
ਪੰਜਾਬ 'ਚ ਪਰਾਲ਼ੀ ਦਾ ਸਾੜਿਆ ਜਾਣਾ ਅਤੇ ਦਿੱਲੀ 'ਚ ਪ੍ਰਦੂਸ਼ਣ ਦਾ ਵਧਣਾ ਇੱਕ ਹਰ ਸਾਲ ਵਾਪਰਨ ਵਾਲਾ ਵਰਤਾਰਾ ਹੈ।
ਨਵੀਂ ਦਿੱਲੀ- ਨੈਸ਼ਨਲ ਐਰੋਨਾਟਿਕਸ ਐਂਡ ਸਪੇਸ ਰਿਸਰਚ ਐਡਮਿਨਿਸਟ੍ਰੇਸ਼ਨ ਦੇ ਅੰਕੜਿਆਂ ਅਨੁਸਾਰ, ਸਤੰਬਰ ਮਹੀਨੇ ਵਿੱਚ ਪੰਜਾਬ ਅਤੇ ਹਰਿਆਣਾ ਵਿੱਚ ਪਰਾਲੀ ਸਾੜਨ ਦੀਆਂ 222 ਘਟਨਾਵਾਂ ਵਾਪਰੀਆਂ, ਜਿਨ੍ਹਾਂ ਦੀ ਸਭ ਤੋਂ ਵੱਧ ਗਿਣਤੀ ਅੰਮ੍ਰਿਤਸਰ ਅਤੇ ਤਰਨਤਾਰਨ ਵਿਖੇ ਦਰਜ ਕੀਤੀ ਗਈ। ਪੰਜਾਬ 'ਚ ਪਰਾਲ਼ੀ ਦਾ ਸਾੜਿਆ ਜਾਣਾ ਅਤੇ ਦਿੱਲੀ 'ਚ ਪ੍ਰਦੂਸ਼ਣ ਦਾ ਵਧਣਾ ਇੱਕ ਹਰ ਸਾਲ ਵਾਪਰਨ ਵਾਲਾ ਵਰਤਾਰਾ ਹੈ।
ਉੱਧਰ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਹਵਾ ਪ੍ਰਦੂਸ਼ਣ ਦੀ ਸਮੱਸਿਆ ਨਾਲ ਨਜਿੱਠਣ ਲਈ ਹਵਾ ਪ੍ਰਦੂਸ਼ਣ ਵਿਰੁੱਧ ਮੁਹਿੰਮ ਵਜੋਂ ਇੱਕ 15-ਨੁਕਾਤੀ ਕਾਰਜ ਯੋਜਨਾ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਦਿੱਲੀ ਸਰਕਾਰ ਨੇ ਆਪਣਾ ਵਿੰਟਰ ਐਕਸ਼ਨ ਪਲਾਨ ਲਾਗੂ ਕਰਨਾ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਹੈ, ਜਿਸ ਵਜੋਂ ਹੁਣ 5,000 ਵਰਗ ਮੀਟਰ ਜਾਂ ਇਸ ਤੋਂ ਵੱਧ ਖੇਤਰ ਵਾਲੇ ਨਿਰਮਾਣ ਸਥਾਨਾਂ ਲਈ ਐਂਟੀ-ਸਮੋਗ ਗਨ ਲਗਾਉਣਾ ਲਾਜ਼ਮੀ ਕੀਤਾ ਗਿਆ ਹੈ।
ਪਰਾਲ਼ੀ ਸਾੜਨਾ ਅਸਲ 'ਚ ਝੋਨੇ ਦੀ ਕਟਾਈ ਤੋਂ ਬਾਅਦ ਖੇਤਾਂ 'ਚ ਬਚੇ ਹਿੱਸੇ ਨੂੰ ਸਾਫ਼ ਕਰਨ ਲਈ ਭਾਰਤ ਵਿੱਚ ਵਿਆਪਕ ਤੌਰ 'ਤੇ ਵਰਤਿਆ ਜਾਣ ਵਾਲਾ ਤਰੀਕਾ ਹੈ। ਦੀਵਾਲੀ ਤੋਂ ਪਹਿਲਾਂ ਸਾਲ ਦੇ ਇਸ ਸਮੇਂ ਪਰਾਲ਼ੀ ਨੂੰ ਖੇਤਾਂ 'ਚੋਂ ਹਟਾਇਆ ਜਾਣਾ ਜ਼ਰੂਰੀ ਮੰਨਿਆ ਜਾਂਦਾ ਹੈ, ਜਿਸ ਕਾਰਨ ਦੋਵੇਂ ਸੂਬਿਆਂ 'ਚ ਪਰਾਲ਼ੀ ਸਾੜਨ ਦੀਆਂ ਘਟਨਾਵਾਂ ਵਾਪਰਦੀਆਂ ਹਨ। ਹਾਲਾਂਕਿ ਮਾਹਿਰਾਂ ਦਾ ਕਹਿਣਾ ਹੈ ਕਿ ਸਿਰਫ਼ ਪਰਾਲ਼ੀ ਦਾ ਸਾੜਿਆ ਜਾਣਾ ਹੀ ਦਿੱਲੀ ਦੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਨਹੀਂ। ਹਵਾ ਦੀ ਦਿਸ਼ਾ ਅਤੇ ਗਤੀ ਵਰਗੇ ਕਈ ਹੋਰ ਕਾਰਕ ਵੀ ਇਸ 'ਚ ਭੂਮਿਕਾ ਨਿਭਾਉਂਦੇ ਹਨ।
ਉੱਤਰੀ-ਪੱਛਮੀ ਭਾਰਤ ਵਿੱਚ ਇਸ ਸਾਲ ਮਾਨਸੂਨ ਦੀ ਦੇਰੀ ਕਾਰਨ ਵਿਗਿਆਨੀਆਂ ਅਤੇ ਮੌਸਮ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਮੱਧ ਅਕਤੂਬਰ ਦੇ ਨੇੜੇ-ਤੇੜੇ ਪਰਾਲ਼ੀ ਸਾੜਨ ਦੀਆਂ ਘਟਨਾਵਾਂ ਵਧ ਸਕਦੀਆਂ ਹਨ। ਇਹ ਘਟਨਾਵਾਂ ਦੀਵਾਲੀ ਦੇ ਨਾਲ ਮੇਲ ਖਾਂਦੀਆਂ ਹਨ, ਅਤੇ ਇਸ ਸਾਲ ਦੀਵਾਲੀ 24 ਅਕਤੂਬਰ ਨੂੰ ਮਨਾਈ ਜਾਵੇਗੀ।
ਨਾਸਾ ਦੀ ਫ਼ਾਇਰ ਇਨਫ਼ਾਰਮੇਸ਼ਨ ਵੱਲੋਂ ਸਤੰਬਰ ਮਹੀਨੇ ਵਿੱਚ ਪੰਜਾਬ ਅਤੇ ਹਰਿਆਣਾ ਵਿੱਚ ਪਰਾਲ਼ੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਨੋਟਿਸ ਕੀਤੀਆਂ ਗਈਆਂ ਹਨ। ਇਹ ਘਟਨਾਵਾਂ ਨਕਸ਼ੇ ਵਿੱਚ ਲਾਲ ਬਿੰਦੀਆਂ ਨਾਲ ਦਿਖਾਈਆਂ ਗਈਆਂ ਹਨ ਜੋ ਪਾਕਿਸਤਾਨ, ਪੰਜਾਬ ਅਤੇ ਹਰਿਆਣਾ ਦੇ ਕੁਝ ਹਿੱਸਿਆਂ ਸਮੇਤ ਉੱਤਰ-ਪੱਛਮੀ ਖੇਤਰ ਵਿੱਚ ਖੇਤਾਂ ਦੀ ਅੱਗ ਨੂੰ ਦਰਸਾਉਂਦੀਆਂ ਹਨ। ਜ਼ਿਆਦਾਤਰ ਲਾਲ ਬਿੰਦੀਆਂ ਪੰਜਾਬ ਦੇ ਉੱਪਰ ਦੇਖੀਆਂ ਜਾ ਸਕਦੀਆਂ ਹਨ, ਜਿਨ੍ਹਾਂ ਵਿੱਚ ਅੰਮ੍ਰਿਤਸਰ, ਤਰਨਤਾਰਨ ਅਤੇ ਜਲੰਧਰ ਜ਼ਿਲ੍ਹੇ ਮੋਹਰੀ ਹਨ।