
‘‘ਮੈਂ 99 ਫ਼ੀ ਸਦੀ ਤੋਂ ਵੱਧ ਅੰਕਾਂ ਦੀ ਉਮੀਦ ਕਰ ਰਹੀ ਸੀ, ਪਰ ਕਦੇ ਨਹੀਂ ਸੋਚਿਆ ਸੀ ਕਿ ਇਹ ਪੂਰੇ 100 ਫ਼ੀ ਸਦੀ ਹੋਣਗੇ।"
ਜਮਸ਼ੇਦਪੁਰ/ਰਾਂਚੀ : ਝਾਰਖੰਡ ਦੀ ਸ਼ੰਭਵੀ ਜੈਸਵਾਲ ਨੇ 10ਵੀਂ ਜਮਾਤ ਦੀ ਇੰਡੀਅਨ ਸਕੂਲ ਸਰਟੀਫਿਕੇਟ ਇਮਤਿਹਾਨ (ਸੀ.ਆਈ.ਐਸ.ਸੀ.ਈ.) ’ਚ ਕੁਲ 100 ਫ਼ੀ ਸਦੀ ਅੰਕ ਹਾਸਲ ਕਰ ਕੇ ਕੌਮੀ ਪੱਧਰ ’ਤੇ ਪਹਿਲਾ ਸਥਾਨ ਹਾਸਲ ਕੀਤਾ ਹੈ।
ਸ਼ੰਭਵੀ ਨੇ ਅਪਣੀ ਸਫਲਤਾ ਦਾ ਸਿਹਰਾ ਅਪਣੇ ਮਾਪਿਆਂ ਅਤੇ ਅਧਿਆਪਕਾਂ ਨੂੰ ਦਿੰਦੇ ਹੋਏ ਕਿਹਾ, ‘‘ਮੈਂ 99 ਫ਼ੀ ਸਦੀ ਤੋਂ ਵੱਧ ਅੰਕਾਂ ਦੀ ਉਮੀਦ ਕਰ ਰਹੀ ਸੀ, ਪਰ ਕਦੇ ਨਹੀਂ ਸੋਚਿਆ ਸੀ ਕਿ ਇਹ ਪੂਰੇ 100 ਫ਼ੀ ਸਦੀ ਹੋਣਗੇ। ਮੈਂ ਸ਼ੁਰੂ ’ਚ ਇਸ ’ਤੇ ਵਿਸ਼ਵਾਸ ਨਹੀਂ ਕਰ ਸਕੀ।’’
ਉਸ ਦੇ ਪਰਵਾਰ ਨੇ ਕਿਹਾ ਕਿ ਉਸ ਨੇ ਬਿਨਾਂ ਕੋਈ ਨਿੱਜੀ ਟਿਊਸ਼ਨ ਲਏ ਇਮਤਿਹਾਨ ਦੀ ਤਿਆਰੀ ਕੀਤੀ। ਜਮਸ਼ੇਦਪੁਰ ਦੇ ਲੋਯੋਲਾ ਸਕੂਲ ਦੀ ਵਿਦਿਆਰਥਣ ਸ਼ੰਭਵੀ 2014 ਤੋਂ ਬਾਅਦ ਇਹ ਪ੍ਰਾਪਤੀ ਹਾਸਲ ਕਰਨ ਵਾਲੀ ਵਿਦਿਅਕ ਸੰਸਥਾ ਦੀ ਦੂਜੀ ਵਿਦਿਆਰਥਣ ਬਣ ਗਈ ਹੈ।
ਉਸ ਨੇ ਕਿਹਾ, ‘‘ਮੇਰੀ ਮਾਂ ਨੇ ਵਿਗਿਆਨ ਅਤੇ ਗਣਿਤ ’ਚ ਮੇਰੀ ਮਦਦ ਕੀਤੀ। ਅਧਿਆਪਕਾਂ ਨੇ ਵੀ ਵੱਡੇ ਪੱਧਰ ’ਤੇ ਸਹਾਇਤਾ ਕੀਤੀ। ਮੈਂ ਰੋਜ਼ਾਨਾ ਛੋਟੇ-ਛੋਟੇ ਟੀਚੇ ਨਿਰਧਾਰਤ ਕੀਤੇ ਅਤੇ ਉਨ੍ਹਾਂ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ।’’ ਡਾਕਟਰ ਮਾਤਾ-ਪਿਤਾ ਅਭਿਸ਼ੇਕ ਜੈਸਵਾਲ ਅਤੇ ਓਜਸਵੀ ਸ਼ੰਕਰ ਦੀ ਧੀ ਸ਼ੰਭਵੀ ਆਈ.ਆਈ.ਟੀ. ਬੰਬਈ ਤੋਂ ਕੰਪਿਊਟਰ ਸਾਇੰਸ ’ਚ ਇੰਜੀਨੀਅਰਿੰਗ ਕਰਨਾ ਚਾਹੁੰਦੀ ਹੈ।
ਇਸ ਦੌਰਾਨ ਰਾਂਚੀ ਦੇ ਸੈਕਰਡ ਹਾਰਟ ਸਕੂਲ ਦੇ ਸਾਰੇ 149 ਵਿਦਿਆਰਥੀ 60 ਫੀ ਸਦੀ ਤੋਂ ਵੱਧ ਅੰਕ ਲੈ ਕੇ ਪਾਸ ਹੋਏ। ਰਿਧੀ ਬਰਨਵਾਲ ਨੇ 98.4 ਫ਼ੀ ਸਦੀ ਕੁਲ ਅੰਕ ਲੈ ਕੇ ਸਕੂਲ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ।
ਸਕੂਲ ਅਧਿਕਾਰੀਆਂ ਅਨੁਸਾਰ 51 ਵਿਦਿਆਰਥੀਆਂ ਨੇ 90 ਫ਼ੀ ਸਦੀ ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਪ੍ਰਿੰਸੀਪਲ ਸ੍ਰੀ ਜੋਸਫਿਨ ਜ਼ੈਕਸਾ ਨੇ ਇਸ ਸਫਲਤਾ ਦਾ ਸਿਹਰਾ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਸਮੂਹਿਕ ਯਤਨਾਂ ਨੂੰ ਦਿਤਾ। ਜ਼ੈਕਸਾ ਨੇ ਕਿਹਾ, ‘‘ਨਿਰੰਤਰ ਮਿਹਨਤ, ਨਿਯਮਿਤਤਾ ਅਤੇ ਧਿਆਨ ਸ਼ਾਨਦਾਰ ਨਤੀਜਿਆਂ ਦੀ ਕੁੰਜੀ ਹੈ। ਮੈਂ ਇਸ ਸ਼ਾਨਦਾਰ ਪ੍ਰਾਪਤੀ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦੀ ਹਾਂ। 10ਵੀਂ ਜਮਾਤ ਦੀ ਇਮਤਿਹਾਨ ’ਚ ਲੜਕੀਆਂ ਦੀ ਪਾਸ ਫ਼ੀ ਸਦੀ ਤਾ 99.45 ਫੀ ਸਦੀ ਰਹੀ, ਜਦਕਿ ਲੜਕਿਆਂ ਦੀ ਪਾਸ ਫ਼ੀ ਸਦੀ ਤਾ ਮਾਮੂਲੀ ਘੱਟ 98.64 ਫੀ ਸਦੀ ਰਹੀ।’’