
ਹਾਲਾਤ ਦਾ ਜਾਇਜ਼ਾ ਲਿਆ, ਆਮ ਲੋਕਾਂ ਦੇ ਵਫ਼ਦ ਨਾਲ ਵੀ ਮੁਲਾਕਾਤ
ਸ੍ਰੀਨਗਰ : ਯੂਰਪੀ ਸੰਘ ਦੇ 23 ਸੰਸਦ ਮੈਂਬਰਾਂ ਦਾ ਵਫ਼ਦ ਜੰਮੂ ਕਸ਼ਮੀਰ ਵਿਚ ਹਾਲਾਤ ਦਾ ਜਾਇਜ਼ਾ ਲੈਣ ਲਈ ਮੰਗਲਵਾਰ ਨੂੰ ਦੋ ਦਿਨਾ ਦੌਰੇ ਤਹਿਤ ਇਥੇ ਪੁੱਜਾ। ਉਧਰ, ਬੰਦ ਵਿਚਾਲੇ ਘਾਟੀ ਅਤੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿਚ ਲੋਕਾਂ ਅਤੇ ਸੁਰੱਖਿਆ ਬਲਾਂ ਵਿਚਾਲੇ ਝੜਪਾਂ ਹੋਈਆਂ। ਹਵਾਈ ਅੱਡੇ 'ਤੇ ਹੋਟਲ ਤਕ ਦੇ ਰਸਤੇ ਵਿਚ ਬੁਲੇਟ ਪਰੂਫ਼ ਜੀਪਾਂ ਵਿਚ ਯਾਤਰਾ ਕਰ ਰਹੇ ਸੰਸਦ ਮੈਂਬਰਾਂ ਦੀ ਹਿਫ਼ਾਜਤ ਲਈ ਸੁਰੱਖਿਆ ਵਾਹਨਾਂ ਦਾ ਕਾਫ਼ਲਾ ਵੀ ਸੀ। ਸੰਸਦ ਮੈਂਬਰਾਂ ਦੇ ਹੋਟਲ ਪਹੁੰਚਣ 'ਤੇ ਕਸ਼ਮੀਰ ਦੀ ਰਵਾਇਤ ਮੁਤਾਬਕ ਉਨ੍ਹਾਂ ਦਾ ਸਵਾਗਤ ਕੀਤਾ ਗਿਆ।
European MPs delegation visit Kashmir
ਘਾਟੀ ਅਤੇ ਜੰਮੂ ਕਸ਼ਮੀਰ ਦੇ ਹੋਰ ਹਿੱਸਿਆਂ ਵਿਚ ਹਾਲਾਤ ਬਾਰੇ ਸੀਨੀਅਰ ਸੁਰੱਖਿਆ ਅਧਿਕਾਰੀਆਂ ਨੇ ਟੀਮ ਨੂੰ ਜਾਣੂ ਕਰਾਇਆ ਅਤੇ ਆਮ ਲੋਕਾਂ ਦੇ ਵਫ਼ਦਾਂ ਨਾਲ ਵੀ ਮੁਲਾਕਾਤ ਹੋਈ। ਅਧਿਕਾਰੀਆਂ ਨੇ ਦਸਿਆ ਕਿ ਸ਼ਹਿਰ ਵਿਚ ਪੂਰੀ ਤਰ੍ਹਾਂ ਬੰਦ ਹੈ ਅਤੇ ਸ੍ਰੀਨਗਰ ਤੇ ਘਾਟੀ ਦੇ ਹੋਰ ਹਿੱਸਿਆਂ ਵਿਚ ਪ੍ਰਦਰਸ਼ਨਕਾਰੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਕੁੱਝ ਥਾਵਾਂ 'ਤੇ ਘੱਟੋ ਘੱਟ ਚਾਰ ਜ਼ਖ਼ਮੀ ਹੋ ਗਏ। ਲੋਕਾਂ ਨੇ 90 ਫ਼ੁਟ ਰੋਡ ਸਮੇਤ ਸ੍ਰੀਨਗਰ ਦੀਆਂ ਘੱਟੋ ਘੱਟ ਪੰਜ ਥਾਵਾਂ 'ਤੇ ਸੜਕਾਂ ਨੂੰ ਰੋਕ ਦਿਤਾ। ਪਿਛਲੇ ਹਫ਼ਤੇ ਤੋਂ ਸਟਾਲ ਲਾਉਣ ਵਾਲੇ ਦੁਕਾਨਦਾਰ ਵੀ ਮੰਗਲਵਾਰ ਨੂੰ ਨਹੀਂ ਆਏ। ਪੰਜ ਅਗੱਸਤ ਮਗਰੋਂ ਇਹ ਪਹਿਲਾ ਉੱਚ ਪਧਰੀ ਵਫ਼ਦ ਕਸ਼ਮੀਰ ਦੌਰੇ 'ਤੇ ਆਇਆ ਹੈ।
European MPs delegation visit Kashmir
ਅਧਿਕਾਰੀਆਂ ਨੇ ਦਸਿਆ ਕਿ ਇਸ ਵਫ਼ਦ ਵਿਚ ਮੂਲ ਰੂਪ ਵਿਚ 27 ਸੰਸਦ ਮੈਂਬਰਾਂ ਨੇ ਹੋਣਾ ਸੀ ਪਰ ਇਨ੍ਹਾਂ ਵਿਚੋਂ ਚਾਰ ਕਸ਼ਮੀਰ ਨਹੀਂ ਆਏ। ਦਸਿਆ ਜਾਂਦਾ ਹੈ ਕਿ ਇਹ ਸੰਸਦ ਮੈਂਬਰ ਅਪਣੇ ਦੇਸ਼ ਮੁੜ ਗਏ। ਵਫ਼ਦ ਵਿਚ ਸ਼ਾਮਲ ਕਈ ਸੰਸਦ ਮੈਂਬਰ ਪੱਕੇ ਦੱਖਣਪੰਥੀ ਜਾਂ ਦੱਖਣਪੰਥੀ ਪਾਰਟੀਆਂ ਦੇ ਹਨ। ਕੁੱਝ ਹਫ਼ਤੇ ਪਹਿਲਾਂ ਅਮਰੀਕਾ ਦੇ ਸੈਨੇਟਰ ਨੂੰ ਕਸ਼ਮੀਰ ਜਾਣ ਦੀ ਇਜਾਜ਼ਤ ਨਹੀਂ ਦਿਤੀ ਗਈ ਸੀ। ਲਗਭਗ ਦੋ ਮਹੀਨੇ ਪਹਿਲਾਂ ਕਾਂਗਰਸ ਆਗੂ ਰਾਹੁਲ ਗਾਧੀ ਸਮੇਤ ਵਿਰੋਧੀ ਧਿਰਾਂ ਦੇ ਸਾਂਝੇ ਵਫ਼ਦ ਨੂੰ ਦਿੱਲੀ ਤੋਂ ਜਾਣ 'ਤੇ ਸ੍ਰੀਨਗਰ ਹਵਾਈ ਅੱਡੇ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿਤੀ ਗਈ ਅਤੇ ਉਨ੍ਹਾਂ ਨੂੰ ਵਾਪਸ ਦਿੱਲੀ ਭੇਜ ਦਿਤਾ ਗਿਆ ਸੀ।