ਰਿਪੋਰਟ ਅਨੁਸਾਰ ਕੋਲਕਾਤਾ ਵਿਚ 2021 ’ਚ ਬਲਾਤਕਾਰ ਦੇ 11 ਮਾਮਲੇ ਸਾਹਮਣੇ ਆਏ, ਜਦਕਿ ਦੇਸ਼ ਵਿਚ ਸਭ ਤੋਂ ਵੱਧ 1,226 ਬਲਾਤਕਾਰ ਦੇ ਮਾਮਲੇ ਦਿੱਲੀ ਵਿਚ ਦਰਜ ਹੋਏ।
ਕੋਲਕਾਤਾ: ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ ਤਾਜ਼ਾ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੋਲਕਾਤਾ ਵਿਚ ਪਿਛਲੇ ਸਾਲ ਦੇਸ਼ ਦੇ 19 ਮਹਾਨਗਰਾਂ ਵਿਚੋਂ ਸਭ ਤੋਂ ਘੱਟ ਬਲਾਤਕਾਰ ਦੇ ਮਾਮਲੇ ਦਰਜ ਕੀਤੇ ਗਏ। ਰਿਪੋਰਟ ਅਨੁਸਾਰ ਕੋਲਕਾਤਾ ਵਿਚ 2021 ’ਚ ਬਲਾਤਕਾਰ ਦੇ 11 ਮਾਮਲੇ ਸਾਹਮਣੇ ਆਏ, ਜਦਕਿ ਦੇਸ਼ ਵਿਚ ਸਭ ਤੋਂ ਵੱਧ 1,226 ਬਲਾਤਕਾਰ ਦੇ ਮਾਮਲੇ ਦਿੱਲੀ ਵਿਚ ਦਰਜ ਹੋਏ। ਜੈਪੁਰ 'ਚ ਬਲਾਤਕਾਰ ਦੇ 502 ਮਾਮਲੇ ਦਰਜ ਕੀਤੇ ਗਏ, ਜਦਕਿ ਮੁੰਬਈ 'ਚ ਬਲਾਤਕਾਰ ਦੇ 364 ਮਾਮਲੇ ਦਰਜ ਹੋਏ।
ਕੋਲਕਾਤਾ ਦੇ ਨਾਲ-ਨਾਲ, ਜਿਨ੍ਹਾਂ ਥਾਵਾਂ ਤੋਂ ਬਲਾਤਕਾਰ ਦੇ ਘੱਟ ਮਾਮਲੇ ਸਾਹਮਣੇ ਆਏ ਹਨ, ਉਹਨਾਂ ਵਿਚ ਤਾਮਿਲਨਾਡੂ ਦਾ ਸ਼ਹਿਰ ਕੋਇੰਬਟੂਰ ਸ਼ਾਮਲ ਹੈ, ਜਿੱਥੇ ਸਿਰਫ 12 ਬਲਾਤਕਾਰ ਦੇ ਮਾਮਲੇ ਸਾਹਮਣੇ ਆਏ ਸਨ, ਪਟਨਾ ਵਿਚ ਅਜਿਹੇ 30 ਮਾਮਲੇ ਸਨ।ਰਿਪੋਰਟ ਮੁਤਾਬਕ ਮੱਧ ਪ੍ਰਦੇਸ਼ ਦੇ ਇੰਦੌਰ ਵਿਚ 165, ਬੰਗਲੁਰੂ ਵਿਚ 117, ਹੈਦਰਾਬਾਦ ਵਿਚ 116 ਅਤੇ ਨਾਗਪੁਰ ਵਿਚ 115 ਬਲਾਤਕਾਰ ਦੇ ਮਾਮਲੇ ਸਾਹਮਣੇ ਆਏ ਹਨ। ਕੋਲਕਾਤਾ ਦਾ ਨਾਂ ਉਹਨਾਂ ਸ਼ਹਿਰਾਂ ਵਿਚ ਵੀ ਸ਼ਾਮਲ ਹੈ ਜਿੱਥੇ ਬਲਾਤਕਾਰ ਦੀ ਕੋਸ਼ਿਸ਼ ਦਾ ਕੋਈ ਮਾਮਲਾ ਦਰਜ ਨਹੀਂ ਹੋਇਆ ਹੈ। ਸਾਲ 2019 'ਚ ਇੱਥੇ ਬਲਾਤਕਾਰ ਦੇ 14 ਅਤੇ 2020 'ਚ 11 ਮਾਮਲੇ ਸਾਹਮਣੇ ਆਏ ਸਨ।
ਰਾਜਸਥਾਨ ਵਿਚ ਪਿਛਲੇ ਸਾਲ ਬਲਾਤਕਾਰ ਦੇ ਸਭ ਤੋਂ ਵੱਧ 6,337 ਮਾਮਲੇ ਦਰਜ ਕੀਤੇ ਗਏ, ਜਦਕਿ ਨਾਗਾਲੈਂਡ ਵਿਚ ਸਭ ਤੋਂ ਘੱਟ ਚਾਰ ਮਾਮਲੇ ਦਰਜ ਕੀਤੇ ਗਏ। ਪੱਛਮੀ ਬੰਗਾਲ ਵਿਚ ਬਲਾਤਕਾਰ ਦੇ 1,123 ਮਾਮਲੇ ਦਰਜ ਹੋਏ ਹਨ। ਕੁੱਲ ਮਿਲਾ ਕੇ ਪਿਛਲੇ ਸਾਲ ਭਾਰਤ ਵਿਚ ਬਲਾਤਕਾਰ ਦੇ 31,677 ਮਾਮਲੇ ਦਰਜ ਕੀਤੇ ਗਏ ਸਨ।