
ਮਹਿਲਾ ਅਧਿਆਪਕਾ ਨੇ ਸਿਵਲ ਲਾਈਨ ਥਾਣੇ ਵਿੱਚ ਤਿੰਨ ਵਿਦਿਆਰਥੀਆਂ ਖ਼ਿਲਾਫ਼ ਐਫਆਈਆਰ ਦਰਜ ਕਰਵਾਈ
UP News : ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਸ਼ਹਿਰ 'ਚ ਇੱਕ ਸਕੂਲ ਦੇ 9ਵੀਂ ਜਮਾਤ ਦੇ ਵਿਦਿਆਰਥੀਆਂ ਦੀ ਕਾਲੀ ਕਰਤੂਤ ਨੇ ਗੁਰੂ ਪਰੰਪਰਾ ਨੂੰ ਸ਼ਰਮਸਾਰ ਕਰ ਦਿੱਤਾ ਹੈ। ਵਿਦਿਆਰਥੀਆਂ ਨੇ ਮਹਿਲਾ ਅਧਿਆਪਕਾ ਦੀਆਂ ਏਆਈ ਨਾਲ ਅਸ਼ਲੀਲ ਫੋਟੋਆਂ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀਆਂ।
ਇਸ ਮਾਮਲੇ ਵਿੱਚ ਪਹਿਲਾਂ ਦੋ ਬੱਚਿਆਂ ਦੇ ਨਾਂ ਸਾਹਮਣੇ ਆਏ ਸਨ ਪਰ ਹੁਣ ਇੱਕ ਹੋਰ ਬੱਚੇ ਦੇ ਸ਼ਾਮਲ ਹੋਣ ਦੀ ਸੂਚਨਾ ਮਿਲੀ ਹੈ। ਮਹਿਲਾ ਅਧਿਆਪਕਾ ਨੇ ਸਿਵਲ ਲਾਈਨ ਥਾਣੇ ਵਿੱਚ ਤਿੰਨ ਵਿਦਿਆਰਥੀਆਂ ਖ਼ਿਲਾਫ਼ ਐਫਆਈਆਰ ਦਰਜ ਕਰਵਾਈ ਹੈ। ਪ੍ਰਬੰਧਕਾਂ ਨੇ ਵਿਦਿਆਰਥੀਆਂ ਨੂੰ ਸਕੂਲ ਆਉਣ ਤੋਂ ਰੋਕ ਦਿੱਤਾ ਹੈ।
ਮਹਿਲਾ ਟੀਚਰ ਨੇ ਇੱਕ ਐਫਆਈਆਰ ਵਿੱਚ ਲਿਖਿਆ ਹੈ ਕਿ ਮੈਨੂੰ ਆਪਣੀਆਂ ਅਸ਼ਲੀਲ ਫੋਟੋਆਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਦੀ ਸੂਚਨਾ ਮਿਲੀ ਹੈ। ਇਹ ਮੇਰੇ ਲਈ ਬਹੁਤ ਪ੍ਰੇਸ਼ਾਨ ਕਰਨ ਵਾਲੀ ਖ਼ਬਰ ਸੀ। ਇਸ ਕਾਰਨ ਮੈਨੂੰ ਮਾਨਸਿਕ ਪ੍ਰੇਸ਼ਾਨੀ 'ਚੋਂ ਗੁਜ਼ਰਨਾ ਪੈ ਰਿਹਾ ਹੈ।
ਓਦੋਂ ਹੋਰ ਵੀ ਦੁੱਖ ਲੱਗਦਾ ਹੈ ਕਿ ਜਦੋਂ ਪਤਾ ਲੱਗਾ ਕਿ ਮੇਰੇ ਤੋਂ ਪੜ੍ਹਨ ਵਾਲੇ ਵਿਦਿਆਰਥੀਆਂ ਨੇ ਅਜਿਹਾ ਕੀਤਾ ਹੈ। ਉਹ ਨੌਵੀਂ ਜਮਾਤ ਵਿੱਚ ਪੜ੍ਹਦੇ ਹਨ। ਉਨ੍ਹਾਂ ਨੇ ਸਾਰੀਆਂ ਮਰਿਆਦਾ ਦੀ ਉਲੰਘਣਾ ਕਰਦੇ ਹੋਏ ਅਧਿਆਪਕ ਦੇ ਮਾਣ ਸਨਮਾਨ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਨੇ ਏਆਈ ਦੇ ਜ਼ਰੀਏ ਮੇਰੀ ਫੋਟੋ ਨੂੰ ਅਸ਼ਲੀਲ ਬਣਾ ਕੇ ਵਿਦਿਆਰਥੀਆਂ ਦੇ ਵੱਖ-ਵੱਖ ਗਰੁੱਪਾਂ ਵਿੱਚ ਵਾਇਰਲ ਕਰਨ ਦਾ ਘਿਨੌਣਾ ਕੰਮ ਕੀਤਾ ਹੈ।