
ਕੇਂਦਰੀ ਗ੍ਰਹਿ ਮੰਤਰਾਲੇ ਨੇ ਸਿੰਘੂ, ਗਾਜੀਪੁਰ ਅਤੇ ਟਿਕਰੀ ਸਰਹੱਦ 'ਤੇ ਇੰਟਰਨੈਟ ਸੇਵਾਵਾਂ ਰੋਕੀਆਂ
ਨਵੀਂ ਦਿੱਲੀ : ਕਿਸਾਨੀ ਅੰਦੋਲਨ ਦੀ 26/1 ਤੋਂ ਬਾਅਦ ਵਧੀ ਤੀਬਰਤਾ ਨੇ ਸਰਕਾਰ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ ਹੈ। ਕਿਸਾਨ ਜਥੇਬੰਦੀਆਂ ਖੁਦ ‘ਤੇ ਹੋ ਰਹੇ ਹਮਲਿਆਂ ਦਾ ਮੂੰਹ ਮੋੜਣ ਲਈ ਜੈਤੋ ਦੇ ਮੋਰਚੇ ਵਾਲਾ ਜ਼ਜ਼ਬਾ ਲੈ ਕੇ ਮੈਦਾਨ ਵਿਚ ਉਤਰ ਆਈਆਂ ਹਨ। ਦੂਜੇ ਪਾਸੇ ਸ਼ਾਂਤਮਈ ਪ੍ਰਦਰਸ਼ਨ ਦੀ ਤਾਕਤ ਨੂੰ ਸਮਝਦਿਆਂ ਸੱਤਾਧਾਰੀ ਧਿਰ ਕਿਸਾਨਾਂ ਨੂੰ ਭੜਕਾਉਣ ਦਾ ਕੋਈ ਵੀ ਮੌਕਾ ਹੱਥੋ ਜਾਣ ਨਹੀਂ ਦੇ ਰਹੀ।
Farmers Protest
ਬੀਤੇ ਕੱਲ੍ਹ ਸਥਾਨਕ ਵਾਸੀਆਂ ਦੇ ਭੇਸ ਵਿਚ ਆਏ ਕੁੱਝ ਬਾਹਰੀ ਹੁੱਲੜਬਾਜ਼ਾਂ ਖਿਲਾਫ ਕਾਰਵਾਈ ਕਰਨ ਦੀ ਥਾਂ ਪ੍ਰਸ਼ਾਸਨ ਨੇ ਅੱਜ ਧਰਨਾ ਸਥਾਨਾਂ ਦੁਆਲੇ ਸਿਕੰਜਾ ਹੋਰ ਕੱਸ ਦਿੱਤਾ ਹੈ। ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜਦੂਰ ਏਕਤ ਜਥੇਬੰਦੀਆਂ ਵਿਚਾਲੇ 26/1 ਨੂੰ ਲੈ ਕੇ ਪਏ ਵਖਰੇਵੇਂ ਦਾ ਲਾਹਾ ਲੈਂਦਿਆਂ ਪ੍ਰਸ਼ਾਸਨ ਨੇ ਦੋਵਾਂ ਧੜਿਆਂ ਦੀਆਂ ਸਟੇਜਾਂ ਵਿਚਾਲੇ ਸਖਤ ਬੈਰੀਕੇਡ ਕਰ ਕੇ ਦੋਵੇਂ ਪਾਸੇ ਦੀਆਂ ਸੰਗਤਾਂ ਵਿਚਲਾ ਸੰਪਰਕ ਕੱਟ ਦਿਤਾ ਹੈ।
Singhu Border
ਬੀਤੇ ਦਿਨ ਕਿਸਾਨ ਮਜਦੂਰ ਏਕਤਾ ਜਥੇਬੰਦੀਆਂ ਦੇ ਧਰਨਾ ਸਥਾਨ ਨੂੰ ਨਿਸ਼ਾਨਾਂ ਬਣਾਉਂਦਿਆਂ ਕੁੱਝ ਲੋਕਾਂ ਨੇ ਪੱਥਰਬਾਜ਼ੀ ਕੀਤੀ ਸੀ, ਜਿਸ ਨਾਲ ਕੁੱਝ ਕਿਸਾਨਾਂ ਤੋਂ ਇਲਾਵਾ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਸਨ। ਦੋਵੇਂ ਜਥੇਬੰਦੀਆਂ ਦੇ ਵਖਰੇਵੇ ਵਿਚ ਉਥੇ ਪਹੁੰਚੀ ਸੰਗਤ ਪਿਸ ਰਹੀ ਹੈ, ਕਿਉਂਕਿ ਧਰਨਿਆਂ ਵਿਚ ਪੰਜਾਬ ਭਰ ਤੋਂ ਲੋਕ ਸ਼ਾਮਲ ਹੋਏ ਹਨ ਜੋ ਦੋਵਾਂ ਧੜਿਆਂ ਨਾਲ ਜੁੜੇ ਹੋਏ ਹਨ।
Internet Service
ਦੂਜੇ ਪਾਸੇ ਕਿਸਾਨੀ ਸੰਘਰਸ਼ ਦੇ ਪ੍ਰਚਾਰ ਨੂੰ ਮਿਲ ਰਹੇ ਭਾਰੀ ਹੁੰਗਾਰੇ ਤੋਂ ਬੁਖਲਾਈ ਸਰਕਾਰ ਨੇ ਧਰਨਾ ਸਥਾਨਾਂ ਨੇੜੇ ਇੰਟਰਨੈੱਟ ਸੇਵਾਵਾਂ ਬੰਦ ਕਰ ਦਿਤੀਆਂ ਹਨ। ਕੇਂਦਰੀ ਗ੍ਰਹਿ ਮੰਤਰਾਲੇ ਮੁਤਾਬਕ ਸਿੰਘੂ, ਗਾਜੀਪੁਰ ਅਤੇ ਟਿਕਰੀ ਸਰਹੱਦ 'ਤੇ ਇੰਟਰਨੈਟ ਸੇਵਾਵਾਂ ਅਸਥਾਈ ਤੌਰ 'ਤੇ ਬੰਦ ਰਹਿਣਗੀਆਂ । ਸਰਕਾਰੀ ਅਧਿਕਾਰੀ ਵਲੋਂ ਸਨਿੱਚਰਵਾਰ ਨੂੰ ਦਿਤੀ ਜਾਣਕਾਰੀ ਮੁਤਾਬਕ ਦਿੱਲੀ ਦੀਆਂ ਤਿੰਨ ਸਰਹੱਦਾਂ ਤੋਂ ਇਲਾਵਾ, ਉਨ੍ਹਾਂ ਨਾਲ ਲੱਗਦੇ ਇਲਾਕਿਆਂ 'ਚ 29 ਜਨਵਰੀ ਰਾਤ 11 ਵਜੇ ਤੋਂ 31 ਜਨਵਰੀ ਰਾਤ 11 ਵਜੇ ਤਕ ਇੰਟਰਨੈੱਟ ਸੇਵਾਵਾਂ ਮੁਅੱਤਲ ਰਹਿਣਗੀਆਂ। ਇਸ ਤੋਂ ਪਹਿਲਾਂ ਸਰਕਾਰ ਨੇ 26/1 ਦੀ ਘਟਨਾ ਤੋਂ ਬਾਅਦ ਸ਼ਾਮ ਵੇਲੇ ਦਿੱਲੀ ਦੇ ਕੁਝ ਹਿੱਸਿਆਂ ਵਿਚ ਇੰਟਰਨੈਟ ਸੇਵਾਵਾਂ ਨੂੰ ਅਸਥਾਈ ਤੌਰ 'ਤੇ ਬੰਦ ਕੀਤਾ ਸੀ।