
ਇਸ ਬਾਬਤ ਚਿੱਤਰਦੁਰਗ ਅਤੇ ਬੇਂਗਲੁਰੂ ਸਮੇਤ ਸੂਬੇ ਦੇ ਵੱਖੋ-ਵੱਖ ਹਿੱਸਿਆਂ ’ਚ ਸੱਤ ਮਾਮਲੇ ਦਰਜ ਕੀਤੇ ਗਏ ਹਨ
ਬੇਂਗਲੁਰੂ: ਕੇਂਦਰੀ ਅਪਰਾਧ ਬ੍ਰਾਂਚ (ਸੀ.ਸੀ.ਬੀ.) ਦੇ ਜਵਾਨਾਂ ਨੇ ਸਾਹਿਤਕਾਰਾਂ ਅਤੇ ਬੁੱਧੀਜੀਵੀਆਂ ਨੂੰ ਕਥਿਤ ਰੂਪ ’ਚ ਧਮਕੀ ਭਰੀ ਚਿੱਠੀ ਲਿਖਣ ਦੇ ਦੋਸ਼ ’ਚ ਦਾਵਣਗੇਰੇ ਤੋਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਬੇਂਗਲੁਰੂ ਦੇ ਪੁਲਿਸ ਕਮਿਸ਼ਨਰ ਬੀ. ਦਿਆਨੰਦ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ।
ਦਿਆਨੰਦ ਨੇ ਪੱਤਰਕਾਰਾਂ ਨੂੰ ਕਿਹਾ, ‘‘ਪਿਛਲੇ ਕੁਝ ਸਾਲਾਂ ’ਚ ਕੁਝ ਕੰਨੜ ਲੇਖਕਾਂ ਅਤੇ ਪ੍ਰਗਤੀਸ਼ੀਲ ਵਿਚਾਰਕਾਂ ਨੂੰ ਕੁਝ ਧਮਕੀ ਭਰੀਆਂ ਚਿੱਠੀਆਂ ਲਿਖੀਆਂ ਗਈਆਂ ਸਨ।’’ ਉਨ੍ਹਾਂ ਕਿਹਾ ਕਿ ਇਸ ਬਾਬਤ ਚਿੱਤਰਦੁਰਗ ਅਤੇ ਬੇਂਗਲੁਰੂ ਸਮੇਤ ਸੂਬੇ ਦੇ ਵੱਖੋ-ਵੱਖ ਹਿੱਸਿਆਂ ’ਚ ਸੱਤ ਮਾਮਲੇ ਦਰਜ ਕੀਤੇ ਗਏ ਹਨ।
ਦਿਆਨੰਦ ਨੇ ਕਿਹਾ ਕਿ ਪਿੱਛੇ ਜਿਹੇ ਇਨ੍ਹਾਂ ਲੇਖਕਾਂ ਅਤੇ ਬੁੱਧੀਜੀਵੀਆਂ ਨੇ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਅਤੇ ਗ੍ਰਹਿ ਮੰਤਰੀ ਜੀ. ਪਰਮੇਸ਼ਵਰ ਨਾਲ ਮੁਲਾਕਾਤ ਕੀਤੀ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਨੂੰ ਪਿਛਲੇ ਇਕ ਸਾਲ ਤੋਂ ਧਮਕੀ ਭਰੀਆਂ ਚਿੱਠੀਆਂ ਮਿਲ ਰਹੀਆਂ ਹਨ।
ਪੁਲਿਸ ਕਮਿਸ਼ਨਰ ਨੇ ਕਿਹਾ ਕਿ ਇਕ ਟੀਮ ਦਾ ਗਠਨ ਕੀਤਾ ਗਿਆ ਸੀ, ਜਿਸ ਨੇ ਦਾਵਣਗੇਰੇ ਇਲਾਕੇ ’ਚ 41 ਸਾਲਾਂ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ। ਦਿਆਨੰਦ ਨੇ ਕਿਹਾ, ‘‘ਉਹ (ਮੁਲਜ਼ਮ) ਅੱਠਵੀਂ ਜਮਾਤ ਪਾਸ ਹੈ ਅਤੇ ਇਕ ਪ੍ਰਿੰਟਿੰਗ ਪ੍ਰੈੱਸ ’ਚ ਕੰਮ ਕਰਦਾ ਹੈ।’’ ਉਨ੍ਹਾਂ ਕਿਹਾ ਕਿ ਮੁਲਜ਼ਮ ਵਿਅਕਤੀ ਇਕ ਹਾਸ਼ੀਏ ਦੇ ਸਮੂਹ ਨਾਲ ਜੁੜਿਆ ਹੈ। ਸੀ.ਸੀ.ਬੀ. ਸੂਤਰਾਂ ਨੇ ਕਿਹਾ ਕਿ ਉਨ੍ਹਾਂ ਨੇ ਉਸ ਤੋਂ ਹੋਰ ਜਾਣਕਾਰੀ ਹਾਸਲ ਕਰਨ ਲਈ ਦਸ ਦਿਨਾਂ ਦੀ ਪੁਲਿਸ ਹਿਰਾਸਤ ਮਿਲੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਮੁਲਜ਼ਮਾਂ ਨੂੰ ਕਥਿਤ ਤੌਰ ’ਤੇ ਸਾਹਿਤਕਾਰਾਂ ਨੂੰ ਇਹ ਕਹਿੰਦਿਆਂ ਧਮਕੀ ਦਿਤੀ ਸੀ ਕਿ ਉਨ੍ਹਾਂ ਦਾ ਹਸ਼ਰ ਮਰਹੂਮ ਕਾਰਕੁਨ ਐਮ.ਐਮ. ਕਲਬੁਰਗੀ ਅਤੇ ਗੌਰੀ ਲੰਕੇਸ਼ ਵਰਗਾ ਹੋਵੇਗਾ, ਜਿਨ੍ਹਾਂ ਦਾ ਪਹਿਲਾਂ ਗੋਲੀ ਮਾਰ ਕੇ ਕਤਲ ਕਰ ਦਿਤਾ ਗਿਆ ਸੀ।
ਗ੍ਰਹਿ ਮੰਤਰੀ ਪਰਮੇਸ਼ਵਰ ਨੇ ਪੁਲਿਸ ਡਾਇਰੈਕਟੋਰੇਟ ਆਲੋਕ ਮੋਹਨ ਅਤੇ ਬੇਂਗਲੁਰੂ ਦੇ ਪੁਲਿਸ ਕਮਿਸ਼ਨਰ ਦਿਆਨੰਦ ਨੂੰ ਲੇਖਕਾਂ ਅਤੇ ਬੁੱਧੀਜੀਵੀਆਂ ਨੂੰ ਸੁਰਖਿਆ ਦੇਣ ਦੇ ਹੁਕਮ ਜਾਰੀ ਕੀਤੇ ਹਨ।