ਦਿੱਲੀ ਪੁਲਿਸ ਕਮਿਸ਼ਨਰ ਸੰਜੇ ਅਰੋੜਾ ਨੇ ਇਸ ਸਬੰਧ 'ਚ ਹੁਕਮ ਜਾਰੀ ਕੀਤਾ
ਨਵੀਂ ਦਿੱਲੀ: ਜੀ-20 ਸੰਮੇਲਨ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਸੁਰੱਖਿਆ ਕਾਰਨਾਂ ਕਰਕੇ 29 ਅਗਸਤ ਤੋਂ 12 ਸਤੰਬਰ ਤਕ ਰਾਸ਼ਟਰੀ ਰਾਜਧਾਨੀ ਵਿਚ 'ਪੈਰਾਗਲਾਈਡਰ', 'ਹੈਂਗ-ਗਲਾਈਡਰ' ਅਤੇ ਗਰਮ ਹਵਾ ਦੇ ਗੁਬਾਰਿਆਂ ਆਦਿ ਦੀ ਉਡਾਣ 'ਤੇ ਪਾਬੰਦੀ ਲਗਾ ਦਿਤੀ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਦਿੱਲੀ ਪੁਲਿਸ ਕਮਿਸ਼ਨਰ ਸੰਜੇ ਅਰੋੜਾ ਨੇ ਮੰਗਲਵਾਰ ਨੂੰ ਇਸ ਸਬੰਧ 'ਚ ਹੁਕਮ ਜਾਰੀ ਕੀਤਾ।
ਇਹ ਵੀ ਪੜ੍ਹੋ: ਚੀਨ ਨੇ ਅਰੁਣਾਂਚਲ ਪ੍ਰਦੇਸ਼ ਅਤੇ ਅਕਸਾਈ ਚਿੰਨ੍ਹ ਨੂੰ ਅਪਣੇ ਦੇਸ਼ ਦਾ ਹਿੱਸਾ ਦਸਿਆ
ਹੁਕਮਾਂ ਵਿਚ ਕਿਹਾ ਗਿਆ ਹੈ ਕਿ ਸੂਚਨਾ ਮਿਲੀ ਹੈ ਕਿ ਕੁੱਝ ਅਪਰਾਧੀ, ਸਮਾਜ ਵਿਰੋਧੀ ਅਨਸਰ ਜਾਂ ਭਾਰਤ ਦੇ ਦੁਸ਼ਮਣ 'ਪੈਰਾਗਲਾਈਡਰ', 'ਪੈਰਾਮੋਟਰ', 'ਹੈਂਗ-ਗਲਾਈਡਰ', ਮਾਨਵ ਰਹਿਤ ਹਵਾਈ ਵਾਹਨਾਂ (ਯੂ.ਏ.ਵੀ.), ਰਿਮੋਟਲੀ ਪਾਇਲਟ ਹਵਾਈ ਜਹਾਜ਼ਾਂ, ਗਰਮ ਹਵਾ ਵਾਲੇ ਗੁਬਾਰਿਆਂ, ਛੋਟੇ ਆਕਾਰ ਦੇ ਵਾਹਨਾਂ, ਜਾਂ 'ਪੈਰਾ-ਜੰਪਿੰਗ' ਆਦਿ ਦੀ ਵਰਤੋਂ ਕਰ ਕੇ ਆਮ ਲੋਕਾਂ, ਪਤਵੰਤਿਆਂ ਅਤੇ ਮਹੱਤਵਪੂਰਨ ਅਦਾਰਿਆਂ ਦੀ ਸੁਰੱਖਿਆ ਲਈ ਖਤਰਾ ਪੈਦਾ ਕਰ ਸਕਦੇ ਹਨ।
ਇਹ ਵੀ ਪੜ੍ਹੋ: ਸ਼੍ਰੋਮਣੀ ਕਮੇਟੀ ਨੇ ਯਾਰੀਆਂ-2 ਫ਼ਿਲਮ ਵਿਚ ਸਿੱਖ ਵਿਰੋਧੀ ਦ੍ਰਿਸ਼ ਨੂੰ ਲੈ ਕੇ ਕਾਨੂੰਨੀ ਕਾਰਵਾਈ ਆਰੰਭੀ
ਹੁਕਮਾਂ ਦੇ ਅਨੁਸਾਰ, ਇਸ ਲਈ ਸ਼ਹਿਰ ਦੇ ਪੁਲਿਸ ਮੁਖੀ ਨੇ ਜੀ-20 ਸੰਮੇਲਨ ਦੌਰਾਨ ਰਾਸ਼ਟਰੀ ਰਾਜਧਾਨੀ ਦੇ ਅਧਿਕਾਰ ਖੇਤਰ ਤੋਂ ਅਜਿਹੇ ਹਵਾਈ ਉਪਕਰਨਾਂ ਦੀ ਉਡਾਣ 'ਤੇ ਪਾਬੰਦੀ ਲਗਾ ਦਿਤੀ ਹੈ ਅਤੇ ਅਜਿਹਾ ਕਰਨਾ ਭਾਰਤੀ ਦੰਡਾਵਲੀ ਦੀ ਧਾਰਾ 188 ਦੇ ਤਹਿਤ ਸਜ਼ਾਯੋਗ ਹੋਵੇਗਾ।
ਇਹ ਵੀ ਪੜ੍ਹੋ: 32 ਕਿਸਾਨ ਜਥੇਬੰਦੀਆਂ ਵਲੋਂ ਹੜ੍ਹਾਂ ਦੇ ਨੁਕਸਾਨ ਦੀ ਭਰਪਾਈ ਦੇ ਮੁਆਵਜ਼ੇ ਲਈ ਸੰਘਰਸ਼ ਦਾ ਐਲਾਨ
ਪੁਲਿਸ ਨੇ ਕਿਹਾ, "ਇਹ ਹੁਕਮ ਮੰਗਲਵਾਰ ਤੋਂ ਲਾਗੂ ਹੋਵੇਗਾ ਅਤੇ 12 ਸਤੰਬਰ ਤਕ ਲਾਗੂ ਰਹੇਗਾ।" ਦੱਸ ਦੇਈਏ ਕਿ ਜੀ-20 ਸੰਮੇਲਨ 9-10 ਸਤੰਬਰ ਨੂੰ ਦਿੱਲੀ 'ਚ ਹੋਣ ਜਾ ਰਿਹਾ ਹੈ ਹੈ। ਪੁਲਿਸ ਨੇ ਦੱਸਿਆ ਕਿ ਸੰਮੇਲਨ ਦੌਰਾਨ ਰਾਸ਼ਟਰੀ ਰਾਜਧਾਨੀ 'ਚ ਆਉਣ ਵਾਲੇ ਡੈਲੀਗੇਟਾਂ ਅਤੇ ਹੋਰ ਸੈਲਾਨੀਆਂ ਦੀ ਆਵਾਜਾਈ ਲਈ ਇਕ ਡਿਜੀਟਲ ਹੈਲਪ ਡੈਸਕ ਸਥਾਪਤ ਕੀਤਾ ਗਿਆ ਹੈ।