
12ਵੀਂ ਦਾ ਇਮਤਿਹਾਨ 25 ਅਪ੍ਰੈਲ ਨੂੰ ਹੋਵੇਗਾ
ਕੇਂਦਰੀ ਸੈਕੰਡਰੀ ਸਿਖਿਆ ਬੋਰਡ (ਸੀ.ਬੀ.ਐਸ.ਈ.) ਦੀ 12ਵੀਂ ਜਮਾਤ ਦੇ ਅਰਥਸ਼ਾਸਤਰ ਵਿਸ਼ੇ ਦੀ ਮੁੜ ਪ੍ਰੀਖਿਆ 25 ਅਪ੍ਰੈਲ ਨੂੰ ਹੋਵੇਗੀ। 10ਵੀਂ ਜਮਾਤ ਦੇ ਗਣਿਤ ਵਿਸ਼ੇ ਦੀ ਪ੍ਰੀਖਿਆ ਜੁਲਾਈ 'ਚ ਕਰਵਾਈ ਜਾ ਸਕਦੀ ਹੈ, ਹਾਲਾਂਕਿ ਇਹ ਸਿਰਫ਼ ਦਿੱਲੀ ਅਤੇ ਹਰਿਆਣਾ ਤਕ ਹੀ ਸੀਮਤ ਰਹਿ ਸਕਦਾ ਹੈ। ਸਿਖਿਆ ਸਕੱਤਰ ਅਨਿਲ ਸਵਰੂਪ ਨੇ ਕਿਹਾ ਕਿ ਸ਼ੁਰੂਆਤੀ ਜਾਂਚ 'ਚ ਪ੍ਰਗਟਾਵਾ ਹੋਇਆ ਹੈ ਕਿ 10ਵੀਂ ਦੇ ਹਿਸਾਬ ਦਾ ਪੇਪਰ ਲੀਕ ਦਿੱਲੀ ਅਤੇ ਹਰਿਆਣਾ ਤਕ ਹੀ ਸੀਮਤ ਸੀ। ਉਨ੍ਹਾਂ ਕਿਹਾ ਕਿ ਭਾਰਤ ਤੋਂ ਬਾਹਰ ਕੋਈ ਪੇਪਰ ਲੀਕ ਨਹੀਂ ਹੋਇਆ ਇਸ ਲਈ ਦੇਸ਼ ਤੋਂ ਬਾਹਰ ਮੁੜ ਇਮਤਿਹਾਨ ਨਹੀਂ ਕਰਵਾਏ ਜਾਣਗੇ। ਭਾਰਤ ਤੋਂ ਬਾਹਰ ਸੀ.ਬੀ.ਐਸ.ਈ. ਇਮਤਿਹਾਨਾਂ 'ਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਲਈ ਪਰਚੇ ਵੱਖ ਹੁੰਦੇ ਹਨ। ਪੇਪਰ ਲੀਕ ਹੋਣ ਦੇ ਮਾਮਲੇ ਵਿਚ ਦਿੱਲੀ ਪੁਲਿਸ ਨੇ ਅੱਜ 10 ਹੋਰ ਵਿਅਕਤੀਆਂ ਤੋਂ ਪੁੱਛ-ਪੜਤਾਲ ਕੀਤੀ। ਇਸ ਦੇ ਨਾਲ ਹੀ ਪੁਲਿਸ ਨੇ ਬੋਰਡ ਦੇ ਪ੍ਰੀਖਿਆ ਕੰਟਰੋਲਰ ਨਾਲ ਵੀ ਗੱਲਬਾਤ ਕੀਤੀ। ਉਧਰ ਪੇਪਰ ਲੀਕ ਮਾਮਲੇ 'ਚ ਝਾਰਖੰਡ ਦੇ ਚਤਰਾ ਤੋਂ ਛੇ ਵਿਦਿਆਰਥੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਅਜੇ ਤਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪੁਲਿਸ ਨੇ ਕਿਹਾ ਕਿ ਸੀ.ਬੀ.ਐਸ.ਈ. ਨੇ ਦਿੱਲੀ ਅਤੇ ਹਰਿਆਣਾ ਦੇ ਪ੍ਰੀਖਿਆ ਕੇਂਦਰਾਂ ਨਾਲ ਜੁੜੀ ਜਾਣਕਾਰੀ ਉਨ੍ਹਾਂ ਨੂੰ ਸੌਂਪ ਦਿਤੀ ਹੈ। ਪੁਲਿਸ ਨੇ ਪ੍ਰੀਖਿਆ ਕੇਂਦਰਾਂ, ਉਨ੍ਹਾਂ ਦੇ ਸੂਪਰਡੈਂਟਾਂ ਅਤੇ ਉਨ੍ਹਾਂ ਬੈਂਕਾਂ ਬਾਰੇ ਜਾਣਕਾਰੀ ਮੰਗੀ ਸੀ ਜਿਥੇ ਪੇਪਰ ਸੁਰੱਖਿਅਤ ਰੱਖੇ ਗਏ ਸਨ।ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਸੀ.ਬੀ.ਐਸ.ਈ. ਨੇ ਇਹ ਵੀ ਕਿਹਾ ਹੈ ਕਿ ਉਸ ਦੇ ਪ੍ਰਧਾਨ ਨੂੰ 10ਵੀਂ ਜਮਾਤ ਦੇ ਹਿਸਾਬ ਦਾ ਪੇਪਰ ਲੀਕ ਹੋਣ ਬਾਰੇ ਪ੍ਰੀਖਿਆ ਤੋਂ ਇਕ ਦਿਨ ਪਹਿਲਾਂ ਇਕ ਈ-ਮੇਲ ਮਿਲੀ ਸੀ। ਦਿੱਲੀ ਪੁਲਿਸ ਦੀ ਅਪਰਾਧ ਬ੍ਰਾਂਚ ਨੇ ਗੂਗਲ ਨੂੰ ਚਿੱਠੀ ਲਿਖ ਕੇ ਇਸ ਈ-ਮੇਲ ਪਤੇ ਦਾ ਵੇਰਵਾ ਮੰਗਿਆ ਹੈ। ਇਸ ਈ-ਮੇਲ 'ਚ ਹੱਥ ਨਾਲ ਲਿਖੇ 12 ਪੰਨਿਆਂ ਦੇ ਪੇਪਰਾਂ ਦੀਆਂ ਤਸਵੀਰਾਂ ਸਨ। ਇਨ੍ਹਾਂ ਤਸਵੀਰਾਂ ਨੂੰ ਵਟਸਐਪ ਗਰੁੱਪਾਂ 'ਚ ਪੋਸਟ ਕੀਤਾ ਗਿਆ ਸੀ।
Ministry of HRD
ਬੋਰਡ ਦੀ ਪ੍ਰਧਾਨ ਅਨੀਤਾ ਕਰਵਾਲ ਕੋਲ ਇਹ ਈ-ਮੇਲ ਹਿਸਾਬ ਦੇ ਪੇਪਰ ਤੋਂ ਇਕ ਦਿਨ ਪਹਿਲਾਂ 27 ਮਾਰਚ ਨੂੰ ਆਇਆ ਸੀ। ਹਿਸਾਬ ਅਤੇ ਅਰਥਸ਼ਾਸਤਰ ਦਾ ਪੇਪਰ 28 ਅਤੇ 26 ਮਾਰਚ ਨੂੰ ਹੋਇਆ ਸੀ। ਮੇਲ ਭੇਜਣ ਵਾਲੇ ਨੇ ਕਿਹਾ ਸੀ ਕਿ ਹਿਸਾਬ ਦਾ ਪੇਪਰ ਵਟਸਐਪ 'ਤੇ ਲੀਕ ਹੋਇਆਅਤੇ ਇਸ ਦਾ ਇਮਤਿਹਾਨ ਰੱਦ ਹੋਣਾ ਚਾਹੀਦਾ ਹੈ। ਇਹ ਪੇਪਰ 50-60 ਮੈਂਬਰਾਂ ਵਾਲੇ 10 ਵਟਸਐਪ ਗਰੁੱਪਾਂ 'ਤੇ ਭੇਜੇ ਗਏ ਸਨ। ਇਨ੍ਹਾਂ ਸਮੂਹਾਂ ਦੀ ਪਛਾਣ ਕਰ ਲਈ ਗਈ ਹੈ। ਇਸ ਮਾਮਲੇ ਦੀ ਜਾਂਚ ਨਾਲ ਜੁੜੇ ਅਧਿਕਾਰੀ ਨੇ ਦਸਿਆ ਕਿ ਪੁਲਿਸ ਨੇ ਹੁਣ ਕਲ ਤਕ ਇਕ ਕੋਚਿੰਗ ਸੈਂਟਰ ਦੇ ਮਾਲਕ, 18 ਵਿਦਿਆਰਥੀਆਂ ਅਤੇ ਟਿਊਸ਼ਨ ਦੇਣ ਵਾਲੇ ਕੁੱਝ ਸਿਖਿਅਕਾਂ ਸਮੇਤ 35 ਲੋਕਾਂ ਤੋਂ ਪੁੱਛ-ਪੜਤਾਲ ਕੀਤੀ। ਉਨ੍ਹਾਂ ਦਸਿਆ ਕਿ ਪੁਲਿਸ ਨੇ ਸੀਬੀਐਸਈ ਦੇ ਪ੍ਰੀਖਿਆ ਕੰਟਰੋਲਰ ਨਾਲ ਦੋ ਘੰਟੇ ਗੱਲਬਾਤ ਕੀਤੀ ਤਾਕਿ ਪ੍ਰੀਖਿਆ ਕਰਾਉਣ ਦੀ ਪ੍ਰਕਿਰਿਆ ਨੂੰ ਸਮਝਿਆ ਜਾ ਸਕੇ। ਅਰਥਸ਼ਾਸਤਰ ਦੇ ਪੇਪਰ ਲੀਕ ਹੋਣ ਦੇ ਸਬੰਧ ਵਿਚ ਪਹਿਲਾਂ ਮਾਮਲਾ 27 ਮਾਰਚ ਨੂੰ ਅਤੇ ਮੈਥ ਦਾ ਪੇਪਰ ਲੀਕ ਹੋਣ ਦਾ ਮਾਮਲਾ 28 ਮਾਰਚ ਨੂੰ ਦਰਜ ਕੀਤਾ ਗਿਆ। ਸੀਬੀਐਸਈ ਦੇ ਖੇਤਰੀ ਡਾਇਰੈਕਟਰ ਦੀ ਸ਼ਿਕਾਇਤ 'ਤੇ ਇਹ ਮਾਮਲੇ ਦਰਜ ਕੀਤੇ ਗਏ। ਇਹ ਮਾਮਲੇ ਅਪਰਾਧਕ ਵਿਸ਼ਵਾਸਘਾਤ, ਧੋਖਾਧੜੀ ਅਤੇ ਅਪਰਾਧਕ ਸਾਜ਼ਸ਼ ਦੇ ਦੋਸ਼ ਵਿਚ ਦਰਜ ਕੀਤੇ ਗਏ ਹਨ। ਮਾਮਲੇ ਦੀ ਜਾਂਚ ਲਈ ਪੁਲਿਸ ਦੇ ਦੋ ਉਪ ਕਮਿਸ਼ਨਰਾਂ, ਚਾਰ ਸਹਾਇਕ ਪੁਲਿਸ ਕਮਿਸ਼ਨਰਾਂ ਅਤੇ ਪੰਜ ਇੰਸਪੈਕਟਰਾਂ ਦੀ ਇਕ ਵਿਸ਼ੇਸ਼ ਟੀਮ ਗਠਤ ਕੀਤੀ ਗਈ ਹੈ। ਇਹ ਟੀਮ ਸੰਯੁਕਤ ਪੁਲਿਸ ਕਮਿਸ਼ਨਰ (ਅਪਰਾਧ) ਦੀ ਨਿਗਰਾਨੀ 'ਚ ਕੰਮ ਕਰ ਰਿਹਾ ਹੈ। (ਪੀਟੀਆਈ)