
ਅੱਤਵਾਦੀਆਂ ਕੋਲੋਂ ਮਿਲਿਆ 12 ਕਿੱਲੋ RDX
ਜੈਪੁਰ : ਜੈਪੁਰ ਅਤੇ ਉਦੈਪੁਰ ਏਟੀਐਸ ਨੇ ਜੈਪੁਰ ਨੂੰ ਹਿਲਾ ਦੇਣ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਪੁਲਿਸ ਨੇ ਤਿੰਨ ਸ਼ੱਕੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਕੋਲੋਂ ਬੰਬ ਬਣਾਉਣ ਦਾ ਸਾਮਾਨ ਅਤੇ ਅੱਠ ਤੋਂ ਦਸ ਕਿਲੋ ਆਰਡੀਐਕਸ ਬਰਾਮਦ ਹੋਇਆ ਹੈ। ਚਿਤੌੜਗੜ੍ਹ ਦੇ ਨਿੰਬਹੇੜਾ ਤੋਂ ਪੁਲਿਸ ਨੇ ਬੁੱਧਵਾਰ ਨੂੰ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ।
ਉਨ੍ਹਾਂ ਦੀ ਕਾਰ 'ਚੋਂ ਬੰਬ ਬਣਾਉਣ ਦਾ ਸਾਮਾਨ, ਟਾਈਮਰ ਅਤੇ ਆਰਡੀਐਕਸ ਬਰਾਮਦ ਹੋਇਆ। ਮੁਲਜ਼ਮ ਨਿੰਬਹੇੜਾ ਵਿੱਚ ਬੰਬ ਬਣਾ ਕੇ ਕਿਸੇ ਹੋਰ ਗਿਰੋਹ ਨੂੰ ਦੇਣ ਵਾਲੇ ਸਨ, ਤਾਂ ਜੋ ਜੈਪੁਰ ਵਿੱਚ ਤਿੰਨ ਥਾਵਾਂ ’ਤੇ ਧਮਾਕੇ ਕਰ ਸਕਣ।
ਉਦੈਪੁਰ ਅਤੇ ਜੈਪੁਰ ਏਟੀਐਸ ਦੀਆਂ ਟੀਮਾਂ ਵੀ ਦੇਰ ਸ਼ਾਮ ਨਿੰਬਹੇੜਾ ਪਹੁੰਚੀਆਂ। ਪੁਲਿਸ ਅਤੇ ਏਟੀਐਸ ਨੂੰ ਤਿੰਨਾਂ ਮੁਲਜ਼ਮਾਂ ਦੇ ਇੱਕ ਅੱਤਵਾਦੀ ਸੰਗਠਨ ਨਾਲ ਜੁੜੇ ਹੋਣ ਦਾ ਸ਼ੱਕ ਹੈ।
ਪਤਾ ਲੱਗਾ ਹੈ ਕਿ ਤਿੰਨਾਂ ਮੁਲਜ਼ਮਾਂ ਕੋਲ ਐਮਪੀ ਨੰਬਰ ਵਾਲੀ ਕਾਰ ਸੀ। ਤਿੰਨਾਂ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ। ਫਿਲਹਾਲ ਪੁਲਿਸ ਨੇ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਹੈ। ਦੱਸਿਆ ਗਿਆ ਕਿ ਦੋਸ਼ੀਆਂ ਨੇ ਕਿਸੇ ਅੱਤਵਾਦੀ ਸੰਗਠਨ ਦਾ ਨਾਂ ਵੀ ਦੱਸਿਆ ਹੈ। ਉਹ ਕਿਸ ਨਾਲ ਸਬੰਧਤ ਹੈ, ਇਸ ਬਾਰੇ ਅਧਿਕਾਰੀਆਂ ਨੇ ਅਜੇ ਤੱਕ ਖੁਲਾਸਾ ਨਹੀਂ ਕੀਤਾ ਹੈ।