
ਕਸ਼ਮੀਰ ਵਾਦੀ 'ਚ ਅਤਿਵਾਦੀ ਜਥੇਬੰਦੀ ਜੈਸ਼-ਏ-ਮੁਹੰਮਦ ਦੇ ਅਤਿਵਾਦੀਆਂ ਵਲੋਂ ਸਨਾਈਪਰ ਹਮਲੇ ਸੁਰੱਖਿਆ ਏਜੰਸੀਆਂ ਲਈ ਨਵੀਂ ਸਿਰਦਰਦੀ ਬਣ ਕੇ ਉਭਰੇ ਹਨ..........
ਸ੍ਰੀਨਗਰ : ਕਸ਼ਮੀਰ ਵਾਦੀ 'ਚ ਅਤਿਵਾਦੀ ਜਥੇਬੰਦੀ ਜੈਸ਼-ਏ-ਮੁਹੰਮਦ ਦੇ ਅਤਿਵਾਦੀਆਂ ਵਲੋਂ ਸਨਾਈਪਰ ਹਮਲੇ ਸੁਰੱਖਿਆ ਏਜੰਸੀਆਂ ਲਈ ਨਵੀਂ ਸਿਰਦਰਦੀ ਬਣ ਕੇ ਉਭਰੇ ਹਨ। ਇਨ੍ਹਾਂ ਹਮਲਿਆਂ 'ਚ ਸਤੰਬਰ ਦੇ ਅੱਧ ਤੋਂ ਲੈ ਕੇ ਤਿੰਨ ਮੁਲਾਜ਼ਮਾਂ ਦੀ ਜਾਨ ਜਾ ਚੁੱਕੀ ਹੈ। ਇਸ ਨੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਪਾਕਿਸਤਾਨ ਸਥਿਤ ਸਮੂਹਾਂ ਦੇ ਅਜਿਹੇ ਹਮਲਿਆਂ ਨੂੰ ਰੋਕਣ ਲਈ ਅਪਣੀ ਰਣਨੀਤੀ ਬਦਲਣ ਲਈ ਮਜਬੂਰ ਕੀਤਾ ਹੈ। ਪਹਿਲਾ ਸਨਾਈਪਰ ਹਮਲਾ 18 ਸਤੰਬਰ ਨੂੰ ਪੁਲਵਾਮਾ ਦੇ ਨੇਵਾ 'ਚ ਹੋਇਆ ਸੀ। ਉਸ 'ਚ ਸੀ.ਆਰ.ਪੀ.ਐਫ਼. ਦਾ ਇਕ ਮੁਲਾਜ਼ਮ ਜ਼ਖ਼ਮੀ ਹੋ ਗਿਆ ਸੀ।
ਹੁਣ ਤਕ ਸੁਰੱਖਿਆ ਅਧਿਕਾਰੀਆਂ ਦਾ ਮੰਨਣਾ ਸੀ ਕਿ ਇਹ ਇਕ ਆਮ ਮਾਮਲਾ ਹੈ ਪਰ ਪਿੱਛੇ ਜਿਹੇ ਹਥਿਆਰਬੰਦ ਬਾਰਡਰ ਫ਼ੋਰਸ ਦਾ ਇਕ ਜਵਾਨ, ਤਰਾਲ 'ਚ ਫ਼ੌਜ ਅਤੇ ਨੌਗਾਮ 'ਚ ਸੀ.ਆਰਈ.ਐਸ.ਐਫ਼. ਦੇ ਮੁਲਾਜ਼ਮਾਂ ਦੀ ਮੌਤ ਨੇ ਸੁਰੱਖਿਆ ਅਧਿਕਾਰੀਆਂ ਦੇ ਮੱਥੇ ਉਤੇ ਤਿਉੜੀ ਲਿਆ ਦਿਤੀ ਹੈ। ਖ਼ੁਫ਼ੀਆ ਜਾਣਕਾਰੀਆਂ ਦੇ ਆਧਾਰ 'ਤੇ ਸੁਰੱਖਿਆ ਏਜੰਸੀਆਂ ਦਾ ਮੰਨਣਾ ਹੈ ਕਿ ਪਾਬੰਦੀਸ਼ੁਦਾ ਜੈਸ਼-ਏ-ਮੁਹੰਮਦ ਦੇ ਘੱਟ ਤੋਂ ਘੱਟ ਦੋ ਵੱਖੋ-ਵੱਖ ਧੜੇ ਸਤੰਬਰ ਦੇ ਸ਼ੁਰੂ 'ਚ ਵਾਦੀ 'ਚ ਆਏ ਸਨ। ਹਰ ਧੜੇ 'ਚ ਦੋ ਅਤਿਵਾਦੀ ਹਨ। ਉਹ ਦਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਜਥੇਬੰਦੀ ਦੇ ਕੁੱਝ ਹਮਾਇਤੀਆਂ ਦੀ ਮਦਦ ਨਾਲ ਮੋਰਚਾ ਸੰਭਾਲ ਚੁੱਕੇ ਹਨ।
ਅਧਿਕਾਰੀਆਂ ਮੁਤਾਬਕ, ਅਤਿਵਾਦੀਆਂ ਨੂੰ ਕਸ਼ਮੀਰ ਵਾਦੀ 'ਚ ਸਨਾਈਪਰ ਹਮਲੇ ਕਰਨ ਲਈ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ.ਐਸ.ਆਈ. ਨੇ ਸਿਖਲਾਈ ਦਿਤੀ ਹੈ ਅਤੇ ਉਨ੍ਹਾਂ ਨੂੰ ਐਮ-4 ਕਾਰਬਾਈਨ ਦਿਤੀ ਹੈ। ਇਸ ਬੰਦੂਕ ਦਾ ਪ੍ਰਯੋਗ ਅਮਰੀਕਾ ਦੀ ਅਗਵਾਈ ਵਾਲੀ ਫ਼ੌਜ ਅਫ਼ਗਾਨਿਸਤਾਨ 'ਚ ਕਰ ਰਹੀ ਹੈ। ਸੂਬੇ ਦੇ ਸੁਰੱਖਿਆ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇਹ ਹਥਿਆਰ ਉਨ੍ਹਾਂ ਹਥਿਆਰਾਂ ਦਾ ਹਿੱਸਾ ਹੋ ਸਕਦੇ ਹਨ ਜਿਨ੍ਹਾਂ ਨੂੰ ਤਾਲਿਬਾਨ ਨੇ ਲੁਟਿਆ ਹੈ। ਤਾਲਿਬਾਨ ਨਾਲ ਜੈਸ਼-ਏ-ਮੁਹੰਮਦ ਦੇ ਅਤਿਵਾਦੀ ਅਫ਼ਗਾਨਿਸਤਾਨ 'ਚ ਗਠਜੋੜ ਫ਼ੌਜ ਨਾਲ ਲੜ ਰਹੇ ਹਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਹਥਿਆਰਾਂ ਦਾ ਪ੍ਰਯੋਗ ਪਾਕਿਸਤਾਨੀ ਫ਼ੌਜ ਦੇ ਵਿਸ਼ੇਸ਼ ਬਲ ਵੀ ਕਰਦੇ ਹਨ। ਸੁਰੱਖਿਆ ਬਲਾਂ ਦੇ ਕੈਂਪ 'ਤੇ ਸਾਰੇ ਸਨਾਈਪਰ ਹਮਲਿਆਂ ਲਈ ਅਤਿਵਾਦੀਆਂ ਨੇ ਨੇੜਲੀਆਂ ਪਹਾੜੀਆਂ ਦਾ ਪ੍ਰਯੋਗ ਕੀਤਾ। ਹਮਲੇ ਵੇਲੇ ਜਵਾਨ ਅਪਣੇ ਫ਼ੋਨ ਨਾਲ ਅਪਣੇ ਪ੍ਰਵਾਰ ਜਾਂ ਦੋਸਤਾਂ ਨਾਲ ਗੱਲਾਂ ਕਰ ਰਹੇ ਸਨ। ਇਕ ਅਧਿਕਾਰੀ ਨੇ ਕਿਹਾ ਕਿ ਜਵਾਨ, ਸੰਤਰੀ ਚੌਕੀ ਦੇ ਅੰਦਰ ਅਪਣਾ ਮੋਬਾਈਲ ਫ਼ੋਨ ਪ੍ਰਯੋਗ ਕਰਦਾ ਹੈ ਤਾਂ ਉਹ ਮੋਬਾਈਲ ਦੀ ਰੌਸ਼ਨੀ ਨਾਲ ਅੰਦਾਜ਼ਾ ਲਾ ਕੇ ਉਸ ਨੂੰ ਨਿਸ਼ਾਨਾ ਬਣਾ ਲੈਂਦੇ ਹਨ।
ਫ਼ੌਜ, ਸੀ.ਆਰ.ਪੀ.ਐਫ਼. ਅਤੇ ਜੰਮੂ-ਕਸ਼ਮੀਰ ਪੁਲਿਸ ਸਮੇਤੀ ਸੁਰੱਖਿਆ ਏਜੰਸੀਆਂ ਨੇ ਅਤਿਵਾਦ ਪ੍ਰਭਾਵਤ ਇਲਾਕਿਆਂ 'ਚ ਸਥਿਤ ਅਪਣੇ ਕੈਂਪਾਂ 'ਚ ਜਵਾਨਾਂ ਅਤੇ ਅਧਿਕਾਰੀਆਂ ਲਈ ਪਹਿਲਾਂ ਹੀ ਨਵੀਆਂ ਹਦਾਇਤਾਂ ਜਾਰੀ ਕਰ ਦਿਤੀਆਂ ਹਨ। ਰਣਨੀਤੀ 'ਚ ਤਬਦੀਲੀ 'ਤੇ ਚੁੱਪੀ ਧਾਰਦਿਆਂ ਅਧਿਕਾਰੀਆਂ ਨੇ ਕਿਹਾ ਕਿ ਸੁਰੱਖਿਆ ਕੈਂਪਾਂ ਨੇੜੇ ਜ਼ਿਆਦਾ ਮੁਹਿੰਮਾਂ ਚਲਾਈਆਂ ਜਾਣਗੀਆਂ। ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਅਤਿਵਾਦੀਆਂ ਕੋਲ ਬਿਹਤਰੀਨ ਕਿਸਮ ਦਾ ਅਸਲਾ ਹੈ। ਇਨ੍ਹਾਂ 'ਚ ਸਟੀਲ ਕੋਰ ਦੀਆਂ ਗੋਲੀਆਂ ਵੀ ਸ਼ਾਮਲ ਹਨ ਜੋ ਅਤਿਵਾਦੀ ਰੋਧੀ ਮੁਹਿੰਮ ਦੌਰਾਨ ਬੁਲੇਟਪਰੂਫ਼ ਬੰਕਰ 'ਚ ਵੀ ਆ ਸਕਦੀਆਂ ਹਨ। (ਪੀਟੀਆਈ)