
ਮੌਜੂਦਾ ਸਰਕਾਰ ਕਿਸੇ ਵੀ ਜਾਤ ਧਰਮ ਦੇ ਲੋਕਾਂ ਦੀ ਸਕੀ ਨਹੀਂ ਹੈ : ਤਨਵੀਰ ਭਾਰਤੀ
ਕਿਹਾ,ਕਿਸਾਨਾਂ ਨੂੰ ਅਤਿਵਾਦੀ ਦੱਸਣ ਵਾਲੇ ਗੋਦੀ ਮੀਡੀਆ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਹੈ
ਸੱਤਾ ਹਥਿਆਉਣ ਲਈ RSS ਨੇ ਝੂਠਾ ਪ੍ਰਚਾਰ ਕੀਤਾ ਸੀ
ਉਨ੍ਹਾਂ ਨੂੰ ਲਗਦਾ ਹੈ ਕਿ ਉਹ ਸਭ ਨੂੰ ਤਲਵਾਰ ਅਤੇ ਡੰਡੇ ਨਾਲ ਮਨਾ ਲੈਣਗੇ ਪਰ ਹਕੂਮਤ ਦੀ ਇਹ ਸੋਚ ਗ਼ਲਤ ਹੈ
ਨਵੀਂ ਦਿੱਲੀ (ਹਰਜੀਤ ਕੌਰ) : ਬੀਤੇ ਦਿਨੀਂ ਸਿੰਘੂ ਬਾਰਡਰ 'ਤੇ ਮਾਰੇ ਗਏ ਲਖਬੀਰ ਦੇ ਪਰਵਾਰ ਵਾਲਿਆਂ ਵਲੋਂ ਕੁਝ ਲੋਕ ਕੱਲ੍ਹ ਟਿਕਰੀ ਬਾਰਡਰ 'ਤੇ ਇੱਕਠੇ ਹੋਏ ਸਨ ਅਤੇ ਇਸ ਨੂੰ ਜ਼ੁਲਮ ਕਰਾਰ ਦਿੰਦਿਆਂ ਪੈਸੇ ਦੀ ਮੰਗ ਵੀ ਕਰ ਰਹੇ ਸਨ। ਇਸ ਸਾਰੇ ਮਾਮਲੇ ਬਾਰੇ ਸਪੋਕਸਮੈਨ ਨਾਲ ਗਲਬਾਤ ਕਰਦਿਆਂ ਨਰੇਲਾ ਦੇ ਤਨਵੀਰ ਭਾਰਤੀ ਨੇ ਦੱਸਿਆ ਕਿ ਉਹ ਲੋਕ ਸਥਾਨਕ BJP ਦੇ ਵਰਕਰ ਸਨ ਅਤੇ 26 ਜਨਵਰੀ ਦੀ ਘਟਨਾ ਤੋਂ ਬਾਅਦ ਜਿਹੜੇ ਪੱਥਰ ਮਾਰੇ ਗਏ ਸਨ ਉਹ ਵੀ ਉਨ੍ਹਾਂ ਵਲੋਂ ਹੀ ਮਾਰੇ ਗਏ ਸਨ।
ਉਨ੍ਹਾਂ ਕਿਹਾ ਕਿ ਜੋ ਬੀਤੇ ਕੱਲ੍ਹ ਇਕੱਠ ਹੋਇਆ ਉਸ ਵਿਚ ਨਾ ਤਾਂ ਲਖਬੀਰ ਦੀ ਪਤਨੀ ਮੌਜੂਦ ਸੀ ਅਤੇ ਨਾ ਹੀ ਉਸ ਦੀਆਂ ਬੇਟੀਆਂ। ਇਸ ਲਈ ਇਹ ਮੰਨਣਯੋਗ ਨਹੀਂ ਹਾਂ ਕਿ ਉਹ ਲਖਬੀਰ ਦਾ ਪ੍ਰਵਾਰ ਸੀ ਸਗੋਂ ਉਹ ਸਿਰਫ਼ BJP ਦੇ ਵਰਕਰ ਸਨ ਜੋ ਆਏ ਦਿਨ ਅਜਿਹੀਆਂ ਘਟਨਾਵਾਂ ਕਰਦੇ ਰਹਿੰਦੇ ਹਨ। ਤਨਵੀਰ ਭਾਰਤੀ ਨੇ ਕਿਹਾ ਕਿ BJP ਵਾਲੇ ਇਹ ਸੋਚਦੇ ਹਨ ਕਿ ਉਨ੍ਹਾਂ ਆਪਣੇ ਹੱਥ ਵਿਚ ਜ਼ੁਲਮ ਦੀ ਤਲਵਾਰ ਫੜੀ ਹੈ ਅਤੇ ਉਹ ਜਨਰਲ ਡਾਇਰ ਦੀ ਔਲਾਦ ਹਨ, ਜਿਵੇਂ ਕਿਤੇ ਕਿਸਾਨਾਂ ਨੂੰ ਗੱਡੀ ਨਾਲ ਤੇ ਕਿਤੇ ਡੰਪਰ ਨਾਲ ਦਰੜਿਆ ਜਾ ਰਿਹਾ ਹੈ। ਉਨ੍ਹਾਂ ਨੂੰ ਲਗਦਾ ਹੈ ਕਿ ਉਹ ਸਭ ਨੂੰ ਤਲਵਾਰ ਅਤੇ ਡੰਡੇ ਨਾਲ ਮਨਾ ਲੈਣਗੇ ਪਰ ਹਕੂਮਤ ਦੀ ਇਹ ਸੋਚ ਗ਼ਲਤ ਹੈ।
tanveer bharti
ਭਾਰਤੀ ਨੇ ਕਿਹਾ ਕਿ ਮੈਂ ਹਕੂਮਤ ਨੂੰ ਦਸ ਦੇਣਾ ਚਾਹੁੰਦਾ ਹਾਂ, ''ਚੰਗਿਆੜੀ ਤੁਹਾਡੇ ਵਿਚੋਂ ਉੱਠ ਚੁੱਕੀ ਹੈ, ਅੱਜ ਇੱਕ MLA ਬੋਲਿਆ ਹੈ ਕਲ੍ਹ ਨੂੰ 10 ਬੋਲਣਗੇ ਅੱਜ ਇੱਕ MLA ਅਸਤੀਫ਼ਾ ਦੇਵੇਗਾ ਫਿਰ 10 ਵੀ ਦੇਣਗੇ। ਤੁਹਾਡਾ ਸਮਾਂ ਖ਼ਰਾਬ ਹੋਣ ਵਾਲਾ ਹੈ। ਸਮਾਂ ਰਹਿੰਦਿਆਂ ਅੰਨਦਾਤਾ ਦੀ ਗੱਲ ਮਨ ਲਓਗੇ ਤਾਂ ਉਸ ਵਿਚ ਹੀ ਸਰਕਾਰ ਦਾ ਭਲਾ ਹੈ। ਉਨ੍ਹਾਂ ਕਿਹਾ ਕਿ ਜੋ 75 ਸਾਲ ਵਿਚ ਸਾਡੇ ਸਾਬਕਾ ਪ੍ਰਧਾਨ ਮੰਤਰੀਆਂ ਨੇ ਪੂਰੀ ਦੁਨੀਆਂ ਵਿਚ ਦੇਸ਼ ਦਾ ਅਕਸ ਬਣਾਇਆ ਸੀ ਉਹ ਮੋਦੀ ਸਰਕਾਰ ਨੇ ਖ਼ਰਾਬ ਕਰ ਦਿਤਾ ਹੈ।
ਉਨ੍ਹਾਂ ਕਿਹਾ ਕਿ ਜੋ ਲੋਕ ਖ਼ੁਦ ਨੂੰ ਲਖਬੀਰ ਦਾ ਪ੍ਰਵਾਰ ਦਸ ਰਹੇ ਸਨ ਜੇ ਉਨ੍ਹਾਂ ਦੀ ਮੰਗ ਪੰਜਾਬ ਸਰਕਾਰ ਤੋਂ ਸੀ ਤਾਂ ਉਨ੍ਹਾਂ ਨੂੰ ਪੰਜਾਬ ਜਾਂ ਦਿੱਲੀ ਸਥਿਤ ਪੰਜਾਬ ਹਾਊਸ ਜਾਣਾ ਚਾਹੀਦਾ ਸੀ ਪਰ ਉਹ ਇਥੇ ਸਿਰਫ਼ ਕਿਸਾਨਾਂ ਨਾਲ ਲੜਾਈ ਕਰ ਇਸ ਮਾਮਲੇ ਨੂੰ ਵਿਗਾੜਨ ਦੇ ਮਨਸੂਬੇ ਤਹਿਤ ਆਏ ਸਨ। ਉਨ੍ਹਾਂ ਅੱਗੇ ਕਿਹਾ ਕਿ ਬੀਤੇ ਸਮੇਂ ਦੀਆਂ ਸਰਕਾਰਾਂ ਨੇ ਕਦੇ ਵੀ ਅਜਿਹਾ ਕੰਮ ਨਹੀਂ ਕੀਤਾ, ਜਿੰਨੀ ਹੋਸ਼ੀ ਰਾਜਨੀਤੀ ਭਾਜਪਾ ਸਰਕਾਰ ਕਰ ਰਹੀ ਹੈ।
ਤਨਵੀਰ ਨੇ ਕਿਹਾ ਕਿ ਮੌਜੂਦਾ ਸਰਕਾਰ ਕਿਸੇ ਵੀ ਜਾਤ ਧਰਮ ਦੇ ਲੋਕਾਂ ਦੀ ਸਕੀ ਨਹੀਂ ਹੈ। ਹਰਿਆਣਾ ਵਿਚ ਰਾਖਵੇਂਕਰਨ ਦੇ ਨਾਮ 'ਤੇ ਜਾਟ ਭਾਈਚਾਰੇ 'ਤੇ ਤਸ਼ੱਦਦ ਕੀਤਾ, ਸਹਾਰਨਪੁਰ 'ਚ ਦਲਿਤ ਭਰਾਵਾਂ ਦੇ 150 ਘਰ ਸਾੜ ਦਿਤੇ,ਹਾਥਰਾਸ 'ਚ ਬਾਲਮਿਕੀਆਂ ਨੂੰ ਸਾੜਿਆ ਗਿਆ,ਦਿੱਲੀ ਵਿਚ ਮੁਸਲਮਾਨਾਂ ਨੂੰ ਅਤੇ ਕਾਲਜਾਂ ਵਿਚ ਵਿਦਿਆਰਥੀਆਂ ਨੂੰ ਨਿਸ਼ਾਨਾਂ ਬਣਾਇਆ ਗਿਆ, ਤਾਂ ਇਹ ਸਰਕਾਰ ਹੈ ਕਿਸ ਦੀ ?
Farmer protest
ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਪੰਜ ਵਾਰ ਤੁਹਾਡੇ ਘਰ ਲੋਨ ਬਾਬਤ ਚਿੱਠੀ ਦੇਣ ਗਿਆ ਜਿਸ ਦੀ ਰਸੀਵਿੰਗ ਵੀ ਮੇਰੇ ਕੋਲ ਹੈ, ਪਰ ਮੈਨੂੰ ਪੰਜ ਲੱਖ ਦਾ ਲੋਨ ਨਹੀਂ ਮਿਲਿਆ। ਤੁਹਾਡੀ ਸਰਕਾਰ ਬੇਟੀ ਪੜ੍ਹਾਉ ਬੇਟੀ ਬਚਾਉ ਦਾ ਨਾਹਰਾ ਲਗਾਉਂਦੀ ਹੈ ਪਰ ਮਦਦ ਕਰਨ ਵੇਲੇ ਪਿੱਛੇ ਹਟ ਜਾਂਦੀ ਹੈ। ਉਨ੍ਹਾਂ ਕਿਹਾ ਕਿ ਧੀ ਦੇ ਵਿਆਹ ਲਈ ਜੋ ਲੋਨ ਮੰਗਿਆ ਸੀ ਸਰਕਾਰ ਨੇ ਨਹੀਂ ਦਿਤਾ ਪਰ ਸਰਕਾਰ ਸਿਰਫ਼ ਜਨਤਾ ਦੇ ਕੰਮ ਕਰਨ ਦਾ ਢੋਲ ਵਜਾਉਂਦੀ ਹੈ।
ਉਨ੍ਹਾਂ ਕਿਹਾ ਕਿ ਮੈਂ ਇਮਾਨਦਾਰੀ ਨਾਲ ਰਿਕਸ਼ਾ ਚਲਾਉਂਦਾ ਹਾਂ, ਪਰਮਾਤਮਾ ਮਦਦਗਾਰ ਹੈ, ਧੀ ਦਾ ਵਿਆਹ ਵੀ ਕਰ ਲਵਾਂਗਾ ਪਰ ਦੁੱਖ ਇਸ ਗੱਲ ਦਾ ਹੈ ਕਿ ਸਰਕਾਰ ਪਿਛਲੇ 11 ਮਹੀਨਿਆਂ ਤੋਂ ਹੱਕੀ ਮੰਗਾਂ ਲਈ ਸੜਕਾਂ 'ਤੇ ਬੈਠੇ ਕਿਸਾਨਾਂ ਦੀਆਂ ਮੰਗਾਂ ਵੀ ਨਹੀਂ ਮੰਨ ਰਹੀ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ : ਇੱਕ ਹੋਰ ਸੰਘਰਸ਼ੀ ਕਿਸਾਨ ਨੇ ਦੁਨੀਆਂ ਨੂੰ ਕਿਹਾ ਅਲਵਿਦਾ
ਉਨ੍ਹਾਂ ਕਿਹਾ ਕਿ ਮੌਜੂਦਾ ਅਹੁਦੇਦਾਰਾਂ ਨੂੰ ਅਸਤੀਫ਼ੇ ਦੇ ਦੇਣੇ ਚਾਹੀਦੇ ਹਨ। ਸਰਕਾਰ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਹੈ ਜੋ ਅਜਿਹੇ ਜਾਤੀਵਾਦ ਦੇ ਨਾਮ 'ਤੇ ਹਿੰਸਕ ਘਟਨਾਵਾਂ ਕਰਵਾ ਰਹੀ ਹੈ। ਤਨਵੀਰ ਭਾਰਤੀ ਨੇ ਸਖ਼ਤ ਲਹਿਜ਼ੇ ਵਿਚ ਕਿਹਾ ਕਿ ਸਰਕਾਰ ਨੇ ਆਪਣੇ ਕਾਰਜਕਾਲ ਵਿਚ ਸਿਰਫ਼ ਨਫ਼ਰਤ ਦਾ ਬਾਜ਼ਾਰ ਗ਼ਰਮ ਕੀਤਾ ਹੈ ਭਾਵੇਂ ਕਿ ਇਹ ਕਹਿੰਦੇ ਹਨ ਕੇ 50 ਸਾਲ ਸੱਤਾ 'ਚ ਰਹਾਂਗੇ ਪਰ ਮੈਂ ਸਰਕਾਰ ਨੂੰ ਚੈਲੇਂਜ ਕਰਦਾ ਹਾਂ ਕਿ ਹਰ ਮੋਰਚੇ ਵਿਚ ਸਭ ਤੋਂ ਅੱਗੇ ਖੜਾ ਰਹਾਂਗਾ। ਉਨ੍ਹਾਂ ਕਿਹਾ ਕਿ ਮੈਂ ਕਿਸਾਨ ਅੰਦੋਲਨ ਵਿਚ ਹੀ ਨਹੀਂ ਸਗੋਂ 84 ਦਾ ਕਤਲੇਆਮ ਵੀ ਦੇਖਿਆ ਹੈ ਜਿਸ ਵਕਤ ਮੈਂ ਬੱਚਾ ਸੀ।
ਭਾਰਤੀ ਨੇ ਕਿਹਾ ਕਿ ਮੈਂ ਗ਼ਰੀਬ ਜ਼ਰੂਰ ਹਾਂ ਪਰ ਖ਼ੁਦਦਾਰ ਇਨਸਾਨ ਹਾਂ। ਭਾਵੇਂ ਮੇਰੇ ਕੋਲ ਜ਼ਮੀਨ ਨਹੀਂ ਹੈ ਪਰ ਮੇਰਾ ਜ਼ਮੀਰ ਜ਼ਿੰਦਾ ਹੈ।ਮੌਜੂਦਾ ਸਰਕਾਰ ਦੇਸ਼ ਨੂੰ ਬਰਬਾਦੀ ਦੀ ਰਾਹ 'ਤੇ ਲੈ ਕੇ ਜਾ ਰਹੀ ਹੈ ਅਤੇ ਫਿਰ ਤੋਂ ਗ਼ੁਲਾਮੀ ਦੀ ਸਥਿਤੀ ਪੈਦਾ ਕੀਤੀ ਜਾ ਰਹੀ ਹੈ। ਪਹਿਲਾਂ ਜਿਹੜੇ ਤਾਲਿਬਾਨ ਨੂੰ ਮੋਦੀ ਜੀ ਅਤਿਵਾਦੀ ਦਸਦੇ ਸਨ ਉਨ੍ਹਾਂ ਨੂੰ ਹੁਣ ਜਿੱਤ ਦੇ ਹਰ ਪਾ ਰਹੇ ਹਨ।
tanveer bharti
ਇਹ ਵੀ ਪੜ੍ਹੋ : ਦੋਹਰਾ ਸੰਵਿਧਾਨ ਮਾਮਲਾ : ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਨੂੰ ਹੁਸ਼ਿਆਰਪੁਰ ਅਦਾਲਤ ਨੇ ਭੇਜਿਆ ਸੰਮਨ
ਇਸ ਮੌਕੇ ਤਨਵੀਰ ਭਾਰਤੀ ਨੇ ਗੋਦੀ ਮੀਡੀਆ ਨੂੰ ਵੀ ਕਰੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕੇ ਮੈਨੂੰ ਕਦੇ ਵੀ ਆਪਣੀ ਸ਼ਕਲ ਨਾ ਦਿਖਾਇਓ। ਜੇ ਕਦੇ ਮੇਰੇ ਸਹਿਮੇ ਕੋਈ ਗੋਦੀ ਪੱਤਰਕਾਰ ਆਇਆ ਤਾਂ ਮੇਰੀਆਂ ਜੁੱਤੀਆਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਤਾਲਿਬਾਨ ਨੂੰ ਅਤਿਵਾਦੀ ਦੱਸਣ ਵਾਲਾ ਮੀਡੀਆ ਹੁਣ ਕਿਉਂ ਨਹੀਂ ਬੋਲ ਰਿਹਾ ਜਦੋਂ ਮੋਦੀ ਵਲੋਂ ਤਾਲਿਬਾਨ ਨੂੰ ਕਲੀਨ ਚਿੱਟ ਦਿਤੀ ਗਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਅਤਿਵਾਦੀ ਦੱਸਣ ਵਾਲੇ ਗੋਦੀ ਮੀਡੀਆ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਸੱਤਾ ਹਥਿਆਉਣ ਲਈ RSS ਨੇ ਝੂਠਾ ਪ੍ਰਚਾਰ ਕੀਤਾ ਸੀ, ਕਿਹਾ ਸੀ ਕਿ ਸਰਕਾਰ ਬਣਨ 'ਤੇ ਪਾਕਿਸਤਾਨ ਨੂੰ ਦੁਨੀਆਂ ਦੇ ਨਕਸ਼ੇ ਤੋਂ ਮਿਟਾ ਦੇਵਾਂਗੇ, ਚੀਨ ਨੂੰ ਅੱਖਾਂ ਦਿਖਾਵਾਂਗੇ, ਪਰ ਇਹ ਸਭ ਕੋਰਾ ਝੂਠ ਨਿਕਲਿਆ। ਭਾਰਤ ਵਿਚ ਬੰਗਲਾਦੇਸ਼ੀ ਨਸ਼ਾ ਤਸਕਰੀ ਕਰ ਰਹੇ ਹਨ ਅਤੇ ਮੋਦੀ ਸਰਕਾਰ ਵਲੋਂ ਉਨ੍ਹਾਂ ਨੂੰ ਪੂਰੀ ਹਮਾਇਤ ਦਿਤੀ ਜਾ ਰਹੀ ਹੈ।
Farmer Protest
ਜੋ ਨਸ਼ਾ ਅੱਜ ਫੜਿਆ ਜਾ ਰਿਹਾ ਹੈ ਉਹ ਸਿਰਫ਼ ਹੁਣ ਨਹੀਂ ਸਗੋਂ ਪਿਛਲੇ 7 ਸਾਲਾਂ ਤੋਂ ਅੰਬਾਨੀ ਅਡਾਨੀ ਦੇ ਪੋਰਟ 'ਤੇ ਉਤਰ ਰਿਹਾ ਹੈ ਅਤੇ ਹੁਣ ਤੱਕ ਸੱਤਰ ਖੇਪਾਂ ਭਾਰਤ ਆ ਚੁਕੀਆਂ ਹਨ ਜਿਸ ਨਾਲ ਭਾਰਤ ਦੇ ਨੌਜਵਾਨਾਂ ਨੂੰ ਨਿਸ਼ਾਨਾਂ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦਾ ਮਤਲਬ ਸਾਫ਼ ਹੈ ਕਿ ਜਦੋਂ ਸਾਡਾ ਦੇਸ਼ ਨਸ਼ੇ ਦਾ ਆਦੀ ਹੋ ਜਾਵੇਗਾ ਤਾਂ ਕੋਈ ਵੀ ਇਸ 'ਤੇ ਰਾਜ ਕਰ ਸਕੇਗਾ। ਇਸ ਲਈ ਅੱਜ ਦੇਸ਼ ਨੂੰ ਬਚਾਉਣ ਲਈ ਜ਼ਿੰਦਾ ਜ਼ਮੀਰ ਵਾਲੇ ਲੋਕਾਂ ਨੂੰ ਅੱਗੇ ਆਉਣ ਦੀ ਲੋੜ ਹੈ।