
ਖੜਗੇ ਜੀ ਦੀ ਲੰਮੀ ਉਮਰ ਹੋਵੇ ਅਤੇ ਉਹ 2047 ਤਕ ਭਾਰਤ ਦਾ ਨਿਰਮਾਣ ਹੁੰਦੇ ਵੇਖਣ ਲਈ ਜਿਊਂਦੇ ਰਹਿਣ : ਅਮਿਤ ਸ਼ਾਹ
Kharge’s ‘distasteful’ remark : ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸੋਮਵਾਰ ਨੂੰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵਲੋਂ ਜੰਮੂ-ਕਸ਼ਮੀਰ ’ਚ ਇਕ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁਧ ਕੀਤੀ ਗਈ ਟਿਪਣੀ ਨੂੰ ‘ਬੇਹੱਦ ਖ਼ਰਾਬ ਅਤੇ ਅਪਮਾਨਜਨਕ’ ਕਰਾਰ ਦਿਤਾ। ਪਾਰਟੀ ਨੇ ਇਹ ਵੀ ਕਿਹਾ ਕਿ ਮੋਦੀ ਕਾਂਗਰਸ ਪ੍ਰਧਾਨ ਦੀ ਕਿਰਪਾ ਨਾਲ ਨਹੀਂ, ਬਲਕਿ ਲੋਕਾਂ ਦੇ ਫਤਵੇ ਨਾਲ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ ਹਨ।
ਜ਼ਿਕਰਯੋਗ ਹੈ ਕਿ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਐਤਵਾਰ ਨੂੰ ਜੰਮੂ-ਕਸ਼ਮੀਰ ਦੇ ਜਸਰੋਟਾ ’ਚ ਇਕ ਰੈਲੀ ਦੌਰਾਨ ਬਿਮਾਰ ਹੋ ਗਏ ਪਰ ਥੋੜ੍ਹੀ ਦੇਰ ਰੁਕਣ ਤੋਂ ਬਾਅਦ ਉਨ੍ਹਾਂ ਨੇ ਅਪਣਾ ਭਾਸ਼ਣ ਜਾਰੀ ਰੱਖਿਆ ਅਤੇ ਸੱਤਾਧਾਰੀ ਪਾਰਟੀ ’ਤੇ ਹਮਲਾ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਤਾ ਤੋਂ ਹਟਾਉਣ ਤੋਂ ਪਹਿਲਾਂ ਉਹ ਨਹੀਂ ਮਰਨਗੇ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਖੜਗੇ ਦੀ ਟਿਪਣੀ ਨੂੰ ਲੈ ਕੇ ਉਨ੍ਹਾਂ ’ਤੇ ਨਿਸ਼ਾਨਾ ਵਿਨ੍ਹਿੰਆ। ਉਨ੍ਹਾਂ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਲਿਖਿਆ, ‘‘ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕੱਲ੍ਹ ਅਪਣੇ ਭਾਸ਼ਣ ’ਚ ‘ਬਹੁਤ ਖ਼ਰਾਬ ਅਤੇ ਅਪਮਾਨਜਨਕ ਵਿਵਹਾਰ’ ਕੀਤਾ। ਨਫ਼ਰਤ ਵਿਖਾਉਂਦਿਆਂ ਉਨ੍ਹਾਂ ਨੇ ਅਪਣੀ ਨਿੱਜੀ ਸਿਹਤ ਦੇ ਮੁੱਦਿਆਂ ’ਤੇ ਪ੍ਰਧਾਨ ਮੰਤਰੀ ਮੋਦੀ ਨੂੰ ਬੇਲੋੜਾ ਘਸੀਟਿਆ ਅਤੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਮੋਦੀ ਨੂੰ ਹਟਾਉਣ ਤੋਂ ਪਹਿਲਾਂ ਨਹੀਂ ਮਰਨਗੇ। ਖੜਗੇ ਦੀ ਟਿਪਣੀ ਦਰਸਾਉਂਦੀ ਹੈ ਕਿ ਕਾਂਗਰਸੀਆਂ ਨੂੰ ਪ੍ਰਧਾਨ ਮੰਤਰੀ ਮੋਦੀ ਪ੍ਰਤੀ ਕਿੰਨੀ ਨਫ਼ਰਤ ਅਤੇ ਡਰ ਹੈ ਅਤੇ ਉਹ ਲਗਾਤਾਰ ਉਨ੍ਹਾਂ ਬਾਰੇ ਸੋਚਦੇ ਹਨ।’’
ਉਨ੍ਹਾਂ ਅੱਗੇ ਲਿਖਿਆ, ‘‘ਜਿੱਥੋਂ ਤਕ ਖੜਗੇ ਜੀ ਦੀ ਸਿਹਤ ਦਾ ਸਵਾਲ ਹੈ, ਮੋਦੀ ਜੀ, ਮੈਂ ਅਤੇ ਅਸੀਂ ਸਾਰੇ ਪ੍ਰਾਰਥਨਾ ਕਰਦੇ ਹਾਂ ਕਿ ਉਹ ਲੰਮੀ ਅਤੇ ਸਿਹਤਮੰਦ ਜ਼ਿੰਦਗੀ ਜਿਉਣ। ਉਹ ਕਈ ਸਾਲਾਂ ਤਕ ਜਿਉਂਦੇ ਰਹਿਣ। ਉਹ 2047 ਤਕ ਵਿਕਸਤ ਹੋਏ ਭਾਰਤ ਨੂੰ ਵੇਖਣ ਲਈ ਜਿਉਂਦੇ ਰਹਿਣ।’’
ਦੂਜੇ ਪਾਸੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸੋਮਵਾਰ ਨੂੰ ਕਿਹਾ ਕਿ ਕੇਂਦਰੀ ਮੰਤਰੀ ਅਮਿਤ ਸ਼ਾਹ ਨੂੰ ਮਨੀਪੁਰ ਮਰਦਮਸ਼ੁਮਾਰੀ ਅਤੇ ਜਾਤੀ ਮਰਦਮਸ਼ੁਮਾਰੀ ਵਰਗੇ ਗੰਭੀਰ ਮੁੱਦਿਆਂ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਖੜਗੇ ਨੇ ਸ਼ਾਹ ਦੀ ਪੋਸਟ ਤੋਂ ਬਾਅਦ ‘ਐਕਸ’ ’ਤੇ ਲਿਖਿਆ, ‘‘ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਨੀਪੁਰ, ਮਰਦਮਸ਼ੁਮਾਰੀ ਅਤੇ ਜਾਤ ਅਧਾਰਤ ਮਰਦਮਸ਼ੁਮਾਰੀ ਵਰਗੇ ਗੰਭੀਰ ਮੁੱਦਿਆਂ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਤੁਹਾਡੀ ਸਰਕਾਰ ਦਾ ਅਪਣਾ ਸਰਵੇਖਣ ਕਹਿੰਦਾ ਹੈ ਕਿ ਸ਼ਹਿਰੀ ਸੀਵਰੇਜ, ਸੈਪਟਿਕ ਟੈਂਕਾਂ ਦੀ ਸਫਾਈ ਕਰਨ ਵਾਲੇ 92 ਫੀ ਸਦੀ ਮੁਲਾਜ਼ਮ ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ ਅਤੇ ਹੋਰ ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਹਨ।’’ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਜਾਤੀ ਗਣਨਾ ਕਰਵਾਉਣ ਲਈ ਦ੍ਰਿੜ ਹੈ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਹਰਿਆਣਾ ’ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਇਹ ਮੁੱਦਾ ਉਠਾਇਆ ਅਤੇ ਕਾਂਗਰਸ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ, ‘‘ਮੈਂ ਚਾਹੁੰਦਾ ਹਾਂ ਕਿ ਖੜਗੇ ਜੀ 125 ਸਾਲ ਜਿਉਂਦੇ ਰਹਿਣ ਕਿਉਂਕਿ ਮੋਦੀ ਜੀ ਲੰਮੇ ਸਮੇਂ ਤਕ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ।’’ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਕਾਂਗਰਸ ਲੀਡਰਸ਼ਿਪ ਨੇ ਮੋਦੀ ਪ੍ਰਤੀ ਅਪਣੀ ਨਫ਼ਰਤ ਵਿਖਾਉਣ ਦਾ ਕੋਈ ਮੌਕਾ ਨਹੀਂ ਗੁਆਇਆ।
ਦੂਜੇ ਪਾਸੇ ਕਾਂਗਰਸ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ’ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਨਫ਼ਰਤ ਨਹੀਂ ਕਰਦੀ ਪਰ ਭਾਰਤ ਨੂੰ ਪਿਆਰ ਕਰਦੀ ਹੈ ਅਤੇ ਦੇਸ਼ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਵਰਗੀ ‘ਵਿਨਾਸ਼ਕਾਰੀ’ ਤਾਕਤ ਤੋਂ ਮੁਕਤ ਕਰਨ ਦੀ ਕੋਸ਼ਿਸ਼ ਤੋਂ ਵੱਡੀ ਕੋਈ ਦੇਸ਼ ਭਗਤੀ ਨਹੀਂ ਹੈ। ਪਾਰਟੀ ਦੇ ਮੀਡੀਆ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਇਹ ਵੀ ਕਿਹਾ ਕਿ ਕਾਂਗਰਸ ਦਾ ਉਦੇਸ਼ ਦੇਸ਼ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਚੁੰਗਲ ਤੋਂ ਮੁਕਤ ਕਰਵਾਉਣਾ ਹੈ।