
ਰੇਪ ਅਤੇ ਕਤਲ ਵਰਗੇ ਘਿਨਾਉਣੇ ਅਪਰਾਧਾਂ ਲਈ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਦੁਹਰਾਈ
Kolkata Rape-Murder Case : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਵਾਰ ਫਿਰ ਪੱਤਰ ਲਿਖਿਆ ਹੈ। ਮਮਤਾ ਬੈਨਰਜੀ ਨੇ ਆਪਣੇ ਪੱਤਰ ਵਿੱਚ ਰੇਪ ਨੂੰ ਲੈ ਕੇ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਕੀਤੀ ਹੈ। ਮਮਤਾ ਬੈਨਰਜੀ ਨੇ ਆਪਣੇ ਪੱਤਰ ਵਿੱਚ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਪੀਐਮ ਮੋਦੀ ਵੱਲੋਂ ਪੱਤਰ ਦਾ ਅਜੇ ਤੱਕ ਜਵਾਬ ਨਹੀਂ ਮਿਲਿਆ ਹੈ। ਦੂਜੇ ਪੱਤਰ ਵਿੱਚ ਵੀ ਉਨ੍ਹਾਂ ਨੇ ਸਖ਼ਤ ਕੇਂਦਰੀ ਕਾਨੂੰਨ ਬਣਾਉਣ ਅਤੇ ਰੇਪ ਅਤੇ ਕਤਲ ਵਰਗੇ ਘਿਨਾਉਣੇ ਅਪਰਾਧਾਂ ਲਈ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਦੁਹਰਾਈ ਹੈ।
ਦਰਅਸਲ, 9 ਅਗਸਤ ਨੂੰ ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇੱਕ ਮਹਿਲਾ ਡਾਕਟਰ ਨਾਲ ਰੇਪ ਅਤੇ ਹੱਤਿਆ ਤੋਂ ਬਾਅਦ ਪੂਰੇ ਦੇਸ਼ ਵਿੱਚ ਗੁੱਸਾ ਹੈ। ਇਸ ਸਬੰਧ ਵਿੱਚ ਮਮਤਾ ਬੈਨਰਜੀ ਨੇ ਕੁਝ ਦਿਨ ਪਹਿਲਾਂ ਪੀਐਮ ਮੋਦੀ ਨੂੰ ਇੱਕ ਪੱਤਰ ਲਿਖਿਆ ਸੀ। ਅੱਜ ਲਿਖੇ ਪੱਤਰ ਵਿੱਚ ਉਨ੍ਹਾਂ ਰੇਪ ਅਤੇ ਕਤਲ ਕੇਸਾਂ ਦੇ ਸਮੇਂ ਸਿਰ ਨਿਪਟਾਰੇ ਲਈ ਲਾਜ਼ਮੀ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ।
ਇਸ ਤੋਂ ਪਹਿਲਾਂ ਮਮਤਾ ਬੈਨਰਜੀ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਰੇਪ ਦੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਯਕੀਨੀ ਬਣਾਉਣ ਲਈ ਅਗਲੇ ਹਫਤੇ ਰਾਜ ਵਿਧਾਨ ਸਭਾ ਵਿੱਚ ਮੌਜੂਦਾ ਕਾਨੂੰਨਾਂ ਵਿੱਚ ਸੋਧ ਪਾਸ ਕੀਤਾ ਜਾਵੇਗਾ। ਮਮਤਾ ਬੈਨਰਜੀ ਨੇ ਆਪਣੀ ਚਿੱਠੀ 'ਚ ਲਿਖਿਆ ਹੈ ਕਿ ਉਨ੍ਹਾਂ ਨੇ ਇਸ ਮੁੱਦੇ 'ਤੇ ਪੀਐੱਮ ਮੋਦੀ ਨੂੰ ਚਿੱਠੀ ਲਿਖੀ ਸੀ ਪਰ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ ਹੈ। ਹਾਂ, ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਨੇ ਉਨ੍ਹਾਂ ਨੂੰ ਇੱਕ ਪੱਤਰ ਜ਼ਰੂਰ ਲਿਖਿਆ ਹੈ।
ਮਮਤਾ ਬੈਨਰਜੀ ਦਾ ਕਹਿਣਾ ਹੈ ਕਿ ਮਹਿਲਾ ਤੇ ਬਾਲ ਵਿਕਾਸ ਮੰਤਰੀ ਵੱਲੋਂ ਲਿਖੇ ਪੱਤਰ ਵਿੱਚ ਇਸ ਗੰਭੀਰ ਮੁੱਦੇ ਵੱਲ ਉਚਿਤ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਲਿਖਿਆ ਹੈ, 'ਇਸ ਤਰ੍ਹਾਂ ਦਾ ਜਵਾਬ ਦੇ ਕੇ ਇਸ ਮੁੱਦੇ ਦੀ ਗੰਭੀਰਤਾ ਅਤੇ ਸਮਾਜ ਲਈ ਇਸ ਦੀ ਪ੍ਰਸੰਗਿਕਤਾ ਨੂੰ ਘੱਟ ਸਮਝਿਆ ਗਿਆ ਹੈ। ਮੁੱਖ ਮੰਤਰੀ ਬੈਨਰਜੀ ਨੇ ਅੱਗੇ ਲਿਖਿਆ ਕਿ ਰਾਜ ਸਰਕਾਰ ਨੇ 10 ਵਿਸ਼ੇਸ਼ ਪੋਕਸੋ (ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸੁਅਲ ਆਫੈਂਸ ਐਕਟ) ਅਦਾਲਤ ਨੂੰ ਮਨਜ਼ੂਰੀ ਦਿੱਤੀ ਹੈ।
I have written this letter to the Hon'ble Prime Minister of India in connection with an earlier letter of mine to him. This is a second letter in that reference. pic.twitter.com/5GXKaX6EOZ
— Mamata Banerjee (@MamataOfficial) August 30, 2024
ਜ਼ਿਕਰਯੋਗ ਹੈ ਕਿ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਅਨਾਪੂਰਨਾ ਦੇਵੀ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਪੱਛਮੀ ਬੰਗਾਲ 'ਚ ਔਰਤਾਂ ਦੀ ਹਾਲਤ 'ਬਦਤਰ' ਹੁੰਦੀ ਜਾ ਰਹੀ ਹੈ। ਉਨ੍ਹਾਂ ਨੇ ਮਮਤਾ ਬੈਨਰਜੀ ਸਰਕਾਰ 'ਤੇ ਔਰਤਾਂ ਵਿਰੁੱਧ ਅਪਰਾਧਾਂ ਨਾਲ ਨਜਿੱਠਣ ਲਈ ਫਾਸਟ-ਟਰੈਕ ਅਦਾਲਤ ਅਤੇ ਐਮਰਜੈਂਸੀ ਹੈਲਪਲਾਈਨ ਵਰਗੀਆਂ ਕੇਂਦਰੀ ਯੋਜਨਾਵਾਂ ਨੂੰ ਲਾਗੂ ਕਰਨ 'ਚ ਅਸਫਲ ਰਹਿਣ ਦਾ ਆਰੋਪ ਲਗਾਇਆ। ਦੱਸ ਦੇਈਏ ਕਿ ਬੀਤੀ 9 ਅਗਸਤ ਨੂੰ ਆਰਜੀ ਕਰ ਹਸਪਤਾਲ ਵਿੱਚ ਇੱਕ ਮਹਿਲਾ ਡਾਕਟਰ ਦੀ ਲਾਸ਼ ਮਿਲੀ ਸੀ। ਉਸ ਨਾਲ ਰੇਪ ਹੋਇਆ ਸੀ।