
ਜ਼ਿਮਨੀ ਚੋਣ ਤੋਂ ਪਹਿਲਾਂ ਇਕ ਸਰਕਾਰੀ ਸਮਾਰੋਹ ’ਚ ਸਿਆਸੀ ਟਿਪਣੀ ਕਰਨ ਲਈ ਸ਼ਾਹ ਵਿਰੁਧ ਕਾਰਵਾਈ ਦੀ ਮੰਗ ਕੀਤੀ
ਨਵੀਂ ਦਿੱਲੀ : ਪਛਮੀ ਬੰਗਾਲ ’ਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੇ ਮੰਗਲਵਾਰ ਨੂੰ ਦੋਸ਼ ਲਾਇਆ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੂਬੇ ਦੇ ਅਪਣੇ ਹਾਲੀਆ ਦੌਰੇ ਦੌਰਾਨ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਹੈ।
ਪਾਰਟੀ ਨੇ ਮੰਗ ਕੀਤੀ ਕਿ ਚੋਣ ਕਮਿਸ਼ਨ 13 ਨਵੰਬਰ ਨੂੰ ਹੋਣ ਵਾਲੀ ਜ਼ਿਮਨੀ ਚੋਣ ਤੋਂ ਪਹਿਲਾਂ ਇਕ ਸਰਕਾਰੀ ਸਮਾਰੋਹ ’ਚ ਸਿਆਸੀ ਟਿਪਣੀ ਕਰਨ ਲਈ ਸ਼ਾਹ ਵਿਰੁਧ ਕਾਰਵਾਈ ਕਰੇ।
ਬੰਗਾਲ ’ਚ ਸੱਤਾਧਾਰੀ ਪਾਰਟੀ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤੀ ਜਨਤਾ ਪਾਰਟੀ (ਭਾਜਪਾ) ਨੇਤਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰੇ। ਇਸ ਨੇ ਇਹ ਵੀ ਮੰਗ ਕੀਤੀ ਕਿ ਚੋਣ ਕਮਿਸ਼ਨ ਇਹ ਹੁਕਮ ਜਾਰੀ ਕਰੇ ਕਿ ਸ਼ਾਹ ਨੂੰ ਉਨ੍ਹਾਂ ਜ਼ਿਲ੍ਹਿਆਂ ’ਚ ਕਰਵਾਏ ਸਰਕਾਰੀ ਸਮਾਗਮਾਂ ’ਚ ਸ਼ਾਮਲ ਹੋਣ ਦੌਰਾਨ ‘ਸਿਆਸੀ ਟਿਪਣੀਆਂ’ ਨਹੀਂ ਕਰਨੀਆਂ ਚਾਹੀਦੀਆਂ ਜਿੱਥੇ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ।
ਤ੍ਰਿਣਮੂਲ ਕਾਂਗਰਸ ਨੇ ਦੋਸ਼ ਲਾਇਆ, ‘‘ਅਸੀਂ ਬੰਗਲਾਦੇਸ਼ ਦੀ ਸਰਹੱਦ ਨਾਲ ਲਗਦੇ ਉੱਤਰੀ 24 ਪਰਗਨਾ ਦੇ ਪੈਟਰਾਪੋਲ ’ਚ ਇੰਟੀਗ੍ਰੇਟਿਡ ਚੈੱਕ ਪੋਸਟ, ਮੈਤਰੀ ਗੇਟ ਅਤੇ ਮੁਸਾਫ਼ਰ ਟਰਮੀਨਲ ਦੇ ਉਦਘਾਟਨ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਆਦਰਸ਼ ਚੋਣ ਜ਼ਾਬਤੇ ਦੀ ਗੰਭੀਰ ਉਲੰਘਣਾ ਵਲ ਤੁਰਤ ਤੁਹਾਡਾ ਧਿਆਨ ਖਿੱਚਣਾ ਚਾਹੁੰਦੇ ਹਾਂ।’’
ਪਾਰਟੀ ਨੇ ਕਿਹਾ ਕਿ ਹਦਾਇਤਾਂ ਵਿਚ ਸਪੱਸ਼ਟ ਤੌਰ ’ਤੇ ਕਿਹਾ ਗਿਆ ਹੈ ਕਿ ਉੱਤਰੀ 24 ਪਰਗਨਾ ਦੇ ਅਧੀਨ ਆਉਣ ਵਾਲੇ ਹਰੋਆ ਅਤੇ ਨਾਈਹਾਟੀ ਹਲਕਿਆਂ ਵਿਚ ਜ਼ਿਮਨੀ ਚੋਣਾਂ ਹੋਣੀਆਂ ਹਨ, ਸ਼ਾਹ ਨੇ 27 ਅਕਤੂਬਰ ਨੂੰ ਉੱਤਰੀ 24 ਪਰਗਨਾ ਦੇ ਪੇਟ੍ਰਾਪੋਲ ਵਿਚ ਇਕ ਸਰਕਾਰੀ ਪ੍ਰੋਗਰਾਮ ਵਿਚ ਸਿਆਸੀ ਟਿਪਣੀ ਕੀਤੀ।
ਤ੍ਰਿਣਮੂਲ ਕਾਂਗਰਸ ਨੇ ਦਾਅਵਾ ਕੀਤਾ ਕਿ 2026 ’ਚ ਬਦਲਾਅ ਦੇ ਸੱਦੇ ਦਾ ਇਸ ਪ੍ਰੋਗਰਾਮ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਸ਼ਾਹ ਨੇ ਐਤਵਾਰ ਨੂੰ ਪੈਟਰਾਪੋਲ ’ਚ ਇਕ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਛਮੀ ਬੰਗਾਲ ਦੇ ਵਿਕਾਸ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ 2026 ’ਚ ਪਛਮੀ ਬੰਗਾਲ ’ਚ ਬਦਲਾਅ ਲਿਆਉ ਅਤੇ ਘੁਸਪੈਠ ਨੂੰ ਖਤਮ ਕਰੋ ਅਤੇ ਸੂਬੇ ’ਚ ਸ਼ਾਂਤੀ ਯਕੀਨੀ ਬਣਾਓ। ਪਛਮੀ ਬੰਗਾਲ ’ਚ 2026 ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।
ਚੋਣ ਕਮਿਸ਼ਨ ਨੇ ਐਲਾਨ ਕੀਤਾ ਹੈ ਕਿ ਸੂਬੇ ਦੀਆਂ ਛੇ ਵਿਧਾਨ ਸਭਾ ਸੀਟਾਂ ’ਤੇ ਜ਼ਿਮਨੀ ਚੋਣਾਂ 13 ਨਵੰਬਰ ਨੂੰ ਹੋਣਗੀਆਂ। ਇਨ੍ਹਾਂ ’ਚ ਬਿਹਾਰ ਜ਼ਿਲ੍ਹੇ ਦਾ ਸਿਤਾਈ, ਅਲੀਪੁਰਦੁਆਰ ਦਾ ਮਦਾਰੀਹਾਟ, ਉੱਤਰੀ 24 ਪਰਗਨਾ ਦਾ ਨਾਈਹਾਟੀ ਅਤੇ ਹਰੋਆ, ਪਛਮੀ ਮੇਦਿਨੀਪੁਰ ਦਾ ਮੇਦਿਨੀਪੁਰ ਅਤੇ ਬਾਂਕੁਰਾ ਦਾ ਤਲਡੰਗਰਾ ਸ਼ਾਮਲ ਹਨ।