੀ ਖ਼ਿਆਲ ਭਾਵ ਕਿ ਗਾਂਧੀ ਨੂੰ ਕਤਲ ਕਰਨ ਦਾ ਉਪਜਿਆ ਹੋਵੇਗਾ।”

ਜੱਜ ਦੇ ਮਨ `ਚ ਨਥੂਰਾਮ ਬਾਰੇ ਨਜ਼ਰੀਆ:ਜਸਟਿਸ ਸ੍ਰੀ ਖੋਸਲਾ ਨੇ ਗਾਂਧੀ ਕਤਲ ਤੋਂ ਲਗਭਗ 15 ਸਾਲ ਬਾਅਦ ਆਪਣੀ ਸੇਵਾ ਮੁਕਤੀ ਉਪਰੰਤ 10 ਅਧਿਆਇ ਵਿੱਚ ਇੱਕ ਗ੍ਰੰਥ ਆਕਾਰੀ ਪੁਸਤਕ ਲਿਖੀ, ਜਿਸ ਵਿੱਚ ਉਸਨੇ ‘ਗਾਂਧੀ ਹੱਤਿਆ’ ਵਿਚ ‘ਨਥੂਰਾਮ ਗੌਡਸੇ ਦਾ ਮੁਕੱਦਮਾ’ ਨਾਮੀ ਵੀ ਇੱਕ ਅਧਿਆਇ ਹੈ। ਸ੍ਰੀ ਖੋਸਲਾ ਦੇ ਮਨ 'ਤੇ ਉਸ ਵੇਲੇ ਜੋ ਮੁਦਰਾ ਦਾ ਚਿਤਰਣ ਹੋਇਆ ਉਸ ਭਾਵ ਦੀ ਅਸਲੀਅਤ ਨੂੰ ਉਹ ਸ਼ਬਦਾਂ `ਚ ਬਿਆਨਦੇ ਹੋਏ ਲਿਖਦੇ ਹਨ: “ਅਦਾਲਤ ਵਿੱਚ ਬੈਠੇ ਸਾਰੇ ਦਰਸ਼ਕ ਇਸ ਸਭ ਕਾਸੇ ਨੂੰ ਵੇਖ ਅਤੇ ਸੁਣ ਕੇ ਪੂਰੀ ਤਰ੍ਹਾਂ ਪਸੀਜ ਗਏ,

ਜਦੋਂ ਉਹ (ਨਥੂਰਾਮ) ਬੋਲਣੋਂ ਰੁਕ ਗਿਆ। ਉਸ ਸਮੇਂ ਹਰ ਪਾਸੇ ਇੱਕ ਮੁਕੰਮਲ ਚੁੱਪ ਜਿਹੀ ਛਾ ਗਈ ਸੀ। ਬਹੁਤ ਸਾਰੀਆਂ ਔਰਤਾਂ ਦੀਆਂ ਅੱਖਾਂ ਹੰਝੂਆਂ ਨਾਲ ਛਲਕ ਰਹੀਆਂ ਸਨ, ਮਰਦਾਂ ਦੇ ਗੱਚ ਭਰ ਚੁੱਕੇ ਸਨ ਅਤੇ ਉਹ ਆਪਣੇ ਅੱਥਰੂ ਪੂੰਝਣ ਲਈ ਰੁਮਾਲ ਲੱਭ ਰਹੇ ਸਨ। ਹਰ ਪਾਸੇ ਛਾ ਚੁੱਕੀ ਇਸ ਲੰਬੀ ਚੁੱਪ ਦੇ ਵਾਤਾਵਰਣ ਨੂੰ ਗਲ਼ ਵਿਚੋਂ ਰੁਕ ਰੁਕ ਕੇ ਨਿਕਲਣ ਵਾਲੇ ਕਿਸੇ ਖੰਘੂਰੇ ਜਾਂ ਦਬਵੀਂ ਖੰਘ ਦੀ ਆਵਾਜ਼ ਫੈਲੀ ਹੋਈ ਚੁੱਪ ਦੇ ਵਾਤਾਵਰਣ ਨੂੰ ਹੋਰ ਗੰਭੀਰ ਬਣਾ ਰਹੀ ਸੀ। ਮੈਨੂੰ ਇਸ ਗੱਲ ਵਿੱਚ ਕਿਸੇ ਤਰ੍ਹਾਂ ਦਾ ਕੋਈ ਸ਼ੁਭਾ ਨਹੀਂ ਕਿ ਉਸ ਦਿਨ ਦੇ ਹਾਜ਼ਰ ਦਰਸ਼ਕਾਂ ਵਿਚੋਂ ਜੇਕਰ ਕੁੱਝ ਨੂੰ ਫ਼ੈਸਲਾ ਕਰਨ ਵਾਲੀ ਜਿਊਰੀ (Jury) ਦਾ ਰੂਪ ਦਿੱਤਾ ਜਾਂਦਾ

ਜੋ ਕਿ ਗੌਡਸੇ ਦੀ ਅਪੀਲ ਦਾ ਫ਼ੈਸਲਾ ਕਰਨ ਦੀ ਜਿੰਮੇਵਾਰੀ ਪ੍ਰਾਪਤ ਕਰ ਲੈਂਦੇ ਤਾਂ ਉਨ੍ਹਾਂ ਨੇ ਇੱਕ ਬਹੁਤ ਤਕੜੇ ਬਹੁਮਤ ਨਾਲ ਉਹ (ਨਥੂਰਾਮ) ‘ਬੇਕਸੂਰ ਹੈ। 
ਕੀ ਸਮਕਾਲੀ ਅਖ਼ਬਾਰਾਂ ਨੇ ਸੱਚ ਲਿਖਿਆ:ਨਥੂਰਾਮ ਵੱਲੋਂ ਹਾਈ-ਕੋਰਟ `ਚ ਕੀਤੀ ਗਈ ਬਹਿਸ ਸਬੰਧੀ ਸਮੁੱਚੇ ਪ੍ਰੈੱਸ ਦੀ ਆਵਾਜ਼ ਨੂੰ ਦਬਾ ਦਿੱਤਾ ਗਿਆ ਸੀ। ਨਥੂਰਾਮ ਵਲੋਂ ਬਾਦਲੀਲ ਅਤੇ ਜੁਰਅਤ ਮੰਦਾਨਾ ਰੂਪ ਨਾਲ ਅਪੀਲ ਵਿੱਚ ਪੇਸ਼ ਕੀਤੇ ਮੁੱਦਿਆਂ ਨੂੰ ਜਿਸ ਅਸਾਧਾਰਨ ਕਿਸਮ ਦੀ ਅਡੋਲਤਾ ਨਾਲ ਪ੍ਰਗਟਾਇਆ ਗਿਆ ਸੀ ਉਸ ਨੇ ਕੁਦਰਤੀ ਤੌਰ `ਤੇ ਪ੍ਰੈੱਸ ਦਾ ਧਿਆਨ ਖਿੱਚਿਆ ਸੀ,

ਜਿਸ ਕਾਰਨ ਪੱਤਰਕਾਰਾਂ ਨੇ ਛੋਟੀ ਤੋਂ ਛੋਟੀ ਗੱਲ ਨੂੰ ਗੰਭੀਰਤਾ ਨਾਲ ਲਿਖਿਆ ਸੀ, ਪਰ ਜਿਵੇਂ ਹੀ ਜੱਜ ਆਪਣੇ ਕਮਰੇ ਵੱਲ ਪਰਤੇ ਉਸੇ ਹੀ ਸਮੇਂ ਪੁਲਸ ਦੇ ਸਿਪਾਹੀਆਂ ਨੇ ਪੱਤਰ ਪ੍ਰੇਰਕਾਂ ਨੂੰ ਦਬੋਚ ਕੇ ਉਨ੍ਹਾਂ ਪਾਸੋਂ ਨੋਟ ਬੁੱਕਾਂ ਖੋਹ ਲਈਆਂ ਅਤੇ ਚੀਰਫਾੜ ਕਰ ਦਿੱਤਾ। ਇਸ ਦੇ ਨਾਲ ਪ੍ਰੈੱਸ ਵਾਲਿਆਂ ਨੂੰ ਖ਼ਬਰਦਾਰ ਵੀ ਕੀਤਾ ਗਿਆ ਕਿ ਜੇ ਉਨ੍ਹਾਂ ਨੇ ਨਥੂਰਾਮ ਦੀ ਸਪੀਚ ਬਾਰੇ ਕੁੱਝ ਵੀ ਸੱਚ ਛਾਪਿਆ ਤਾਂ ਇਸ ਦੇ ਗੰਭੀਰ ਨਤੀਜੇ ਨਿਕਲਣਗੇ। ਪ੍ਰੈੱਸ ਉਪਰ ਇਸ ਗੱਲ ਦਾ ਦਬਾਓ ਸੀ ਕਿ ਉਹ ਸਰਕਾਰ ਵਲੋਂ ਦਿੱਤੀਆਂ ਹਿਦਾਇਤਾਂ `ਤੇ ਪਹਿਰਾ ਦੇਵੇ ਅਤੇ ਇਹੋ ਕਾਰਨ ਸੀ ਕਿ ਪ੍ਰੈੱਸ ਬਣਾਉਟੀ ਰਿਪੋਰਟਾਂ ਹੀ ਛਾਪਦਾ ਰਹਿੰਦਾ ਸੀ।

ਕਿਉਂਕਿ ਸਰਕਾਰ ਆਪਣੇ ਆਪ ਨੂੰ ਬਾਪੂ ਗਾਂਧੀ ਦੀ ਸਰਕਾਰ ਕਹਿੰਦੀ ਸੀ, ਜਿਸ ਕਾਰਨ ਸਮਕਾਲੀਨ ਅਖ਼ਬਾਰਾਂ `ਚ ਸਿਦਕਦਿਲੀ ਦੀ ਵੱਡੀ ਘਾਟ ਸੀ ਜੋ ਉਨ੍ਹਾਂ ਦੀ ਮਜਬੂਰੀ ਸੀ। ਨਥੂਰਾਮ ਦਾ ਮਿਸ਼ਨ ਤੇ ਗਾਂਧੀ ਦੀ ਮੌਤ ਦੇ ਕਾਰਨ:ਉਪਰੋਕਤ ਬਿਆਨਾਂ ਤੋਂ ਸਪੱਸ਼ਟ ਹੈ ਕਿ ਨਥੂਰਾਮ ਕਿਸੇ ਮਿਸ਼ਨ ਤਹਿਤ ਚੱਲ ਰਿਹਾ ਸੀ। ਆਖ਼ਰ ਉਹ ਕੀ ਮਿਸ਼ਨ ਸੀ? ਜਿਸ ਦੀ ਪੂਰਤੀ ਖ਼ਾਤਰ ਗਾਂਧੀ ਨੂੰ ਮਾਰਨਾ ਪਿਆ। ਇਸ ਦੇ ਕੁੱਝ ਕਾਰਨ ਸਨ। ਨਥੂਰਾਮ ਦੀ ਨਜ਼ਰ `ਚ ਗਾਂਧੀ ਅੰਗਰੇਜ਼ਾਂ ਦਾ ਇੱਕ ਪਿੱਠੂ ਸੀ ਅਤੇ ਮੁਸਲਿਮ ਨੇਤਾ ਮੁਹੰਮਦ ਅਲੀ ਜ਼ਿਨਾਹ ਪ੍ਰਸਤੀ ਸੀ।

ਖ਼ਾਸ ਗੱਲ ਇਹ ਸੀ ਕਿ ਨਥੂਰਾਮ ਦੇ ਦੇਸ਼ ਪ੍ਰਤੀ ਜਜ਼ਬੇ ਬਹੁਤ ਜੁੜੇ ਹੋਏ ਸਨ। ਉਹ ਸੁਪਨੇ ਵਿੱਚ ਵੀ ਨਹੀਂ ਸੀ ਚਾਹੁੰਦਾ ਕਿ ਦੇਸ਼ ਦੀ ਵੰਡ ਹੋਵੇ। ਉਹ ਵੰਡ ਦਾ ਦੋਸ਼ੀ ਜਿੱਥੇ ਅੰਗਰੇਜ਼ਾਂ, ਜ਼ਿਨਾਹ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਮੰਨਦਾ ਸੀ ਉੱਥੇ ਮੁਖ ਦੋਸ਼ੀ ਮਹਾਤਮਾ ਗਾਂਧੀ ਨੂੰ ਗਰਦਾਨਦਾ ਸੀ। ਨਥੂਰਾਮ ਦਾ ਛੋਟਾ ਭਰਾ ਗੋਪਾਲ ਵਿਨਾਇਕ ਗੌਡਸੇ, ਜਿਨ੍ਹਾਂ ਨੂੰ ਗਾਂਧੀ ਕਤਲ ਕੇਸ `ਚ ਉਮਰ ਕੈਦ ਹੋਈ ਸੀ, ਨੇ ਹਥਲੀਆਂ ਸਤਰਾਂ ਦੇ ਲੇਖਕ ਨੂੰ ਦੱਸਿਆ ਹੈ ਕਿ ਜਦੋਂ ਦੇਸ਼ ਦੀ ਵੰਡ ਹੋਈ ਤਾਂ ਪਾਕਿਸਤਾਨ ਬਣਿਆ ਅਤੇ ਹਿੰਦੂ ਸਿੱਖਾਂ ਨੂੰ ਪਾਕਿਸਤਾਨ ਤੋਂ ਉੱਜੜ ਕੇ ਭਾਰਤ ਆਉਣਾ ਪਿਆ।

ਇਸੇ ਤਰ੍ਹਾਂ ਮੁਸਲਮਾਨਾਂ ਨੂੰ ਪਾਕਿਸਤਾਨ ਜਾਣਾ ਪਿਆ। ਇਸ ਹੋਈ ਅਦਲਾ ਬਦਲੀ `ਚ ਜੋ ਕਹਿਰ ਦਾ ਕਤਲੇਆਮ ਹੋਇਆ, ਉਨ੍ਹਾਂ ਦ੍ਰਿਸ਼ਾਂ ਨੂੰ ਵੇਖ ਕੇ ਨਥੂਰਾਮ ਗੌਡਸੇ ਪਾਗਲਾਂ ਵਾਲੀਆਂ ਹਰਕਤਾਂ `ਤੇ ਉਤਰ ਆਉਂਦਾ ਸੀ। ਆਖ਼ਰ ਨਥੂਰਾਮ ਗੌਡਸੇ ਇਸ ਸਭ ਕਾਸੇ ਨੂੰ ਹੋਣੀ ਸਵੀਕਾਰ ਕੇ ਚੁੱਪ ਕਰ ਜਾਂਦਾ! ਦੂਜਾ ਕਾਰਨ ਪਾਕਿਸਤਾਨ ਤੋਂ ਉੱਜੜ ਕੇ ਆਏ ਸ਼ਰਣਾਰਥੀਆਂ ਨੇ ਜਦੋਂ ਦਿੱਲੀ ਜਾਂ ਹੋਰ ਸਥਾਨਾਂ ਤੋਂ ਉੱਜੜ ਕੇ ਗਏ ਮੁਸਲਮਾਨਾਂ ਦੇ ਘਰਾਂ `ਚ ਬਸੇਰੇ ਕੀਤੇ ਤਾਂ ਜ਼ਿਨਾਹ ਨੇ ਇਤਰਾਜ਼ ਕੀਤਾ, ਜਿਸ `ਤੇ ਜ਼ਿਨਾਹ ਦਾ ਕੋਈ ਹੱਕ ਨਹੀਂ ਸੀ ਕਿ ਹਿੰਦੂ ਜਾਂ ਸਿੱਖ ਸਾਡੇ ਭਾਵ ਮੁਸਲਮਾਨਾਂ ਦੇ ਘਰਾਂ `ਚ ਕਿਉਂ ਠਹਿਰੇ ਹਨ।

ਉਸ ਵੇਲੇ ਗਾਂਧੀ ਨੇ ਜ਼ਿਨਾਹ ਪ੍ਰਸਤੀ ਨੂੰ ਕਬੂਲ ਕਰਦਿਆਂ ਇੱਕ ਤਾਂ ਸ਼ਰਣਾਰਥੀਆਂ ਨੂੰ ਘਰਾਂ `ਚੋਂ ਕਢਵਾ ਦਿੱਤਾ, ਦੂਜਾ ਉਨ੍ਹਾਂ ਦੇ ਰਹਿਣ ਦਾ ਕੋਈ ਪ੍ਰਬੰਧ ਨਾ ਕੀਤਾ, ਤੀਜੀ ਉਪਰੋਂ ਬਰਸਾਤ ਪੈ ਰਹੀ ਸੀ ਤੇ ਚੌਥੀ ਠੰਡ ਵੀ ਸ਼ੁਰੂ ਹੋ ਚੁੱਕੀ ਸੀ। ਨਥੂਰਾਮ ਗੌਡਸੇ ਉਨ੍ਹਾਂ ਦਿਨਾਂ `ਚ ਦਿੱਲੀ ਵਿਖੇ ਠਹਿਰਿਆ ਸੀ, ਇਨ੍ਹਾਂ ਦ੍ਰਿਸ਼ਾਂ ਨੂੰ ਵੇਖ ਕੇ ਨਥੂਰਾਮ ਗੌਡਸੇ ਦੇ ਮਨ ਅੰਦਰ ਗਾਂਧੀ ਪ੍ਰਤੀ ਜਵਾਲਾ ਦੇ ਭਾਂਬੜ ਮੱਚਣੇ ਸੁਭਾਵਕ ਸਨ। ਨਥੂਰਾਮ ਵਲੋਂ ਦਿੱਤੇ ਅਦਾਲਤੀ ਬਿਆਨ ਮੁਤਾਬਿਕ 23 ਸਤੰਬਰ 1947 ਨੂੰ ਮਹਾਤਮਾ ਗਾਂਧੀ ਨੇ ਰਾਵਲਪਿੰਡੀ (ਪਾਕਿਸਤਾਨ) ਤੋਂ ਉੱਜੜ ਕੇ ਆਏ ਸ਼ਰਣਾਰਥੀਆਂ ਬਾਰੇ ਕਿਹਾ,

“ਮੇਰੇ ਕੋਲ ਰਾਵਲਪਿੰਡੀ ਤੋਂ ਜੋ ਸੱਜਣ ਮਿਲਣ ਆਏ ਸਨ, ਉਹ ਤਕੜੇ ਸਨ, ਬਹਾਦਰ ਸਨ ਤੇ ਵਪਾਰ `ਚ ਮਾਹਰ ਸਨ…. . . ਮੈਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਇੱਥੇ ਕਿਉਂ ਆਏ ਹੋ? ਉਧਰ ਮਰ ਕਿਉਂ ਨਹੀਂ ਗਏ? ਮੈਂ ਤਾਂ ਇਸੇ ਗੱਲ `ਤੇ ਕਾਇਮ ਹਾਂ ਕਿ ਸਾਡੇ `ਤੇ ਜ਼ੁਲਮ ਹੋਣ ਤਾਂ ਅਸੀਂ ਜਿੱਥੇ ਹਾਂ ਉਥੇ ਹੀ ਪਏ ਰਹੀਏ, ਮਰ ਜਾਈਏ। ਲੋਕ ਮਾਰ ਦੇਣ ਤਾਂ ਮਰ ਜਾਈਏ ਪਰ ਇਹ ਨਾ ਕਹੀਏ ਕਿ ਹੁਣ ਅਸੀਂ ਕੀ ਕਰ ਸਕਦੇ ਹਾਂ। ਮਕਾਨ ਨਹੀਂ ਤਾਂ ਧਰਤੀ ਮਾਤਾ ਸਾਡਾ ਮਕਾਨ ਹੈ, ਉਪਰ ਆਕਾਸ਼ ਹੈ।

ਜੋ ਮੁਸਲਮਾਨ ਏਧਰੋਂ ਡਰ ਦੇ ਮਾਰੇ ਦੌੜ ਗਏ ਹਨ, ਉਨ੍ਹਾਂ ਦੇ ਮਕਾਨ ਪਏ ਹਨ, ਜ਼ਮੀਨਾਂ ਪਈਆਂ ਹਨ ਤਾਂ ਕੀ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਮੁਸਲਮਾਨਾਂ ਦੇ ਘਰਾਂ `ਚ ਚਲੇ ਜਾਵੋ? ਮੇਰੀ ਜ਼ਬਾਨ ਤੋਂ ਅਜਿਹਾ ਨਹੀਂ ਨਿਕਲ ਸਕਦਾ। ਮੁਸਲਮਾਨਾਂ ਦੇ ਘਰ ਜੋ ਕਲ੍ਹ ਤਕ ਸਨ, ਉਹ ਅੱਜ ਵੀ ਉਨ੍ਹਾਂ ਦੇ ਹਨ। ਉਨ੍ਹਾਂ ਵਿੱਚ ਜੋ ਸ਼ਰਣਾਰਥੀ ਹਨ, ਉਹ ਆਪਣੇ ਆਪ ਚਲੇ ਜਾਣ। ਮੈਂ ਤੁਹਾਨੂੰ ਸਲਾਹ ਦਿੰਦਾ ਹਾਂ ਕਿ ਤੁਸੀਂ ਸਿੱਖ ਅਤੇ ਹਿੰਦੂ ਸ਼ਰਣਾਰਥੀਆਂ ਨੂੰ ਕਹੋ ਕਿ ਉਹ ਪੁਲਿਸ ਅਤੇ ਫ਼ੌਜ ਦੀ ਮਦਦ ਬਗੈਰ ਪਾਕਿਸਤਾਨ `ਚ ਆਪਣੀਆਂ ਥਾਂਵਾਂ `ਤੇ ਚਲੇ ਜਾਣ।”

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement