
ਮਾਨਵੇਂਦਰ ਸਿੰਘ ਜ਼ਖਮੀ, ਪਤਨੀ ਚਿੱਤਰਾ ਸਿੰਘ ਦੀ ਮੌਤ
Manvendra Singh Accident News: ਬਾੜਮੇਰ ਦੇ ਸਾਬਕਾ ਸੰਸਦ ਮੈਂਬਰ ਮਾਨਵੇਂਦਰ ਸਿੰਘ ਜਸੋਲ ਅਤੇ ਉਨ੍ਹਾਂ ਦਾ ਬੇਟਾ ਮੰਗਲਵਾਰ ਸ਼ਾਮ ਨੂੰ ਰਾਜਸਥਾਨ ਦੇ ਅਲਵਰ ਜ਼ਿਲ੍ਹੇ ’ਚ ਇਕ ਸੜਕ ਹਾਦਸੇ ’ਚ ਜ਼ਖਮੀ ਹੋ ਗਏ, ਜਦਕਿ ਉਨ੍ਹਾਂ ਦੀ ਪਤਨੀ ਦੀ ਮੌਤ ਹੋ ਗਈ। ਮਾਨਵੇਂਦਰ ਸਿੰਘ ਸਾਬਕਾ ਕੇਂਦਰੀ ਮੰਤਰੀ ਜਸਵੰਤ ਸਿੰਘ ਦੇ ਬੇਟੇ ਹਨ।
ਥਾਣਾ ਮੁਖੀ ਨੇਕੀਰਾਮ ਨੇ ਦਸਿਆ ਕਿ ਮਾਨਵੇਂਦਰ ਸਿੰਘ ਦੀ ਐਸ.ਯੂ.ਵੀ. ਦਿੱਲੀ ਤੋਂ ਜੈਪੁਰ ਜਾ ਰਹੀ ਸੀ ਅਤੇ ਨਾਗਾਓਂ ਪਿੰਡ ਨੇੜੇ ਇਕ ਪੁਲ ਦੀ ਕੰਧ ਨਾਲ ਟਕਰਾ ਗਈ, ਜਿਸ ਨਾਲ ਉਸ ਵਿਚ ਸਵਾਰ ਸਾਰੇ ਲੋਕ ਜ਼ਖਮੀ ਹੋ ਗਏ। ਪੁਲਿਸ ਨੇ ਦਸਿਆ ਕਿ ਜ਼ਖਮੀਆਂ ਨੂੰ ਅਲਵਰ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ ਹੈ।
ਇਸ ਵਿਚਾਲੇ ਹਾਦਸੇ ਦਾ ਲਾਈਵ ਵੀਡੀਉ ਵੀ ਸਾਹਮਣੇ ਆਇਆ ਹੈ। ਦਸਿਆ ਜਾ ਰਿਹਾ ਹੈ ਕਿ ਕਾਰ ਦੀ ਰਫਤਾਰ 200 ਕਿਲੋਮੀਟਰ ਪ੍ਰਤੀ ਘੰਟਾ ਸੀ। ਹਾਦਸੇ ਦੀ ਫੁਟੇਜ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਤੇਜ਼ ਰਫਤਾਰ ਨਾਲ ਜਾ ਰਹੀ ਕਾਰ ਐਕਸਪ੍ਰੈੱਸ ਵੇਅ ਤੋਂ ਹੇਠਾਂ ਜਾ ਡਿਵਾਈਡਰ 'ਤੇ ਬਣੇ ਅੰਡਰਪਾਸ ਦੀ ਕੰਧ ਨਾਲ ਜਾ ਟਕਰਾਈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਡਰਾਈਵਰ ਕਾਰ ਤੋਂ ਕੰਟਰੋਲ ਗੁਆ ਬੈਠਾ ਸੀ।
ਇਹ ਹਾਦਸਾ ਦਿੱਲੀ-ਮੁੰਬਈ ਐਕਸਪ੍ਰੈੱਸ ਵੇਅ ਦੇ ਨਾਲ ਲੱਗਦੇ ਰਸਗਨ ਦੇ ਖੁਸਪੁਰੀ ਪਿੰਡ ਨੇੜੇ ਮੰਗਲਵਾਰ ਸ਼ਾਮ 5 ਵਜੇ ਵਾਪਰਿਆ। ਹਾਈਵੇਅ ਪੈਟਰੋਲਿੰਗ ਟੀਮ ਮੁਤਾਬਕ ਕਾਰ ਕਰੀਬ 200 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚੱਲ ਰਹੀ ਸੀ। ਜਿਵੇਂ ਹੀ ਕਾਰ ਦਾ ਅਗਲਾ ਹਿੱਸਾ ਕੰਧ ਨਾਲ ਟਕਰਾਇਆ, ਸਾਹਮਣੇ ਵਾਲੇ ਦੋਵੇਂ ਏਅਰ ਬੈਗ ਖੁੱਲ੍ਹ ਗਏ। ਮਾਹਿਰਾਂ ਦਾ ਕਹਿਣਾ ਹੈ ਕਿ ਪਿਛਲੇ ਪਾਸੇ ਪ੍ਰੈਸ਼ਰ ਦੀ ਕਮੀ ਕਾਰਨ ਸੈਂਸਰ ਕੰਮ ਨਹੀਂ ਕਰ ਸਕੇ ਅਤੇ ਏਅਰ ਬੈਗ ਖੁੱਲ੍ਹ ਨਹੀਂ ਸਕੇ। ਚਿੱਤਰਾ ਸਿੰਘ ਪਿੱਛੇ ਬੈਠੀ ਸੀ, ਜਿਸ ਕਾਰਨ ਏਅਰ ਬੈਗ ਨਾ ਖੁੱਲ੍ਹਣ ਕਾਰਨ ਉਸ ਦੀ ਮੌਤ ਹੋ ਗਈ। ਸਾਬਕਾ ਸੰਸਦ ਮੈਂਬਰ ਮਾਨਵੇਂਦਰ ਸਿੰਘ ਦਾ ਪਰਵਾਰ ਦਿੱਲੀ ਤੋਂ ਜੈਪੁਰ ਆ ਰਿਹਾ ਸੀ।
ਅਲਵਰ ਦੇ ਸੋਲੰਕੀ ਹਸਪਤਾਲ ਦੇ ਡਾਕਟਰ ਵਿਕਰਾਂਤ ਸੋਲੰਕੀ ਨੇ ਦਸਿਆ ਕਿ ਮਾਨਵੇਂਦਰ ਸਿੰਘ ਦੀ ਪਤਨੀ ਚਿਤਰਾ ਸਿੰਘ ਨੂੰ ਮ੍ਰਿਤਕ ਐਲਾਨ ਦਿਤਾ ਗਿਆ। ਉਨ੍ਹਾਂ ਦਸਿਆ ਕਿ ਮਾਨਵੇਂਦਰ ਸਿੰਘ, ਉਸ ਦੇ ਬੇਟੇ ਹਮੀਰ ਸਿੰਘ ਅਤੇ ਡਰਾਈਵਰ ਨਰਿੰਦਰ ਦਾ ਇਲਾਜ ਚੱਲ ਰਿਹਾ ਹੈ। ਮੁੱਖ ਮੰਤਰੀ ਭਜਨ ਲਾਲ ਸ਼ਰਮਾ ਅਤੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਸਮੇਤ ਕਈ ਨੇਤਾਵਾਂ ਨੇ ਹਾਦਸੇ ’ਤੇ ਦੁੱਖ ਜ਼ਾਹਰ ਕੀਤਾ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।