
‘‘ਵਿੱਤ ਮੰਤਰੀ ਨੂੰ ਤੁਰਤ ਅਸਤੀਫਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਉਹ ਸਿਆਸੀ, ਕਾਨੂੰਨੀ ਅਤੇ ਨੈਤਿਕ ਤੌਰ ’ਤੇ ਦੋਸ਼ੀ ਹਨ''
Electoral Bonds : ਕਾਂਗਰਸ ਨੇ ਐਤਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਹੋਰਾਂ ਵਿਰੁਧ ਰੱਦ ਕੀਤੀ ਗਈ ਚੋਣ ਬਾਂਡ ਯੋਜਨਾ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਹੋਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ (ਭਾਜਪਾ) ’ਤੇ ਹਮਲਾ ਬੋਲਿਆ ਅਤੇ ਲੋਕਤੰਤਰ ਨੂੰ ਕਮਜ਼ੋਰ ਕਰਨ ਲਈ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ।
ਵਿਰੋਧੀ ਪਾਰਟੀ ਨੇ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਰਾਹੀਂ ਸਮੁੱਚੀ ਚੋਣ ਬਾਂਡ ਸਕੀਮ ਦੀ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਜਾਂਚ ਕਰਵਾਉਣ ਦੀ ਅਪਣੀ ਮੰਗ ਦੁਹਰਾਈ। ਪਾਰਟੀ ਦੇ ਬੁਲਾਰੇ ਅਭਿਸ਼ੇਕ ਸਿੰਘਵੀ ਦੇ ਨਾਲ ਇੱਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਦੋਸ਼ ਲਾਇਆ ਕਿ ਚੋਣ ਬਾਂਡ ਸਾਜ਼ਸ਼ ਰਾਹੀਂ ਪੈਸੇ ਵਸੂਲਣ ਲਈ ਚਾਰ ਤਰੀਕਿਆਂ ਦੀ ਵਰਤੋਂ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਦੇ ਤਹਿਤ ਫਰਜ਼ੀ ਕੰਪਨੀਆਂ ਰਾਹੀਂ ਪ੍ਰੀਪੇਡ, ਪੋਸਟਪੇਡ, ਛਾਪੇਮਾਰੀ ਤੋਂ ਬਾਅਦ ਰਿਸ਼ਵਤਖੋਰੀ ਅਤੇ ਜਬਰੀ ਵਸੂਲੀ ਕੀਤੀ ਜਾਂਦੀ ਸੀ।
ਉਨ੍ਹਾਂ ਕਿਹਾ, ‘‘ਵਿੱਤ ਮੰਤਰੀ ਨੂੰ ਤੁਰਤ ਅਸਤੀਫਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਉਹ ਸਿਆਸੀ, ਕਾਨੂੰਨੀ ਅਤੇ ਨੈਤਿਕ ਤੌਰ ’ਤੇ ਦੋਸ਼ੀ ਹਨ।’’ ਰਮੇਸ਼ ਨੇ ਕਿਹਾ ਕਿ ਐਫ.ਆਈ.ਆਰ. ਅਦਾਲਤ ਦੇ ਹੁਕਮ ’ਤੇ ਦਰਜ ਕੀਤੀ ਗਈ ਸੀ ਅਤੇ ਕਾਂਗਰਸ ਦਾ ਐਫ.ਆਈ.ਆਰ. ਨਾਲ ਕੋਈ ਲੈਣਾ-ਦੇਣਾ ਨਹੀਂ ਸੀ।’’
ਉਨ੍ਹਾਂ ਕਿਹਾ ਕਿ ਕਾਂਗਰਸ ਐਸ.ਆਈ.ਟੀ. ਰਾਹੀਂ ਚੋਣ ਬਾਂਡ ਸਕੀਮ ਦੀ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਜਾਂਚ ਦੀ ਮੰਗ ਕਰ ਰਹੀ ਹੈ ਅਤੇ ਅਪਣੀ ਮੰਗ ਦੁਹਰਾਉਂਦੀ ਹੈ। ਸਿੰਘਵੀ ਨੇ ਭਾਜਪਾ ’ਤੇ ਲੋਕਤੰਤਰ ਨੂੰ ਕਮਜ਼ੋਰ ਕਰਨ ਦਾ ਵੀ ਦੋਸ਼ ਲਾਇਆ। ਉਨ੍ਹਾਂ ਕਿਹਾ, ‘‘ਵਿੱਤ ਮੰਤਰੀ ਅਪਣੇ ਆਪ ਅਜਿਹਾ ਨਹੀਂ ਕਰ ਸਕਦੀ। ਅਸੀਂ ਜਾਣਦੇ ਹਾਂ ਕਿ ਨੰਬਰ 1 ਅਤੇ ਨੰਬਰ 2 ਕੌਣ ਹਨ, ਅਤੇ ਇਹ ਕਿਸ ਦੇ ਹੁਕਮ ’ਤੇ ਕੀਤਾ ਗਿਆ ਸੀ।’’
ਸਿੰਘਵੀ ਨੇ ਇਸ ਨੂੰ ‘ਈ.ਬੀ.ਐਸ.’ (ਐਕਸਟੌਰਸ਼ਨ ਬੀ.ਜੇ.ਪੀ. ਸਕੀਮ) ਕਰਾਰ ਦਿੰਦਿਆਂ ਕਿਹਾ, ‘‘ਵੱਡਾ ਮੁੱਦਾ ਬਰਾਬਰ ਦਾ ਮੌਕਾ ਪ੍ਰਦਾਨ ਕਰਨਾ ਹੈ, ਜੋ ਸੁਤੰਤਰ ਅਤੇ ਨਿਰਪੱਖ ਚੋਣਾਂ ਲਈ ਜ਼ਰੂਰੀ ਹੈ। ਸੁਤੰਤਰ ਅਤੇ ਨਿਰਪੱਖ ਚੋਣਾਂ ਲੋਕਤੰਤਰ ਲਈ ਮਹੱਤਵਪੂਰਨ ਹਨ। ਇਹ ਸਾਡੀ ਲੋਕਤੰਤਰੀ ਪ੍ਰਣਾਲੀ ’ਤੇ ਹਮਲਾ ਹੈ।’’
ਚੋਣ ਬਾਂਡ ਸਕੀਮ ਨਾਲ ਜੁੜੀ ਸ਼ਿਕਾਇਤ ਤੋਂ ਬਾਅਦ ਬੈਂਗਲੁਰੂ ਦੀ ਇਕ ਅਦਾਲਤ ਦੇ ਨਿਰਦੇਸ਼ਾਂ ’ਤੇ ਸਨਿਚਰਵਾਰ ਨੂੰ ਸੀਤਾਰਮਨ ਅਤੇ ਹੋਰਾਂ ਵਿਰੁਧ ਮਾਮਲਾ ਦਰਜ ਕੀਤਾ ਗਿਆ ਸੀ। ਇਹ ਸਕੀਮ ਪਹਿਲਾਂ ਹੀ ਰੱਦ ਕੀਤੀ ਜਾ ਚੁਕੀ ਹੈ।