
ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਨੇ ਪੰਜਾਬ ਨੂੰ ਲੋੜੀਂਦੀ ਮਾਤਰਾ ਵਿੱਚ ਖਾਦਾਂ ਦੀ ਸਪਲਾਈ ਦਾ ਦਿੱਤਾ ਭਰੋਸਾ
Punjab News : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਚਨਬੱਧਤਾ ਅਨੁਸਾਰ ਆਗਾਮੀ ਹਾੜ੍ਹੀ ਸੀਜ਼ਨ ਲਈ ਪੰਜਾਬ ਦੇ ਕਿਸਾਨਾਂ ਨੂੰ ਖਾਦਾਂ ਦੀ ਲੋੜੀਂਦੀ ਸਪਲਾਈ ਯਕੀਨੀ ਬਣਾਉਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਿਸ਼ੇਸ਼ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਨੇ ਅੱਜ ਨਵੀਂ ਦਿੱਲੀ ਵਿਖੇ ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਜੇਪੀ ਨੱਢਾ ਨਾਲ ਮੁਲਾਕਾਤ ਕੀਤੀ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਟੈਲੀਫ਼ੋਨ ਰਾਹੀਂ ਗੱਲਬਾਤ ਕਰਕੇ ਕੇਂਦਰੀ ਮੰਤਰੀ ਨੱਢਾ ਨੂੰ ਅਗਸਤ ਮਹੀਨੇ ਵਿੱਚ ਡੀ.ਏ.ਪੀ. ਖਾਦ ਦੀ ਅਲਾਟਮੈਂਟ ਦੇ ਮੁਕਾਬਲੇ ਘੱਟ ਸਪਲਾਈ ਬਾਰੇ ਜਾਣੂ ਕਰਵਾਉਣ ਉਪਰੰਤ ਅੱਜ ਵਿਸ਼ੇਸ਼ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਨਾਲ ਗੱਲਬਾਤ ਕਰਨ ਲਈ ਟੀਮ ਦਿੱਲੀ ਗਈ।
ਇਸ ਮੁਲਾਕਾਤ ਦੌਰਾਨ, ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਅਤੇ ਪੰਜਾਬ ਮਾਰਕਫੈੱਡ ਦੇ ਸੀਨੀਅਰ ਅਧਿਕਾਰੀਆਂ ਨਾਲ, ਕੇ.ਏ.ਪੀ. ਸਿਨਹਾ ਨੇ ਹਾੜ੍ਹੀ ਸੀਜ਼ਨ 2024-25 ਲਈ ਸੂਬੇ ਦੀਆਂ ਖਾਦ ਸਬੰਧੀ ਜ਼ਰੂਰਤਾਂ 'ਤੇ ਚਾਨਣਾ ਪਾਇਆ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਲਗਭਗ 35 ਲੱਖ ਹੈਕਟੇਅਰ ਰਕਬੇ 'ਤੇ ਕਣਕ ਦੀ ਬਿਜਾਈ ਕੀਤੀ ਜਾਣੀ ਹੈ, ਜਿਸ ਲਈ ਲਗਭਗ 5.50 ਲੱਖ ਮੀਟ੍ਰਿਕ ਟਨ ਡਾਇਮੋਨੀਅਮ ਫਾਸਫੇਟ (ਡੀ.ਏ.ਪੀ.) ਖਾਦ ਦੀ ਲੋੜ ਹੈ।
ਸੂਬੇ ਦੇ ਕਿਸਾਨਾਂ ਨੂੰ ਖਾਦਾਂ ਸਮੇਤ ਖੇਤੀ ਲਈ ਲੋੜੀਂਦੀ ਹੋਰ ਸਮੱਗਰੀ ਦੀ ਸਮੇਂ ਸਿਰ ਸਪਲਾਈ ਯਕੀਨੀ ਬਣਾਉਣ ਪ੍ਰਤੀ ਪੰਜਾਬ ਸਰਕਾਰ ਦੀ ਵਚਨਬੱਧਤਾ ਦਹੁਰਾਉਂਦਿਆਂ ਉਨ੍ਹਾਂ ਦੱਸਿਆ ਕਿ ਕੇਂਦਰੀ ਮੰਤਰੀ ਸ੍ਰੀ ਜੇ.ਪੀ. ਨੱਢਾ ਨਾਲ ਮੀਟਿੰਗ ਸਫ਼ਲ ਰਹੀ ਅਤੇ ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਪੰਜਾਬ ਨੂੰ ਆਗਾਮੀ ਹਾੜ੍ਹੀ ਸੀਜ਼ਨ ਦੌਰਾਨ ਲੋੜੀਂਦੀ ਮਾਤਰਾ ਵਿੱਚ ਡੀ.ਏ.ਪੀ. ਅਤੇ ਹੋਰ ਫਾਸਫੇਟਿਕ ਖਾਦਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਜ਼ਿਕਰਯੋਗ ਹੈ ਕਿ ਸਾਲ 2023-24 ਦੌਰਾਨ ਪੰਜਾਬ ਨੇ ਕੇਂਦਰੀ ਪੂਲ ਵਿੱਚ ਕਣਕ ਦਾ 46 ਫ਼ੀਸਦੀ ਹਿੱਸਾ ਪਾਇਆ ਹੈ ਅਤੇ ਇਸ ਸਾਲ ਕਣਕ ਦੀ ਵਧੇਰੇ ਪੈਦਾਵਾਰ ਨੂੰ ਵੇਖਦਿਆਂ ਭਾਰਤ ਸਰਕਾਰ ਨੇ ਹਾਲ ਹੀ ਵਿੱਚ ਕੀਤੀ ਜ਼ੋਨਲ ਕਾਨਫ਼ਰੰਸ ਦੌਰਾਨ ਹਾੜ੍ਹੀ ਸੀਜ਼ਨ 2024-25 ਲਈ ਪੰਜਾਬ ਸੂਬੇ ਨੂੰ 4.50 ਲੱਖ ਮੀਟ੍ਰਿਕ ਟਨ ਡੀ.ਏ.ਪੀ. ਖਾਦ, 1.50 ਲੱਖ ਮੀਟ੍ਰਿਕ ਟਨ ਐਨ.ਪੀ.ਕੇ. (ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ੀਅਮ) ਅਤੇ 1.50 ਲੱਖ ਮੀਟ੍ਰਿਕ ਟਨ ਐਸ.ਐਸ.ਪੀ. (ਸਿੰਗਲ ਸੁਪਰਫਾਸਫੇਟ) ਖਾਦ ਦੀ ਐਲੋਕੇਸ਼ਨ ਕੀਤੀ ਹੈ।
ਕੇ.ਏ.ਪੀ. ਸਿਨਹਾ ਨੇ ਦੱਸਿਆ ਕਿ ਕੇਂਦਰੀ ਮੰਤਰੀ ਸ੍ਰੀ ਜੇ.ਪੀ. ਨੱਢਾ ਨੇ ਭਰੋਸਾ ਦਿੱਤਾ ਹੈ ਕਿ ਡੀ.ਏ.ਪੀ. ਖਾਦ ਅਤੇ ਹੋਰ ਫਾਸਫੇਟਿਕ ਖਾਦਾਂ ਦੀ ਸਪਲਾਈ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਮੰਗ ਅਨੁਸਾਰ ਅਗਲੇ ਦੋ ਮਹੀਨਿਆਂ ਵਿੱਚ ਪੰਜਾਬ ਨੂੰ ਲੋੜੀਂਦੀ ਮਾਤਰਾ ਵਿੱਚ ਖਾਦ ਦੀ ਸਪਲਾਈ ਕਰ ਦਿੱਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਇਹ ਵੰਡ ਖਾਦਾਂ ਸਬੰਧੀ ਸਾਡੇ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਕਰੇਗੀ।
ਇਸ ਦੌਰਾਨ ਕੇ.ਏ.ਪੀ. ਸਿਨਹਾ ਨੇ ਪੰਜਾਬ ਵਿੱਚ ਖਾਦਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਕੇਂਦਰੀ ਰਸਾਇਣ ਅਤੇ ਖਾਦ ਮੰਤਰਾਲੇ ਦੇ ਸਕੱਤਰ ਰਜਤ ਕੁਮਾਰ ਮਿਸ਼ਰਾ ਨਾਲ ਵੀ ਮੀਟਿੰਗ ਕੀਤੀ।
(For more news apart from Special Chief Secretary met Union Minister Nadda News in Punjabi, stay tuned to Rozana Spokesman)