
ਬਹੁਤ ਸਾਰੇ ਮੁਲਜ਼ਮ ਅਜੇ ਵੀ ਬਾਹਰ ਹਨ ਅਤੇ ਉਹ ਅਜੇ ਵੀ ਸਾਨੂੰ ਨੁਕਸਾਨ ਪਹੁੰਚਾ ਸਕਦੇ ਹਨ : ਫਰੀਦਾ ਸ਼ੇਖ
Gujarat news : ਗੁਜਰਾਤ ਸਰਕਾਰ ਨੇ 2002 ਦੇ ਗੋਧਰਾ ਰੇਲ ਗੱਡੀ ਸਾੜਨ ਦੀ ਘਟਨਾ ਅਤੇ ਉਸ ਤੋਂ ਬਾਅਦ ਹੋਏ ਦੰਗਿਆਂ ਦੀ ਜਾਂਚ ਕਰ ਰਹੀ ਸੁਪਰੀਮ ਕੋਰਟ ਵਲੋਂ ਨਿਯੁਕਤ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਦੇ ਗਵਾਹ ਸੁਰੱਖਿਆ ਸੈੱਲ ਦੀ ਸਿਫਾਰਸ਼ ’ਤੇ 95 ਗਵਾਹਾਂ ਦੀ ਸੁਰੱਖਿਆ ਵਾਪਸ ਲੈ ਲਈ ਹੈ। ਇਕ ਸੀਨੀਅਰ ਅਧਿਕਾਰੀ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ।
ਐੱਸ.ਆਈ.ਟੀ. ਨੇ ਦੰਗਾ ਪੀੜਤਾਂ ਦੀ ਨੁਮਾਇੰਦਗੀ ਕਰ ਰਹੇ ਇਕ ਵਕੀਲ ਅਤੇ ਇਕ ਸੇਵਾਮੁਕਤ ਜੱਜ ਨੂੰ ਦਿਤੀ ਗਈ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੀ ਸੁਰੱਖਿਆ ਵੀ ਵਾਪਸ ਲੈ ਲਈ ਹੈ।
ਸਹਾਇਕ ਪੁਲਿਸ ਕਮਿਸ਼ਨਰ (ਹੈੱਡਕੁਆਰਟਰ) ਐਫ.ਏ. ਸ਼ੇਖ ਨੇ ਕਿਹਾ, ‘‘ਸੁਪਰੀਮ ਕੋਰਟ ਵਲੋਂ ਗਠਿਤ ਵਿਸ਼ੇਸ਼ ਜਾਂਚ ਟੀਮ ਦੇ ਗਵਾਹ ਸੁਰੱਖਿਆ ਸੈੱਲ ਦੀ ਸਿਫਾਰਸ਼ ਦੇ ਆਧਾਰ ’ਤੇ ਅਹਿਮਦਾਬਾਦ ਪੁਲਿਸ ਨੇ ਨਰੋਦਾ ਗਾਮ, ਨਰੋਦਾ ਪਾਟੀਆ ਅਤੇ ਗੁਲਬਰਗ ਸੁਸਾਇਟੀ ਵਰਗੇ ਦੰਗਿਆਂ ਦੇ ਕਈ ਮਾਮਲਿਆਂ ’ਚ 95 ਗਵਾਹਾਂ ਨੂੰ ਦਿਤੀ ਗਈ ਪੁਲਿਸ ਸੁਰੱਖਿਆ ਵਾਪਸ ਲੈ ਲਈ ਹੈ।’’
ਨਰੋਦਾ ਪਾਟੀਆ ਦੰਗਿਆਂ ਦੇ ਮਾਮਲੇ ’ਚ ਗਵਾਹੀ ਦੇਣ ਵਾਲੀ 54 ਸਾਲਾਂ ਦੀ ਫਰੀਦਾ ਸ਼ੇਖ ਦੀ ਸੁਰੱਖਿਆ ਵੀ ਵਾਪਸ ਲੈ ਲਈ ਗਈ ਹੈ।
ਸ਼ੇਖ ਨੇ ਕਿਹਾ, ‘‘ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਸਾਡੇ ਵਰਗੇ ਲੋਕਾਂ ਨੂੰ ਪੁਲਿਸ ਸੁਰੱਖਿਆ ਦਿਤੀ ਗਈ ਸੀ। ਇਕ ਹਥਿਆਰਬੰਦ ਪੁਲਿਸ ਮੁਲਾਜ਼ਮ ਸਵੇਰ ਤੋਂ ਸ਼ਾਮ ਤਕ ਮੇਰੇ ਘਰ ਦੇ ਬਾਹਰ ਪਹਿਰਾ ਦਿੰਦਾ ਰਿਹਾ। 26 ਦਸੰਬਰ ਨੂੰ ਮੈਨੂੰ ਸ਼ਹਿਰ ਦੀ ਪੁਲਿਸ ਨੇ ਸੂਚਿਤ ਕੀਤਾ ਕਿ ਮੇਰਾ ਸੁਰੱਖਿਆ ਘੇਰਾ ਵਾਪਸ ਲੈ ਲਿਆ ਗਿਆ ਹੈ। ਮੈਨੂੰ ਕੋਈ ਕਾਰਨ ਨਹੀਂ ਦਸਿਆ ਗਿਆ।’’
ਉਨ੍ਹਾਂ ਦਾਅਵਾ ਕੀਤਾ ਕਿ ਕਈ ਹੋਰ ਗਵਾਹਾਂ ਨਾਲ ਵੀ ਅਜਿਹਾ ਹੋਇਆ ਹੈ। ਉਨ੍ਹਾਂ ਕਿਹਾ, ‘‘ਅਸੀਂ ਡਰ ’ਚ ਰਹਿ ਰਹੇ ਹਾਂ ਕਿਉਂਕਿ ਬਹੁਤ ਸਾਰੇ ਮੁਲਜ਼ਮ ਅਜੇ ਵੀ ਬਾਹਰ ਹਨ ਅਤੇ ਉਹ ਅਜੇ ਵੀ ਸਾਨੂੰ ਨੁਕਸਾਨ ਪਹੁੰਚਾ ਸਕਦੇ ਹਨ।’’
ਗੁਲਬਰਗ ਸੁਸਾਇਟੀ ਪੀੜਤਾਂ ਵਲੋਂ ਅਦਾਲਤ ’ਚ ਪੇਸ਼ ਹੋਏ ਵਕੀਲ ਐਸ.ਐਮ. ਵੋਰਾ ਦੀ ਸੁਰੱਖਿਆ ਵੀ ਹਾਲ ਹੀ ’ਚ ਵਾਪਸ ਲੈ ਲਈ ਗਈ ਸੀ। ਵੋਰਾ ਨੇ ਕਿਹਾ, ‘‘ਮੈਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਸੀਆਈਐਸਐਫ ਦਾ ਇਕ ਜਵਾਨ ਤਾਇਨਾਤ ਕੀਤਾ ਗਿਆ ਸੀ ਅਤੇ ਐਸਆਈ.ਟੀ. ਨੇ ਸੁਰੱਖਿਆ ਘੇਰਾ ਵਾਪਸ ਲੈਣ ਦਾ ਕੋਈ ਕਾਰਨ ਨਹੀਂ ਦਸਿਆ ਹੈ।’’
ਸੂਤਰਾਂ ਨੇ ਦਸਿਆ ਕਿ ਨਰੋਦਾ ਪਾਟੀਆ ਦੰਗਿਆਂ ਦੇ ਮਾਮਲੇ ’ਚ 32 ਲੋਕਾਂ ਨੂੰ ਦੋਸ਼ੀ ਠਹਿਰਾਉਣ ਵਾਲੀ ਸ਼ਹਿਰ ਦੀ ਸਾਬਕਾ ਪ੍ਰਿੰਸੀਪਲ ਸੈਸ਼ਨ ਜੱਜ ਜੋਤਸਨਾ ਯਾਗਨਿਕ ਦੀ ਸੁਰੱਖਿਆ ਵੀ ਵਾਪਸ ਲੈ ਲਈ ਗਈ ਹੈ।
ਸੇਵਾ ਦੌਰਾਨ ਉਨ੍ਹਾਂ ਨੂੰ ਲਗਭਗ 15 ਧਮਕੀਆਂ ਮਿਲੀਆਂ ਸਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਸੀ.ਆਈ.ਐਸ.ਐਫ. ਸੁਰੱਖਿਆ ਪ੍ਰਦਾਨ ਕੀਤੀ ਗਈ ਸੀ। ਸੂਤਰਾਂ ਨੇ ਦਸਿਆ ਕਿ ਉਸ ਦੀ ਰਿਹਾਇਸ਼ ’ਤੇ ਤਾਇਨਾਤ ਸੀ.ਆਈ.ਐਸ.ਐਫ. ਦੇ ਜਵਾਨਾਂ ਨੇ ਪਿਛਲੇ ਮਹੀਨੇ ਦੀਵਾਲੀ ਤੋਂ ਬਾਅਦ ਉਸ ਨੂੰ ਮਿਲਣਾ ਬੰਦ ਕਰ ਦਿਤਾ ਸੀ।
ਐੱਸ.ਆਈ.ਟੀ. ਦੇ ਗਵਾਹ ਸੁਰੱਖਿਆ ਸੈੱਲ ਦੇ ਮੁੱਖ ਪੁਲਿਸ ਅਧਿਕਾਰੀ ਬੀ.ਸੀ. ਸੋਲੰਕੀ ਨੇ 13 ਦਸੰਬਰ ਨੂੰ ਅਹਿਮਦਾਬਾਦ ਪੁਲਿਸ ਨੂੰ ਚਿੱਠੀ ਲਿਖ ਕੇ ਐੱਸ.ਆਈ.ਟੀ. ਦੇ ਮੁਲਾਂਕਣ ਤੋਂ ਬਾਅਦ ਕੁੱਝ ਗਵਾਹਾਂ ਨੂੰ ਦਿਤੀ ਗਈ ਸੁਰੱਖਿਆ ਵਾਪਸ ਲੈਣ ਦੇ ਫੈਸਲੇ ਬਾਰੇ ਜਾਣਕਾਰੀ ਦਿਤੀ ਸੀ। ਚਿੱਠੀ ਵਿਚ ਸੋਲੰਕੀ ਨੇ ਸ਼ਹਿਰ ਦੇ ਪੁਲਿਸ ਕਮਿਸ਼ਨਰ ਨੂੰ ਬੇਨਤੀ ਕੀਤੀ ਸੀ ਕਿ ਸੁਰੱਖਿਆ ਘੇਰਾ ਹਟਾਏ ਜਾਣ ਤੋਂ ਬਾਅਦ ਸਬੰਧਤ ਥਾਣੇ ਦੇ ਇੰਚਾਰਜ ਨੂੰ ਗਵਾਹਾਂ ਦੀ ਤੰਦਰੁਸਤੀ ਦਾ ਧਿਆਨ ਰੱਖਣ ਦਾ ਹੁਕਮ ਦਿਤਾ ਜਾਵੇ। ਸੋਲੰਕੀ ਟਿਪਣੀਆਂ ਲਈ ਉਪਲਬਧ ਨਹੀਂ ਸੀ।
(For more news apart from Gujarat news, stay tuned to Rozana Spokesman)