ਕੋਰੋਨਾ ਵਾਇਰਸ ਨੇ ਦੇਸ਼ ਵਿਚ ਪੈਰ ਪਸਾਰ ਲਏ ਹਨ, ਇਸ ਨੂੰ ਰੋਕਣ ਲਈ ਸਰਕਾਰ ਵੱਲੋਂ ਲੌਕਡਾਊਨ ਲਾਗੂ ਕੀਤਾ ਹੋਇਆ ਹੈ।
ਨਵੀਂ ਦਿੱਲੀ: ਕੋਰੋਨਾ ਵਾਇਰਸ ਨੇ ਦੇਸ਼ ਵਿਚ ਪੈਰ ਪਸਾਰ ਲਏ ਹਨ, ਇਸ ਨੂੰ ਰੋਕਣ ਲਈ ਸਰਕਾਰ ਵੱਲੋਂ ਲੌਕਡਾਊਨ ਲਾਗੂ ਕੀਤਾ ਹੋਇਆ ਹੈ। ਇਸ ਦੇ ਨਾਲ ਹੀ ਖੋਜਕਰਤਾ ਇਸ ਬਿਮਾਰੀ ਦਾ ਇਲਾਜ ਲੱਭਣ ਵਿਚ ਲੱਗੇ ਹੋਏ ਹਨ। ਇਸ ਮਹਾਮਾਰੀ ਨੂੰ ਦੇਖਦੇ ਹੋਏ ਇਲੈਕਟ੍ਰਾਨਿਕ ਉਪਕਰਣ ਬਣਾਉਣ ਵਾਲੀ ਇਕ ਸਟਾਰਟਅਪ ਕੰਪਨੀ ਨੇ ਕੋਰੋਨਾ ਨਾਲ ਲੜਨ ਲਈ ਸ਼ਾਨਦਾਰ ਵੈਂਟੀਲੇਟਰ ਤਿਆਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।
ਕੰਪਨੀ ਨੇ ਇਹ ਵੈਂਟੀਲੇਟਰ ਤਜ਼ੁਰਬੇਕਾਰ ਅਤੇ ਸ਼ਾਨਦਾਰ ਟੀਮ ਦੀ ਮਦਦ ਨਾਲ ਬਣਾਇਆ ਹੈ। ਇਲੈਕਟ੍ਰਾਨਿਕ ਉਪਕਰਣ ਬਣਾਉਣ ਵਾਲੀ ਕੰਪਨੀ ਨੇ ਕੋਰੋਨਾ ਵਾਇਰਸ ਮਰੀਜ਼ਾਂ ਦੇ ਮੱਦੇਨਜ਼ਰ ਇਕ ਅਤਿ ਆਧੁਨਿਕ ਵੈਂਟੀਲੇਟਰ ਬਣਾਇਆ ਹੈ, ਜੋ ਨਾ ਸਿਰਫ ਕੀਮਤਾਂ ਵਿਚ ਸਸਤਾ ਸਾਬਤ ਹੋ ਸਕਦਾ ਹੈ, ਬਲਕਿ ਇਸ ਵੈਂਟੀਲੇਟਰ ਦੀਆਂ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਹਨ।
ਇਹ ਅਤਿ ਆਧੁਨਿਕ ਵੈਂਟੀਲੇਟਰ ਪੋਰਟੇਬਲ ਹੈ ਅਤੇ ਬੈਟਰੀ ਬੈਕਅਪ ਨਾਲ ਲੈਸ ਹੈ। ਕੰਪਨੀ ਦੇ ਮਾਲਕ ਆਸ਼ੀਸ਼ ਦਾ ਕਹਿਣਾ ਹੈ ਕਿ ਸਾਨੂੰ ਇੰਤਜ਼ਾਰ ਹੈ ਕਿ ਸਰਕਾਰ ਸਾਨੂੰ ਇਸ ਅਤਿ ਆਧੁਨਿਕ ਵੈਂਟੀਲੇਟਰ ਨੂੰ ਬਣਾਉਣ ਦੀ ਆਗਿਆ ਦੇਵੇ ਤਾਂ ਜੋ ਅਸੀਂ ਆਪਣਾ ਉਤਪਾਦਨ ਸ਼ੁਰੂ ਕਰ ਸਕੀਏ। ਇਸ ਕੰਪਨੀ ਨਾਲ ਜੁੜੇ ਤਜ਼ੁਰਬੇਕਾਰ ਲੋਕ ਮੰਨਦੇ ਹਨ ਕਿ ਕੋਰੋਨਾ ਵਾਇਰਸ ਨੇ ਜਿਸ ਤਰੀਕੇ ਨਾਲ ਹੁਣ ਤੱਕ ਦੁਨੀਆਂ ਨੂੰ ਪ੍ਰਭਾਵਤ ਕੀਤਾ ਹੈ ਉਹ ਹੈਰਾਨ ਕਰਨ ਵਾਲਾ ਹੈ।
ਕੋਰੋਨਾ ਵਾਇਰਸ ਦੇ ਮੱਦੇਨਜ਼ਰ ਕੰਪਨੀ ਨੇ ਇਸ ਪੋਰਟੇਬਲ ਅਤੇ ਬੈਟਰੀ ਬੈਕਅਪ ਵੈਂਟੀਲੇਟਰ ਨੂੰ ਸਿਰਫ 30 ਹਜ਼ਾਰ ਰੁਪਏ ਦਾ ਬਣਾਇਆ ਹੈ। ਇਹ ਪੋਰਟੇਬਲ ਵੈਂਟੀਲੇਟਰ ਸਾਰੇ ਮਰੀਜ਼ਾਂ ਲਈ ਇਕ ਵਧੀਆ ਵਿਕਲਪ ਸਾਬਤ ਹੋ ਸਕਦਾ ਹੈ। ਕੰਪਨੀ ਦੇ ਮਾਲਕ ਦਾ ਕਹਿਣਾ ਹੈ ਕਿ ਇਸ ਨੂੰ ਓਪਰੇਟ ਕਰਨਾ ਵੀ ਬੇਹੱਦ ਅਸਾਨ ਹੈ।
ਸਿਰਫ ਇਕ ਜਾਂ ਦੋ ਘੰਟੇ ਦੀ ਟ੍ਰੇਨਿੰਗ ਤੋਂ ਬਾਅਦ ਕੋਈ ਵੀ ਵਿਅਕਤੀ ਇਸ ਦੀ ਵਰਤੋਂ ਅਸਾਨੀ ਨਾਲ ਸਿੱਖ ਸਕਦਾ ਹੈ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਹਰ ਰੋਜ਼ 6 ਹਜ਼ਾਰ ਤੋਂ ਵੱਧ ਲੋਕ ਸਮੇਂ ਸਿਰ ਵੈਂਟੀਲੇਟਰ ਦੀ ਸਹੂਲਤ ਨਾ ਮਿਲਣ ਕਾਰਨ ਮਰ ਜਾਂਦੇ ਹਨ।
ਕੰਪਨੀ ਨਾਲ ਜੁੜੇ ਮਾਹਰਾਂ ਦਾ ਕਹਿਣਾ ਹੈ ਕਿ ਇਸ ਕੰਪਨੀ ਨੂੰ ਹਾਲੇ ਤੱਕ ਭਾਰਤ ਸਰਕਾਰ ਤੋਂ ਵੈਂਟੀਲੇਟਰ ਬਣਾਉਣ ਅਤੇ ਇਸ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਮਿਲੀ ਹੈ, ਪਰ ਜੇਕਰ ਭਾਰਤ ਸਰਕਾਰ ਉਹਨਾਂ ਨੂੰ ਇਜਾਜ਼ਤ ਦੇ ਦਿੰਦੀ ਹੈ ਤਾਂ ਇਹ ਨਿਸ਼ਚਤ ਤੌਰ 'ਤੇ ਦੁਨੀਆ ਦਾ ਸਭ ਤੋਂ ਸਸਤੀ ਵੈਂਟੀਲੇਟਰ ਸਾਬਤ ਹੋਵੇਗਾ।