
1200 ਪੰਨਿਆਂ ਦੀ ਚਾਰਜਸ਼ੀਟ 'ਚ ਦਸਵੇਂ ਮੁਲਜ਼ਮ ਵਜੋਂ ਦਰਜ ਹੈ ਨਾਂਅ
ਮੋਰਬੀ - ਓਰੇਵਾ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਜੈਸੁਖ ਪਟੇਲ ਨੇ ਪਿਛਲੇ ਸਾਲ ਪੁਲ ਦੇ ਢਹਿ ਜਾਣ ਦੀ ਘਟਨਾ ਦੇ ਸੰਬੰਧ ਵਿੱਚ ਮੰਗਲਵਾਰ ਨੂੰ ਮੋਰਬੀ ਦੀ ਇੱਕ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ।
ਪੁਲਿਸ ਵੱਲੋਂ 27 ਜਨਵਰੀ ਨੂੰ ਦਾਇਰ ਚਾਰਜਸ਼ੀਟ ਵਿੱਚ ਪਟੇਲ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਸੀ। ਉਸ ਨੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ, ਜਿੱਥੋਂ ਉਸ ਖ਼ਿਲਾਫ਼ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ।
ਅਜੰਤਾ ਮੈਨੂਫੈਕਚਰਿੰਗ ਲਿਮਟਿਡ (ਓਰੇਵਾ ਗਰੁੱਪ) ਮੋਰਬੀ ਵਿੱਚ ਮੱਛੂ ਨਦੀ ਉੱਤੇ ਬ੍ਰਿਟਿਸ਼ ਯੁੱਗ ਦੇ ਸਸਪੈਂਸ਼ਨ ਪੁਲ ਦੇ ਸੰਚਾਲਨ ਅਤੇ ਰੱਖ-ਰਖਾਅ ਲਈ ਜ਼ਿੰਮੇਵਾਰ ਸੀ, ਜੋ ਪਿਛਲੇ ਸਾਲ 30 ਅਕਤੂਬਰ ਨੂੰ ਮੁਰੰਮਤ ਦੇ ਕੁਝ ਦਿਨਾਂ ਬਾਅਦ ਅਚਾਨਕ ਢਹਿ ਗਿਆ ਸੀ।
ਇਸ ਕੇਸ ਵਿੱਚ ਪੀੜਤਾਂ ਦੀ ਨੁਮਾਇੰਦਗੀ ਕਰ ਰਹੇ ਵਕੀਲ ਦਲੀਪ ਅਗੇਚਨੀਆ ਨੇ ਕਿਹਾ, "ਜੈਸੁਖ ਪਟੇਲ ਨੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਐਮ ਜੇ ਖਾਨ ਦੀ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ, ਜਿੱਥੋਂ ਉਸ ਖ਼ਿਲਾਫ਼ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ।"
ਅਦਾਲਤ ਵਿੱਚ ਪੁਲਿਸ ਦੇ ਡਿਪਟੀ ਸੁਪਰਡੈਂਟ ਪੀ.ਐਸ. ਜਾਲਾ ਦੁਆਰਾ ਦਾਇਰ 1,200 ਪੰਨਿਆਂ ਦੀ ਚਾਰਜਸ਼ੀਟ ਵਿੱਚ, ਪਟੇਲ ਨੂੰ ਦਸਵੇਂ ਮੁਲਜ਼ਮ ਵਜੋਂ ਦਰਸਾਇਆ ਗਿਆ ਸੀ। ਉਸ ਨੇ ਗ੍ਰਿਫਤਾਰੀ ਦੇ ਖ਼ਦਸ਼ੇ ਦੇ ਮੱਦੇਨਜ਼ਰ ਅਗਾਊਂ ਜ਼ਮਾਨਤ ਪਟੀਸ਼ਨ ਵੀ ਦਾਇਰ ਕੀਤੀ ਸੀ।