
ਨੌਵੀਂ ਜਮਾਤ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਕੋਚਿੰਗ ਸੰਸਥਾਨਾਂ ’ਚ ਦਾਖ਼ਲਾ ਨਹੀਂ ਦਿਤਾ ਜਾਵੇਗਾ
ਜੈਪੁਰ: ਦੇਸ਼ ਦੇ ਕੋਚਿੰਗ ਕੇਂਦਰ ਕੋਟਾ ’ਚ ਵਿਦਿਆਰਥੀਆਂ ਵਲੋਂ ਖ਼ੁਦਕੁਸ਼ੀ ਕਰਨ ਦੇ ਵਧਦੇ ਮਾਮਲਿਆਂ ਵਿਚਕਾਰ ਰਾਜਸਥਾਨ ਸਰਕਾਰ ਨੇ ਉਨ੍ਹਾਂ ਦੀ ਭਲਾਈ ਦੇ ਮੱਦੇਨਜ਼ਰ ਕਈ ਹਦਾਇਤਾਂ ਜਾਰੀ ਕੀਤੀਆਂ ਹਨ ਜਿਨ੍ਹਾਂ ਹੇਠ ਨੌਵੀਂ ਜਮਾਤ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਕੋਚਿੰਗ ਸੰਸਥਾਨਾਂ ’ਚ ਦਾਖ਼ਲਾ ਨਹੀਂ ਦਿਤਾ ਜਾਵੇਗਾ ਅਤੇ ਵਿਦਿਆਰਥੀਆਂ ਦੇ ਮਾਨਸਿਕ ਦਬਾਅ ਨੂੰ ਘੱਟ ਕਰਨ ਦੀ ਜ਼ਿੰਮੇਵਾਰੀ ਕੋਚਿੰਗ ਸੰਸਥਾਨਾਂ ਦੀ ਹੋਵੇਗੀ।
ਰਾਜਸਥਾਨ ਸਰਕਾਰ ਨੇ ਕੋਟਾ ਸਮੇਤ ਸੂਬੇ ਦੇ ਕਈ ਸ਼ਹਿਰਾਂ ’ਚ ਚਲ ਰਹੇ ਕੋਚਿੰਗ ਸੈਂਟਰਾਂ ਦੇ ਰੈਗੂਲੇਸ਼ਨ ਲਈ ਹਦਾਇਤਾਂ ਜਾਰੀ ਕੀਤੀਆਂ ਹਨ ਜਿਸ ’ਚ ਵਿਦਿਆਰਥੀਆਂ ਨੂੰ ਹਰ ਹਫ਼ਤੇ ਡੇਢ ਦਿਨ ਦੀ ਛੁੱਟੀ ਦੇਣੀ ਅਤੇ ਬੱਚਿਆਂ ਤੇ ਅਧਿਆਪਕਾਂ ਦਾ ਅਨੁਪਾਤ ਸਹੀ ਰਖਣਾ ਸ਼ਾਮਲ ਹੈ।
ਸੂਬਾ ਸਰਕਾਰ ਨੇ ਇਸ ਬਾਬਤ ਸਿਖਿਆ ਸਕੱਤਰ ਭਵਾਨੀ ਸਿੰਘ ਦੇਥਾ ਦੀ ਪ੍ਰਧਾਨਗੀ ’ਚ 15 ਮੈਂਬਰੀ ਕਮੇਟੀ ਗਠਤ ਕੀਤੀ ਸੀ। ਇਸ ਤੋਂ ਕੁਝ ਦਿਨਾਂ ਬਾਅਦ 9 ਪੰਨਿਆਂ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਕਮੇਟੀ ਦਾ ਗਠਨ ਮੁਕਾਬਲੇ ਦੇ ਇਮਤਿਹਾਨਾਂ ਲਈ ਕੋਚਿੰਗ ਸੰਸਥਾਨਾਂ ਦੇ ਕੇਂਦਰ ਕੋਟਾ ਸ਼ਹਿਰ ’ਚ ਵਿਦਿਆਰਥੀਆਂ ਵਲੋਂ ਖ਼ੁਦਕੁਸ਼ੀ ਦੇ ਵਧਦੇ ਮਾਮਲਿਆਂ ਤੋਂ ਬਾਅਦ ਕੋਚਿੰਗ ਸੰਸਥਾਨਾਂ ਅਤੇ ਹੋਰ ਹਿੱਤਧਾਰਕਾਂ ਦੀ ਸਲਾਹ ਨਾਲ ਕੀਤਾ ਗਿਆ ਸੀ।
ਇਨ੍ਹਾਂ ਹਦਾਇਤਾਂ ’ਚ ਮੁੱਖ ਤੌਰ ’ਤੇ ਇਸ ਗੱਲ ’ਤੇ ਜ਼ੋਰ ਦਿਤਾ ਗਿਆ ਸੀ ਕਿ ਕੋਚਿੰਗ ਸੰਸਥਾਵਾਂ ’ਚ ਨੌਵੀਂ ਜਮਾਤ ਤੋਂ ਪਹਿਲਾਂ ਦਾਖਲਾ ਨਾ ਦਿਤਾ ਜਾਵੇ। ਇਸ ਤੋਂ ਇਲਾਵਾ ‘ਮੁਲਾਂਕਣ ਨਤੀਜਿਆਂ’ ਨੂੰ ਜਨਤਕ ਨਾ ਕਰਨ, ਡੇਢ ਦਿਨ ਦੀ ਹਫਤਾਵਾਰੀ ਛੁੱਟੀ ਦੇਣ, ਬੱਚਿਆਂ ਅਤੇ ਅਧਿਆਪਕਾਂ ਦਾ ਅਨੁਪਾਤ ਦਰੁਸਤ ਕਰਨ, ‘ਈਜ਼ੀ ਐਗਜ਼ਿਟ’ ਅਤੇ ਹੈਲਪਲਾਈਨ ਸੇਵਾਵਾਂ ਅਤੇ ਨਿਗਰਾਨੀ ਪ੍ਰਣਾਲੀ 24 ਘੰਟੇ ਸੁਚਾਰੂ ਰੂਪ ’ਚ ਚਲਾਏ ਜਾਣ ਦੇ ਪ੍ਰਬੰਧ ਦੇ ਹੁਕਮ ਦਿਤੇ ਗਏ।
ਇਸ ਤੋਂ ਇਲਾਵਾ ਸੰਸਥਾਵਾਂ ਵਲੋਂ ਰੀਫੰਡ ਨੀਤੀ ਅਪਣਾਉਣ ’ਤੇ ਵੀ ਜ਼ੋਰ ਦਿਤਾ ਗਿਆ। ਕਾਉਂਸਲਿੰਗ ਅਤੇ ਸਿਖਲਾਈ ਸਬੰਧੀ ਹਦਾਇਤਾਂ ਵੀ ਜਾਰੀ ਕੀਤੀਆਂ ਹਨ। ਵਿਦਿਆਰਥੀਆਂ ’ਤੇ ਮਾਨਸਿਕ ਦਬਾਅ ਘਟਾਉਣ ਲਈ ਕਈ ਉਪਾਅ ਵੀ ਸੁਝਾਏ ਗਏ ਹਨ।
ਸਰਕਾਰ ਵਲੋਂ ਜ਼ਿਲ੍ਹਾ ਕੁਲੈਕਟਰ ਅਤੇ ਜ਼ਿਲ੍ਹਾ ਪੁਲਿਸ ਸੂਪਰਡੈਂਟ ਨੂੰ ਵੀ ਜ਼ਿਲ੍ਹੇ ਦੇ ਕੋਚਿੰਗ ਸੰਸਥਾਨਾਂ ’ਚ ਸੂਬਾ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਕਰਨ ਦੇ ਹੁਕਮ ਦਿਤੇ ਗਏ ਹਨ।