
ਵਿਦੇਸ਼ ਰਾਜ ਮੰਤਰੀ ਵੀ.ਕੇ. ਸਿੰਘ 1 ਅਪ੍ਰੈਲ ਨੂੰ ਇਰਾਕ ਦੌਰੇ 'ਤੇ ਜਾਣਗੇ ਅਤੇ 2 ਅਪ੍ਰੈਲ ਨੂੰ ਉਹ 39 ਭਾਰਤੀਆਂ ਦੀਆਂ ਲਾਸ਼ਾਂ ਲੈ ਕੇ ਭਾਰਤ ਵਾਪਸ ਪਰਤਣਗੇ।
ਇਰਾਕ ਵਿਚ ਮਾਰੇ ਗਏ 39 ਭਾਰਤੀਆਂ ਦੀਆਂ ਲਾਸ਼ਾਂ ਅਪਣੇ ਦੇਸ਼ ਵਾਪਸ ਲਿਆਉਣ ਦੀ ਪੂਰੀ ਤਿਆਰੀ ਹੋ ਚੁੱਕੀ ਹੈ। ਵਿਦੇਸ਼ ਰਾਜ ਮੰਤਰੀ ਵੀ.ਕੇ. ਸਿੰਘ 1 ਅਪ੍ਰੈਲ ਨੂੰ ਇਰਾਕ ਦੌਰੇ 'ਤੇ ਜਾਣਗੇ ਅਤੇ 2 ਅਪ੍ਰੈਲ ਨੂੰ ਉਹ 39 ਭਾਰਤੀਆਂ ਦੀਆਂ ਲਾਸ਼ਾਂ ਲੈ ਕੇ ਭਾਰਤ ਵਾਪਸ ਪਰਤਣਗੇ। ਇਨ੍ਹਾਂ ਲਾਸ਼ਾਂ ਨੂੰ ਭਾਰਤੀ ਹਵਾਈ ਫ਼ੌਜ ਦੀ ਮਦਦ ਨਾਲ ਸਭ ਤੋਂ ਪਹਿਲਾਂ ਅੰਮ੍ਰਿਤਸਰ ਲਿਆਂਦਾ ਜਾਵੇਗਾ, ਜਿਸ ਤੋਂ ਬਾਅਦ ਪਟਨਾ ਅਤੇ ਫਿਰ ਕੋਲਕੱਤਾ ਲਿਜਾਇਆ ਜਾਵੇਗਾ।ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਬਗ਼ਦਾਦ ਵਿਚ ਭਾਰਤੀ ਦੂਤਘਰ ਦੇ ਅਧਿਕਾਰੀ ਇਰਾਕੀ ਅਧਿਕਾਰੀਆਂ ਦੇ ਸੰਪਰਕ ਵਿਚ ਹਨ। ਜਿਵੇਂ ਹੀ ਇਸ ਮਾਮਲੇ ਵਿਚ ਹਰੀ ਝੰਡੀ ਮਿਲੇਗੀ, ਜਨਰਲ ਵੀ. ਕੇ. ਸਿੰਘ ਦਿੱਲੀ ਤੋਂ ਬਗ਼ਦਾਦ ਲਈ ਰਵਾਨਾ ਹੋ ਜਾਣਗੇ। ਦਸ ਦਈਏ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਰਾਜ ਸਭਾ ਵਿਚ ਕਿਹਾ ਸੀ ਕਿ ਕਰੀਬ 39 ਭਾਰਤੀਆਂ ਨੂੰ ਇਰਾਕ ਦੇ ਮੋਸੁਲ ਤੋਂ ਆਈਐਸਆਈਐਸ ਅਤਿਵਾਦੀ ਸੰਗਠਨ ਨੇ ਅਗਵਾ ਕਰ ਲਿਆ ਸੀ ਪਰ ਉਨ੍ਹਾਂ ਵਿਚੋਂ ਇਕ ਖ਼ੁਦ ਨੂੰ ਬੰਗਲਾਦੇਸ਼ੀ ਮੁਸਲਮਾਨ ਦਸ ਕੇ ਬਚ ਨਿਕਲਣ ਵਿਚ ਕਾਮਯਾਬ ਰਿਹਾ।
V.K Singh
ਉਨ੍ਹਾਂ ਕਿਹਾ ਸੀ ਕਿ ਬਾਕੀ 39 ਭਾਰਤੀਆਂ ਨੂੰ ਬਾਦੂਸ਼ ਲਿਜਾਇਆ ਗਿਆ ਅਤੇ ਉਨ੍ਹਾਂ ਦੀ ਹੱਤਿਆ ਕਰ ਦਿਤੀ ਗਈ। ਆਈਐਸ ਨੇ 39 ਭਾਰਤੀਆਂ ਦਾ ਅਗਵਾ ਕਰਨ ਤੋਂ ਬਾਅਦ ਉਨ੍ਹਾਂ ਦੇ ਸਿਰਾਂ ਵਿਚ ਗੋਲੀਆਂ ਮਾਰ ਦਿਤੀਆਂ ਸਨ। ਸਾਲ 2014 ਵਿਚ ਅਗਵਾ ਇਨ੍ਹਾਂ ਭਾਰਤੀਆਂ ਦੇ ਡੀਐਨਏ ਜਾਂਚ ਨਾਲ ਅੱਤਵਾਦੀ ਸੰਗਠਨ ਦੀ ਦਰਿੰਦਗੀ ਦੀ ਪੁਸ਼ਟੀ ਹੋਈ ਸੀ। ਇਰਾਕ ਦੇ ਸਿਹਤ ਮੰਤਰਾਲੇ ਦੇ ਫੌਰੈਂਸਿਕ ਮੈਡੀਸਨ ਵਿਭਾਗ ਨੇ ਬਾਦੂਸ਼ ਪਿੰਡ ਤੋਂ ਮਿਲੇ ਭਾਰਤੀਆਂ ਦੀਆਂ ਲਾਸ਼ਾਂ ਦੇ ਡੀਐਨਏ ਦੀ ਜਾਂਚ ਕੀਤੀ ਸੀ। ਵਿਭਾਗ ਦੇ ਪ੍ਰਧਾਨ ਡਾਕਟਰ ਜੈਦ ਅਲੀ ਅੱਬਾਸ ਨੇ ਬਗ਼ਦਾਦ ਤੋਂ ਫ਼ੋਨ 'ਤੇ ਖ਼ਾਸ ਗੱਲਬਾਤ ਦੌਰਾਨ ਕਿਹਾ ਸੀ ਕਿ ਜ਼ਿਆਦਾਤਰ ਲਾਸ਼ਾਂ ਦੇ ਸਿਰ ਵਿਚ ਗੋਲੀ ਮਾਰੇ ਜਾਣ ਦੇ ਨਿਸ਼ਾਨ ਹਨ। ਦਸ ਦਈਏ ਕਿ ਲਾਸ਼ਾਂ ਨੂੰ ਲਿਆਉਣ ਵਿਚ ਦੇਰੀ ਹੋਣ ਕਾਰਨ ਪੀੜਤ ਪਰਿਵਾਰਾਂ ਨੇ ਵੀ ਇਸ ਮੰਗ ਨੂੰ ਜ਼ੋਰ ਸ਼ੋਰ ਨਾਲ ਉਠਾਇਆ ਸੀ ਕਿ ਉਨ੍ਹਾਂ ਦੇ ਬੱਚਿਆਂ ਦੀਆਂ ਲਾਸ਼ਾਂ ਨੂੰ ਉਨ੍ਹਾਂ ਨੂੰ ਜਲਦ ਸੌਂਪੀਆਂ ਜਾਣ। (ਏਜੰਸੀਆਂ)