
ਕਿਹਾ - ਸਰਕਾਰ ਵਲੋਂ ਚੁੱਕੇ ਗਏ ਕਦਮ ਜੰਮੂ-ਕਸ਼ਮੀਰ 'ਚ ਸਥਾਈ ਸ਼ਾਂਤੀ ਲੈ ਕੇ ਆਉਣਗੇ ਅਤੇ ਸੂਬੇ ਨੂੰ ਵਿਕਾਸ ਵਲ ਵਧਣ 'ਚ ਸਮਰੱਥ ਬਣਾਉਣਗੇ।
ਅਹਿਮਦਾਬਾਦ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਕਿਹਾ ਕਿ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਵਾਲੇ ਸੰਵਿਧਾਨ ਦੀ ਧਾਰਾ 370 ਨੂੰ ਹਟਾਇਆ ਜਾਣਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਉਨ੍ਹਾਂ ਲਗਭਗ 35 ਹਜ਼ਾਰ ਜਵਾਨਾਂ ਨੂੰ ਸੱਚੀ ਸ਼ਰਧਾਂਜਲੀ ਹੈ, ਜਿਨ੍ਹਾਂ ਨੇ ਸੂਬੇ 'ਚ ਅਤਿਵਾਦ ਨਾਲ ਲੜਦਿਆਂ ਆਪਣੀ ਜਾਨ ਗੁਆ ਦਿੱਤੀ।
Jammu and Kashmir
ਅਮਿਤ ਸ਼ਾਹ ਨੇ ਅਹਿਮਦਾਬਾਦ 'ਚ ਰੈਪਿਡ ਐਕਸ਼ਨ ਫ਼ੋਰਸ ਦੇ 27ਵੇਂ ਸਥਾਪਨਾ ਦਿਵਸ 'ਤੇ ਪਰੇਡ ਦੀ ਸਲਾਮੀ ਲਈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਚੁੱਕੇ ਗਏ ਕਦਮ ਜੰਮੂ-ਕਸ਼ਮੀਰ 'ਚ ਸਥਾਈ ਸ਼ਾਂਤੀ ਲੈ ਕੇ ਆਉਣਗੇ ਅਤੇ ਸੂਬੇ ਨੂੰ ਵਿਕਾਸ ਵਲ ਵਧਣ 'ਚ ਸਮਰੱਥ ਬਣਾਉਣਗੇ। ਉਨ੍ਹਾਂ ਕਿਹਾ, "ਮੇਰਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ-ਕਸ਼ਮੀਰ 'ਚੋਂ ਧਾਰਾ 370 ਅਤੇ 35 ਏ ਨੂੰ ਖ਼ਤਮ ਕਰ ਕੇ 35,000 ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਹੈ।"
Article 370
ਸ਼ਾਹ ਨੇ ਕਿਹਾ, "ਹਾਲਾਤ ਇਹ ਸਨ ਕਿ ਕਈ ਸਾਲਾਂ ਤੋਂ ਜੰਮੂ-ਕਸ਼ਮੀਰ 'ਚ ਸਾਡੇ ਜਵਾਨ ਸ਼ਹੀਦ ਹੋ ਰਹੇ ਸਨ। ਇਹ ਹਾਲਾਤ ਪਿਛਲੇ 70 ਸਾਲ ਤੋਂ ਸਨ, ਪਰ ਇਨ੍ਹਾਂ ਹਾਲਾਤਾਂ 'ਚ ਸੁਧਾਰ ਕਰਨ ਦੀ ਕਿਸੇ ਕੋਲ ਤਾਕਤ ਨਹੀਂ ਸੀ ਅਤੇ ਨਾ ਹੀ ਕਿਸੇ ਨੇ ਇਸ ਵੱਲ ਧਿਆਨ ਦਿੱਤਾ।"
Kashmir
ਜੰਮੂ-ਕਸ਼ਮੀਰ 'ਚ ਹੋਵੇਗਾ ਵਿਕਾਸ :
ਗ੍ਰਹਿ ਮੰਤਰੀ ਨੇ ਕਿਹਾ, "ਮੈਂ ਕਸ਼ਮੀਰ ਅਤੇ ਭਾਰਤ ਦੇ ਲੋਕਾਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਜੰਮੂ-ਕਸ਼ਮੀਰ ਹੁਣ ਵਿਕਾਸ ਦੀ ਲੀਹ 'ਤੇ ਹੋਵੇਗਾ। ਭਾਰਤੀ ਫ਼ੌਜ ਕਸ਼ਮੀਰ 'ਚ ਸ਼ਾਂਤੀ ਬਣਾਈ ਰੱਖਣ ਲਈ ਦਿਨ-ਰਾਤ ਕੋਸ਼ਿਸ਼ ਕਰ ਰਹੀ ਹੈ। ਸ਼ਰਾਰਤੀ ਅਨਸਰਾਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ।" ਜ਼ਿਕਰਯੋਗ ਹੈ ਕਿ ਕਸ਼ਮੀਰ ਖੇਤਰ 'ਚ ਸੀ.ਆਰ.ਪੀ.ਐਫ਼. ਮੁੱਖ ਰੂਪ ਨਾਲ ਤਾਇਨਾਤ ਹੈ। ਇਸ ਸਮੇਂ ਲਗਭਗ ਡੇਢ ਲੱਖ ਜਵਾਨ ਉਥੇ ਅਤਿਵਾਦ ਰੋਕੂ ਮੁਹਿੰਮ ਚਲਾ ਰਹੇ ਹਨ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ।