
ਲੜਕੇ ਦੀ ਭੈਣ ਦਾ ਕੁੱਝ ਦਿਨਾਂ ਵਿਚ ਹੀ ਵਿਆਹ ਹੈ ਤੇ ਉਸ ਦਾ ਪੈਸਿਆਂ ਵਾਲਾ ਖਾਤਾ ਬਲਾਕ ਹੋ ਗਿਆ ਹੈ
Zomato Delivery Boy: ਨਵੀਂ ਦਿੱਲੀ - ਦਿੱਲੀ ਦੇ ਜੀਟੀਬੀ ਨਗਰ 'ਚ ਸੋਹਮ ਭੱਟਾਚਾਰੀਆ ਨਾਂ ਦੇ ਵਿਅਕਤੀ ਨੇ ਜ਼ੋਮੈਟੋ ਡਿਲੀਵਰੀ ਬੁਆਏ ਨੂੰ ਸੜਕ 'ਤੇ ਰੋਂਦੇ ਦੇਖਿਆ। ਸੋਹਮ ਨੇ ਰੋਂਦੇ ਹੋਏ ਡਿਲੀਵਰੀ ਏਜੰਟ ਨੂੰ ਰੋਣ ਦਾ ਕਾਰਨ ਪੁੱਛਿਆ। ਡਿਲੀਵਰੀ ਬੁਆਏ ਵੱਲੋਂ ਦਿੱਤਾ ਜਵਾਬ ਸਾਰਿਆਂ ਦਾ ਦਿਲ ਪਿਘਲਾ ਦੇਵੇਗਾ। ਜਿਸ ਤੋਂ ਬਾਅਦ ਸੋਹਮ ਭੱਟਾਚਾਰੀਆ ਨਾਮ ਦੇ ਵਿਅਕਤੀ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਉਸ ਡਿਲੀਵਰੀ ਏਜੰਟ ਦੀ ਫੋਟੋ ਸ਼ੇਅਰ ਕੀਤੀ।
ਐਕਸ 'ਤੇ ਫੋਟੋ ਸ਼ੇਅਰ ਕਰਦੇ ਹੋਏ ਯੂਜ਼ਰ ਨੇ ਲਿਖਿਆ ਕਿ ''ਇਸ ਲੜਕੇ ਦਾ ਦਾਅਵਾ ਹੈ ਕਿ ਉਸ ਦੀ ਭੈਣ ਦਾ ਕੁਝ ਦਿਨਾਂ 'ਚ ਵਿਆਹ ਹੋ ਰਿਹਾ ਹੈ ਅਤੇ ਜ਼ੋਮੈਟੋ ਵਾਲਿਆਂ ਨੇ ਉਸ ਦਾ ਅਕਾਊਂਟ ਬਲਾਕ ਕਰ ਦਿੱਤਾ ਹੈ। ਉਹ ਆਪਣੀ ਭੈਣ ਦੇ ਵਿਆਹ ਲਈ ਪੈਸੇ ਇਕੱਠੇ ਕਰ ਰਿਹਾ ਹੈ ਅਤੇ ਇਸ ਕਾਰਨ ਉਸ ਨੇ ਦੋ-ਤਿੰਨ ਦਿਨਾਂ ਤੋਂ ਕੁਝ ਨਹੀਂ ਖਾਧਾ। ਸੜਕ 'ਤੇ ਉਹ ਸਾਰੇ ਲੋਕਾਂ ਕੋਲ ਜਾ ਕੇ ਪੈਸੇ ਮੰਗ ਰਿਹਾ ਹੈ। ਕਿਰਪਾ ਕਰਕੇ ਇਸ ਫੋਟੋ ਨੂੰ ਵਾਇਰਲ ਕਰੋ।" ਸ਼ੇਅਰ ਕੀਤੀ ਫੋਟੋ ਵਿਚ ਡਿਲੀਵਰੀ ਏਜੰਟ ਦੀਆਂ ਅੱਖਾਂ ਵਿਚ ਹੰਝੂ ਦਿਖਾਈ ਦੇ ਰਹੇ ਹਨ।
ਇਸ ਪੋਸਟ ਨੂੰ ਸ਼ੇਅਰ ਕਰਨ ਤੋਂ ਬਾਅਦ 39 ਲੱਖ ਲੋਕਾਂ ਨੇ ਇਹ ਟਵੀਟ ਦੇਖਿਆ ਅਤੇ 70 ਹਜ਼ਾਰ ਲੋਕਾਂ ਨੇ ਲਾਈਕ ਕੀਤਾ। ਸੋਹਮ ਭੱਟਾਚਾਰੀਆ ਦੀ ਪੋਸਟ ਵਾਇਰਲ ਹੋਣ ਤੋਂ ਬਾਅਦ ਜ਼ੋਮੈਟੋ ਤੋਂ ਵੀ ਜਵਾਬ ਆਇਆ ਹੈ। Zomato ਨੇ ਅਪਣੇ ਜਵਾਬ ਵਿਚ ਇਹ ਕਿਹਾ ਹੈ ਕਿ, “ਅਸੀਂ ਆਪਣੇ ਡਿਲੀਵਰੀ ਪਾਰਟਨਰ ਦੀ ਬਹੁਤ ਕਦਰ ਕਰਦੇ ਹਾਂ, ਅਸੀਂ ਸਮਝਦੇ ਹਾਂ ਕਿ ਕਿਸੇ ਵੀ ID ਨੂੰ ਬਲੌਕ ਕਰਨ ਵਰਗੀਆਂ ਕਾਰਵਾਈਆਂ ਦਾ ਕੀ ਪ੍ਰਭਾਵ ਪੈ ਸਕਦਾ ਹੈ।
ਯਕੀਨਨ, ਅਸੀਂ ਅਜਿਹੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦੇ ਹਾਂ। ਅਸੀਂ ਤੁਹਾਨੂੰ ਭਰੋਸਾ ਦਿਵਾਉਂਦੇ ਹਾਂ, ਅਸੀਂ ਇਸ ਦੀ ਜਾਂਚ ਕਰਾਂਗੇ। ਸਾਡੇ ਡਿਲੀਵਰੀ ਪਾਰਟਨਰ ਸਾਡੇ ਲਈ ਸਾਡੇ ਗਾਹਕਾਂ ਵਾਂਗ ਹੀ ਮਹੱਤਵਪੂਰਨ ਹਨ।” ਪੋਸਟ ਸ਼ੇਅਰ ਕਰਨ ਦੇ ਨਾਲ, ਸੋਹਮ ਨੇ ਇੱਕ QR ਕੋਡ ਦੀ ਇੱਕ ਫੋਟੋ ਵੀ ਸ਼ੇਅਰ ਕੀਤੀ ਹੈ ਅਤੇ ਲੋਕਾਂ ਨੂੰ ਉਸ ਡਿਲੀਵਰੀ ਏਜੰਟ ਦੀ ਮਦਦ ਕਰਨ ਲਈ ਕਿਹਾ ਹੈ।
ਸੋਹਮ ਨੇ ਲਿਖਿਆ ਕਿ ਜੇਕਰ ਕੋਈ ਇਸ ਗਰੀਬ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਕਰੋ। ਹਾਲਾਂਕਿ ਮੈਨੂੰ ਯਕੀਨ ਨਹੀਂ ਹੈ ਕਿ ਇਹ ਕਿੰਨਾ ਅਸਲੀ ਹੈ ਪਰ ਉਹ ਰੋ ਰਿਹਾ ਸੀ। ਸੋਹਮ ਨੇ ਪੋਸਟ ਵਿਚ ਜੋਮੈਟੋ ਵਾਲਿਆਂ ਨੂੰ ਵੀ ਟੈਗ ਕੀਤਾ ਹੈ ਅਤੇ ਲਿਖਿਆ ਹੈ ਕਿ ਕਿਰਪਾ ਕਰਕੇ ਇਸ ਵੱਲ ਧਿਆਨ ਦਿਓ।"
ਇਸ ਪੋਸਟ ਦੀ ਟਿੱਪਣੀ ਵਿੱਚ ਸੋਹਮ ਨੇ ਅੱਗੇ ਕਿਹਾ ਕਿ ਜਦੋਂ Zomato ਦੇ ਲੋਕਾਂ ਨੇ ਇਸ ਡਿਲੀਵਰੀ ਏਜੰਟ ਦੇ ਖਾਤੇ ਨੂੰ ਬਲਾਕ ਕਰ ਦਿੱਤਾ ਤਾਂ ਉਹ ਪੈਸੇ ਇਕੱਠੇ ਕਰਨ ਲਈ ਰੈਪਿਡੋ ਦਾ ਕੰਮ ਕਰ ਰਿਹਾ ਹੈ। ਇਸ ਟਿੱਪਣੀ ਦੇ ਜਵਾਬ ਵਿਚ, ਇੱਕ ਵਿਅਕਤੀ ਨੇ ਕਿਹਾ - ਉਸ ਦਾ ਖਾਤਾ ਬਲੌਕ ਕਰ ਦਿੱਤਾ ਗਿਆ ਹੈ ਕਿਉਂਕਿ ਉਸ ਨੇ ਡਿਪਾਜ਼ਿਟ ਰਕਮ ਜਮ੍ਹਾ ਨਹੀਂ ਕੀਤੀ ਸੀ।