ਖ਼ਰਾਬ ਮੌਸਮ ਕਾਰਨ ਕਰੀਬ 3,000 ਲੋਕਾਂ ਦੀ ਮੌਤ ਹੋਈ, ਸਭ ਤੋਂ ਵੱਧ 642 ਮੌਤਾਂ, ਪੰਜਾਬ ’ਚ ਖ਼ਰਾਬ ਮੌਸਮ ਨਾਲ ਸਬੰਧਤ ਘਟਨਾਵਾਂ ਕਾਰਨ ਸਭ ਤੋਂ ਵੱਧ ਪਸ਼ੂਆਂ ਦੀ ਮੌਤ
ਨਵੀਂ ਦਿੱਲੀ: ਭਾਰਤ ’ਚ ਇਸ ਸਾਲ ਦੇ ਪਹਿਲੇ 9 ਮਹੀਨਿਆਂ ’ਚ ਲਗਭਗ ਹਰ ਰੋਜ਼ ਮੌਸਮ ਖਰਾਬ ਰਿਹਾ, ਜਿਸ ’ਚ ਕਰੀਬ 3,000 ਲੋਕਾਂ ਦੀ ਮੌਤ ਹੋ ਗਈ। ਬੁਧਵਾਰ ਨੂੰ ਜਾਰੀ ਇਕ ਰੀਪੋਰਟ ’ਚ ਇਹ ਗੱਲ ਕਹੀ ਗਈ।
ਖ਼ੁਦਮੁਖਤਿਆਰ ਸੰਸਥਾ-ਸੈਂਟਰ ਫਾਰ ਸਾਇੰਸ ਐਂਡ ਇਨਵਾਇਰਮੈਂਟ (ਸੀ.ਐੱਸ.ਈ.) ਵਲੋਂ ਜਾਰੀ ਰੀਪੋਰਟ ਮੁਤਾਬਕ ਜਲਵਾਯੂ-ਸੰਵੇਦਨਸ਼ੀਲ ਦੇਸ਼ ’ਚ ਜਨਵਰੀ ਤੋਂ ਸਤੰਬਰ 2023 ਤਕ ਲਗਭਗ 86 ਫੀ ਸਦੀ ਦਿਨ ਮੌਸਮ ਦੀ ਸਥਿਤੀ ਖ਼ਰਾਬ ਰਹੀ, ਯਾਨੀਕਿ ਬਹੁਤ ਜ਼ਿਆਦਾ ਠੰਢ, ਬਹੁਤ ਜ਼ਿਆਦਾ ਗਰਮੀ ਅਤੇ ਬਹੁਤ ਜ਼ਿਆਦਾ ਮੀਂਹ ਵਰਗੇ ਹਾਲਾਤ ਰਹੇ।
ਸੀ.ਐਸ.ਈ. ਨੇ ਕਿਹਾ ਕਿ ਇਸ ਮਿਆਦ ਦੌਰਾਨ ਲਗਭਗ 2,923 ਲੋਕਾਂ ਦੀ ਮੌਤ ਹੋ ਗਈ, ਲਗਭਗ 20 ਲੱਖ ਹੈਕਟੇਅਰ ਖੜੀ ਫਸਲ ਤਬਾਹ ਹੋ ਗਈ, 80,000 ਘਰ ਤਬਾਹ ਹੋ ਗਏ ਅਤੇ 92,000 ਤੋਂ ਵੱਧ ਪਸ਼ੂ ਮਾਰੇ ਗਏ।
ਸੀ.ਐਸ.ਈ. ਦੀ ਡਾਇਰੈਕਟਰ ਜਨਰਲ ਸੁਨੀਤਾ ਨਾਰਾਇਣ ਨੇ ਕਿਹਾ ਕਿ ‘ਇੰਡੀਆ 2023: ਐਨ ਅਸੈਸਮੈਂਟ ਆਫ ਐਕਸਟਰੀਮ ਵੈਦਰ ਈਵੈਂਟਸ’ ਦੇਸ਼ ਵਿਚ ਮੌਸਮ ਦੀਆਂ ਖ਼ਰਾਬ ਸਥਿਤੀਆਂ ਦੇ ਲਗਾਤਾਰ ਵਾਪਰਨ ਅਤੇ ਭੂਗੋਲਿਕ ਖੇਤਰ ’ਤੇ ਸਬੂਤ ਆਧਾਰ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਇਹ ਮੁਲਾਂਕਣ ਸਪੱਸ਼ਟ ਤੌਰ ’ਤੇ ਦਰਸਾਉਂਦਾ ਹੈ ਕਿ ਦੇਸ਼ ਨੇ 2023 ’ਚ ਹੁਣ ਤਕ ਜੋ ਵੇਖਿਆ ਹੈ ਉਹ ਤਾਪਮਾਨ ਵਾਧੇ ਦੀ ਇਸ ਦੁਨੀਆ ’ਚ ਇਕ ਨਵਾਂ ‘ਅਸਧਾਰਨ’ ਵਿਕਾਸ ਹੈ।
ਮੱਧ ਪ੍ਰਦੇਸ਼ ’ਚ ਅਜਿਹੀਆਂ ਸਭ ਤੋਂ ਵੱਧ 138 ਘਟਨਾਵਾਂ ਹੋਈਆਂ। ਹਾਲਾਂਕਿ, ਅਜਿਹੀਆਂ ਘਟਨਾਵਾਂ ਕਾਰਨ ਸਭ ਤੋਂ ਵੱਧ ਮੌਤਾਂ ਬਿਹਾਰ (642), ਹਿਮਾਚਲ ਪ੍ਰਦੇਸ਼ (365) ਅਤੇ ਉੱਤਰ ਪ੍ਰਦੇਸ਼ (341) ’ਚ ਹੋਈਆਂ। ਖ਼ਰਾਬ ਮੌਸਮ ਕਾਰਨ ਪੰਜਾਬ ਅੰਦਰ ਸਭ ਤੋਂ ਵੱਧ ਪਸ਼ੂਆਂ ਦੀ ਮੌਤ ਹੋਈ, ਜਦਕਿ ਹਿਮਾਚਲ ਪ੍ਰਦੇਸ਼ ’ਚ ਘਰਾਂ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ।
ਰੀਪੋਰਟ ਮੁਤਾਬਕ ਦਖਣੀ ਖੇਤਰ ’ਚ ਕੇਰਲ ਅੰਦਰ ਸਭ ਤੋਂ ਵੱਧ 67 ਦਿਨ (67 ਦਿਨ) ਮੌਸਮ ਖ਼ਰਾਬ ਰਿਹਾ, ਜਦਕਿ ਉੱਤਰ-ਪਛਮੀ ਭਾਰਤ ’ਚ ਉੱਤਰ ਪ੍ਰਦੇਸ਼ ’ਚ ਸਭ ਤੋਂ ਵੱਧ 113 ਦਿਨ ਮੌਸਮ ਖ਼ਰਾਬ ਵੇਖਣ ਨੂੰ ਮਿਲਿਆ। ਸੀ.ਐਸ.ਈ. ਨੇ ਕਿਹਾ ਕਿ ਇਸ ਸਾਲ ਜਨਵਰੀ ਦਾ ਮਹੀਨਾ ਔਸਤ ਨਾਲੋਂ ਥੋੜ੍ਹਾ ਗਰਮ ਰਿਹਾ, ਜਦਕਿ ਫਰਵਰੀ ਨੇ ਸਭ ਤੋਂ ਗਰਮ ਹੋਣ ਦੇ ਮਾਮਲੇ ’ਚ 122 ਸਾਲਾਂ ਦਾ ਰੀਕਾਰਡ ਤੋੜ ਦਿਤਾ।