ਜੀ-20 ’ਚ ਚੀਨ ਦੀ ਘੁਸਪੈਠ ਦਾ ਕੌਮਾਂਤਰੀ ਪੱਧਰ ’ਤੇ ਪ੍ਰਗਟਾਵਾ ਕੀਤਾ ਜਾਵੇ : ਕਾਂਗਰਸ
ਨਵੀਂ ਦਿੱਲੀ: ਚੀਨ ਨੇ ਅਪਣੇ ‘ਮਾਨਕ ਨਕਸ਼ੇ’ ਦਾ 2023 ਸੰਸਕਰਨ ਜਾਰੀ ਕੀਤਾ ਹੈ ਜਿਸ ’ਚ ਭਾਰਤ ’ਚ ਪੈਂਦੇ ਅਰੁਣਾਂਚਲ ਪ੍ਰਦੇਸ਼ ਅਤੇ ਅਕਸਾਈ ਚਿੰਨ੍ਹ ਸਮੇਤ ਤਾਈਵਾਨ ਅਤੇ ਵਿਵਾਦਤ ਦਖਣੀ ਚੀਨ ਸਾਗਰ ਨੂੰ ਵੀ ਅਪਣੇ ਦੇਸ਼ ਦਾ ਹਿੱਸਾ ਦਰਸਾਇਆ ਹੈ। ਭਾਰਤ ਨੇ ਚੀਨ ਵਲੋਂ ਜਾਰੀ ਕੀਤੇ ਗਏ ਨਵੇਂ ਨਕਸ਼ੇ ਨੂੰ ਖਾਰਜ ਕਰ ਦਿਤਾ ਹੈ। ਚੀਨ ਦੇ ਸਰਕਾਰੀ ਅਖ਼ਬਾਰ ਗਲੋਬਲ ਟਾਈਮਜ਼ ਨੇ ‘ਐਕਸ’ ’ਤੇ ਲਿਖਿਆ, ‘‘ਚੀਨ ਦੇ ਮਾਨਕ ਨਕਸ਼ੇ ਦਾ 2023 ਸੰਸਕਰਣ ਸੋਮਵਾਰ ਨੂੰ ਜਾਰੀ ਕੀਤਾ ਗਿਆ ਅਤੇ ਕੁਦਰਤੀ ਸਰੋਤ ਮੰਤਰਾਲੇ ਦੀ ਮਲਕੀਅਤ ਵਾਲੀ ਮਾਨਕ ਨਕਸ਼ਾ ਸੇਵਾ ਦੀ ਵੈੱਬਸਾਈਟ ’ਤੇ ਇਸ ਨੂੰ ਜਾਰੀ ਕੀਤਾ ਗਿਆ। ਇਹ ਨਕਸ਼ਾ ਚੀਨ ਅਤੇ ਦੁਨੀਆਂ ਦੇ ਵੱਖੋ-ਵੱਖ ਦੇਸ਼ਾਂ ਦੀਆਂ ਕੌਮਾਂਤਰੀ ਸਰਹੱਦਾਂ ਦੀ ਰੇਖਾਂਕਨ ਵਿਧੀ ਦੇ ਆਧਾਰ ’ਤੇ ਤਿਆਰ ਕੀਤਾ ਗਿਆ ਹੈ।’’
ਜਦਕਿ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਿਹਾ, ‘‘ਨਕਸ਼ੇ ਨੂੰ ਕੱਢਣ ਦਾ ਕੋਈ ਮਤਲਬ ਨਹੀਂ ਬਣਦਾ ਹੈ, ਇਹ ਇਲਾਕੇ ਭਾਰਤ ਦੇ ਹਨ। ਇਹ ਸਰਕਾਰ ਇਸ ਬਾਰੇ ਪੂਰੀ ਤਰ੍ਹਾਂ ਸਪੱਸ਼ਟ ਹੈ ਕਿ ਸਾਡੇ ਇਲਾਕੇ ਕੀ ਹਨ। ਬੇਤੁਕੇ ਦਾਅਵੇ ਕਰਨ ਨਾਲ ਦੂਜਿਆਂ ਦੇ ਖੇਤਰ ਤੁਹਾਡੇ ਨਹੀਂ ਬਣ ਜਾਂਦੇ।’’ ‘ਨਾਈਨ-ਡੈਸ਼-ਲਾਈਨ’ ਦੇ ਅਸਿੱਧੇ ਸੰਦਰਭ ’ਚ ਜੋ ਲਗਭਗ ਪੂਰੇ ਦਖਣੀ ਚੀਨ ਸਾਗਰ ਨੂੰ ਬੀਜਿੰਗ ਦੇ ਖੇਤਰ ਵਜੋਂ ਦਾਅਵਾ ਕਰਦੀ ਹੈ, ਜੈਸ਼ੰਕਰ ਨੇ ਕਿਹਾ ਕਿ ‘ਇਹ ਉਨ੍ਹਾਂ ਦੀ ਪੁਰਾਣੀ ਆਦਤ ਹੈ।’
ਅਰੁਣਾਚਲ ਅਤੇ ਅਕਸਾਈ ਚਿਨ ’ਤੇ ਚੀਨ ਨੇ 1962 ਦੀ ਜੰਗ ਵਿਚ ਕਬਜ਼ਾ ਕਰ ਲਿਆ ਸੀ। ਉਧਰ ਵਿਰੋਧੀ ਪਾਰਟੀ ਕਾਂਗਰਸ ਨੇ ਅਰੁਣਾਂਚਲ ਪ੍ਰਦੇਸ਼ ਅਤੇ ਅਕਸਾਈ ਚਿਨ ਨੂੰ ਚੀਨ ਦੇ ਨਕਸ਼ੇ ’ਚ ਵਿਖਾਏ ਜਾਣ ’ਤੇ ਮੰਗਲਵਾਰ ਨੂੰ ਸਖਤ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਕਿ ਇਹ ਭਾਰਤ ਦੇ ਅਨਿੱਖੜਵੇਂ ਹਿੱਸੇ ਹਨ ਜਿਸ ਨੂੰ ਕਿਸੇ ‘ਆਦਤਨ ਅਪਰਾਧੀ’ ਵਲੋਂ ਅਜਿਹੇ ਨਾਜਾਇਜ਼ ਸਰਹੱਦੀਕਰਨ ਜਾਂ ਮਨਮਰਜ਼ੀ ਵਾਲੇ ਤਰੀਕੇ ਨਾਲ ਬਣਾਏ ਨਕਸ਼ੇ ਨਾਲ ਨਹੀਂ ਬਦਲਿਆ ਜਾ ਸਕਦਾ। ਕਾਂਗਰਸ ਨੇ ਸਰਕਾਰ ਨੂੰ ਕਿਹਾ ਕਿ ਆਗਾਮੀ ਜੀ20 ਸੰਮੇਲਨ ਦੌਰਾਨ ਭਾਰਤ ਖੇਤਰ ’ਚ ਚੀਨ ਦੀ ਘੁਸਪੈਠ ਦਾ ਕੌਮਾਂਤਰੀ ਪੱਧਰ ’ਤੇ ਪ੍ਰਗਟਾਵਾ ਕੀਤਾ ਜਾਵੇ।
ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਕਿਹਾ, ‘‘ਹੋਰ ਦੇਸ਼ਾਂ ਨਾਲ ਜੁੜ ਇਲਾਕਿਆਂ ਦਾ ਨਾਂ ਬਦਲਣ ਅਤੇ ਉਨ੍ਹਾਂ ਨੂੰ ਨਕਸ਼ਿਆਂ ’ਤੇ ਦਰਸਾਉਣ ਦੇ ਮਾਮਲੇ ’ਚ ਚੀਨ ਆਦਤਨ ਅਪਰਾਧੀ ਰਿਹਾ ਹੈ। ਕਾਂਗਰਸ ਇਸ ਤਰ੍ਹਾਂ ਦੇ ਨਾਜਾਇਜ਼ ਸਰਹੱਦੀਕਰਨ ਜਾਂ ਭਾਰਤੀ ਖੇਤਰਾਂ ਦਾ ਨਾਂ ਬਦਲਣ ’ਤੇ ਸਖ਼ਤ ਇਤਰਾਜ਼ ਕਰਦੀ ਹੈ।’’