
ਪਾਣੀ ਦੀ ਬਰਬਾਦੀ ਕਰਨ ਵਾਲਿਆਂ ਵਿਰੁਧ ਮੁਹਿੰਮ, ਕੌਂਸਲਰਾਂ ਨੂੰ ਮਿਲਣਗੇ ਫ਼ੰਡ
ਚੰਡੀਗੜ੍ਹ (ਪ.ਪ.) : ਅਪ੍ਰੈਲ ਮਹੀਨੇ ਚੜ੍ਹਦਿਆਂ ਹੀ ਸ਼ਹਿਰ ’ਚ ਕਈ ਬਦਲਾਅ ਹੋਣਗੇ, ਜਿਸ ਦਾ ਸਿੱਧਾ ਅਸਰ ਲੋਕਾਂ ’ਤੇ ਪਵੇਗਾ। ਜਿਥੇ ਕੁਝ ਲੋਕਾਂ ਨੂੰ ਰਾਹਤ ਮਿਲੇਗੀ, ਉਥੇ ਹੀ ਜੇਬ ’ਤੇ ਵਾਧੂ ਬੋਝ ਵੀ ਵਧੇਗਾ। ਜਿਸ ਕਾਰਨ ਮਹਿੰਗਾਈ ਵੀ ਵਧੇਗੀ। ਨਵਾਂ ਵਿੱਤੀ ਸੈਸ਼ਨ ਵੀ 1 ਅਪ੍ਰੈਲ ਤੋਂ ਸ਼ੁਰੂ ਹੋਵੇਗਾ। ਪ੍ਰਸ਼ਾਸਨ ਅਤੇ ਨਗਰ ਨਿਗਮ ਦੇ ਅਧਿਕਾਰੀ ਨਵੀਂ ਯੋਜਨਾ ਅਤੇ ਬਜਟ ਮੁਤਾਬਕ ਕੰਮ ਕਰਨਗੇ। ਪ੍ਰਸ਼ਾਸਨ ਅਤੇ ਨਗਰ ਨਿਗਮ ਨੂੰ ਨਵੇਂ ਬਜਟ ਤਹਿਤ ਕੇਂਦਰ ਸਰਕਾਰ ਤੋਂ ਗ੍ਰਾਂਟ-ਇਨ-ਏਡ ਮਿਲੇਗੀ ਜਦਕਿ ਮਕਾਨ ਅਤੇ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ਵਾਲਿਆਂ ਲਈ ਸਵੈ-ਮੁਲਾਂਕਣ ਯੋਜਨਾ ਵੀ 1 ਅਪ੍ਰੈਲ ਤੋਂ ਸ਼ੁਰੂ ਹੋਵੇਗੀ।
Chandigarh
ਸੱਭ ਤੋਂ ਵੱਡੀ ਗੱਲ ਇਹ ਹੈ ਕਿ 1 ਅਪ੍ਰੈਲ ਤੋਂ ਚੰਡੀਗੜ੍ਹ ’ਚ ਕੇਂਦਰੀ ਸੇਵਾ ਨਿਯਮ ਲਾਗੂ ਹੋ ਜਾਵੇਗਾ। ਇਸ ਸਬੰਧੀ ਅੱਜ ਨੋਟੀਫ਼ਿਕੇਸ਼ਨ ਜਾਰੀ ਕਰ ਦਿਤਾ ਗਿਆ ਹੈ। ਅੰਬਾਲਾ ਡਿਵੀਜ਼ਨ 1 ਅਪ੍ਰੈਲ ਤੋਂ ਚੰਡੀਗੜ੍ਹ ਰੇਲਵੇ ਸਟੇਸ਼ਨ ਨੂੰ ਸੰਭਾਲ ਲਵੇਗਾ। ਪ੍ਰਸ਼ਾਸਨ ਵਲੋਂ 1 ਅਪ੍ਰੈਲ ਤੋਂ ਸ਼ਹਿਰ ਵਿਚ ਇਲੈਕਟ੍ਰਿਕ ਵਹੀਕਲ ਪਾਲਿਸੀ ਲਾਗੂ ਕਰਨ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ। ਬਰਡ ਪਾਰਕ ਦਾ ਸਮਾਂ ਵੀ ਬਦਲਣ ਵਾਲਾ ਹੈ। ਇਸ ਦੇ ਨਾਲ ਹੀ ਯੂਟੀ ਪ੍ਰਸ਼ਾਸਨ ਦੇ 25,000 ਕਰਮਚਾਰੀਆਂ ’ਤੇ ਕੇਂਦਰੀ ਸੇਵਾ ਨਿਯਮ ਲਾਗੂ ਹੋਣਗੇ।
Chandigarh
ਮਹਿੰਗੀ ਹੋਵੇਗੀ ਸ਼ਰਾਬ : ਯੂ.ਟੀ. ਪ੍ਰਸ਼ਾਸਨ ਨੇ ਸ਼ਰਾਬ ਦੇ ਠੇਕਿਆਂ ਦੀ ਨਵੀਂ ਨੀਲਾਮੀ ਕਰ ਦਿਤੀ ਹੈ ਅਤੇ ਨਵੇਂ ਠੇਕਿਆਂ ’ਚ 1 ਅਪ੍ਰੈਲ ਤੋਂ ਸ਼ਰਾਬ ਦੇ ਵਧੇ ਹੋਏ ਨਵੇਂ ਰੇਟ ਲਾਗੂ ਹੋਣਗੇ। ਹਰ ਸ਼ਰਾਬ ਦੀ ਬੋਤਲ ਦਾ ਰੇਟ 5 ਤੋਂ 10 ਫ਼ੀ ਸਦੀ ਤਕ ਵਧੇਗਾ। ਸ਼ਹਿਰ ਵਿਚ ਸ਼ਰਾਬ ਦੀ ਖਪਤ ਬਹੁਤ ਜ਼ਿਆਦਾ ਹੈ। ਚੰਡੀਗੜ੍ਹ ਵਿਚ ਸ਼ਰਾਬ ਦੇ 96 ਠੇਕੇ ਹਨ, ਜਿਨ੍ਹਾਂ ਦੀ ਨਿਲਾਮੀ ਦੀ ਪ੍ਰਕਿਰਿਆ ਵੀ ਪੂਰੀ ਹੋ ਚੁੱਕੀ ਹੈ।
Chandigarh
ਦੋ ਤੋਂ ਤਿੰਨ ਗੁਣਾ ਵਧਣਗੇ ਪਾਣੀ ਦੇ ਰੇਟ : ਸ਼ਹਿਰ ਵਿੱਚ ਪਾਣੀ ਦੇ ਰੇਟ ਪਹਿਲੀ ਅਪ੍ਰੈਲ ਤੋਂ ਦੋ ਤੋਂ ਤਿੰਨ ਗੁਣਾ ਵੱਧ ਜਾਣਗੇ। ਪਿਛਲੇ ਸਾਲ ਕੋਰੋਨਾ ਕਾਰਨ ਪ੍ਰਸ਼ਾਸਨ ਨੇ ਪਾਣੀ ਦੇ ਵਧੇ ਰੇਟ ’ਤੇ ਪਾਬੰਦੀ ਲਗਾ ਦਿਤੀ ਸੀ। ਇਹ ਪਾਬੰਦੀ 31 ਮਾਰਚ ਤਕ ਸੀ ਪਰ ਪ੍ਰਬੰਧਕਾਂ ਵਲੋਂ ਕੱੁਝ ਰਾਹਤ ਦਿਤੀ ਜਾ ਸਕਦੀ ਹੈ। ਹੁਣ ਇਹ ਦਰਾਂ 1 ਅਪ੍ਰੈਲ ਤੋਂ ਲਾਗੂ ਹੋਣਗੀਆਂ।
ਸਵੈ ਮੁਲਾਂਕਣ ਯੋਜਨਾ ਤਹਿਤ ਛੋਟ : ਮਕਾਨ ਅਤੇ ਜਾਇਦਾਦ ਟੈਕਸ ਜਮ੍ਹਾ ਕਰਨ ਲਈ ਸਵੈ-ਮੁਲਾਂਕਣ ਯੋਜਨਾ 1 ਅਪ੍ਰੈਲ ਤੋਂ ਸ਼ੁਰੂ ਹੋਵੇਗੀ। ਇਸ ਤਹਿਤ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ਵਾਲਿਆਂ ਨੂੰ 10 ਫੀਸਦੀ ਅਤੇ ਹਾਊਸ ਟੈਕਸ ਜਮ੍ਹਾ ਕਰਵਾਉਣ ਵਾਲਿਆਂ ਨੂੰ 20 ਫ਼ੀ ਸਦੀ ਛੋਟ ਮਿਲੇਗੀ। ਸ਼ਹਿਰ ਵਿਚ 26 ਹਜ਼ਾਰ ਕਮਰਸ਼ੀਅਲ ਅਤੇ 80 ਹਜ਼ਾਰ ਰਿਹਾਇਸ਼ੀ ਇਮਾਰਤਾਂ ਹਨ, ਜਿਨ੍ਹਾਂ ਦਾ ਟੈਕਸ ਹਰ ਸਾਲ ਨਗਰ ਨਿਗਮ ਨੂੰ ਆਉਂਦਾ ਹੈ। ਨਗਰ ਨਿਗਮ ਨੇ ਪੂਰੇ ਸ਼ਹਿਰ ਦੀਆਂ ਵਪਾਰਕ ਇਮਾਰਤਾਂ ਨੂੰ ਜ਼ੋਨ ਏ, ਬੀ, ਸੀ ਅਤੇ ਡੀ ਵਿੱਚ ਵੰਡਿਆ ਹੈ। ਜਦਕਿ ਰਿਹਾਇਸ਼ੀ ਜਾਇਦਾਦ ਨੂੰ ਤਿੰਨ ਜ਼ੋਨਾਂ ਵਿਚ ਵੰਡਿਆ ਗਿਆ ਹੈ। ਹਰ ਜ਼ੋਨ ਲਈ ਵੱਖ-ਵੱਖ ਦਰਾਂ ਹਨ।
ਪਾਣੀ ਦੀ ਬਰਬਾਦੀ ਕਰਨ ਵਾਲਿਆਂ ਵਿਰੁਧ ਮੁਹਿੰਮ : ਸ਼ਹਿਰ ਵਿਚ 1 ਅਪ੍ਰੈਲ ਤੋਂ ਲਾਅਨ ਇਰੀਗੇਸ਼ਨ ਅਤੇ ਕਾਰਾਂ ਧੋਣ ’ਤੇ ਪਾਬੰਦੀ ਲਗਾ ਦਿਤੀ ਗਈ ਹੈ। ਪਾਣੀ ਦੀ ਬਰਬਾਦੀ ਕਰਨ ਵਾਲਿਆਂ ਵਿਰੁਧ ਮੁਹਿੰਮ ਚਲਾਈ ਜਾਵੇਗੀ। ਇਹ ਮੁਹਿੰਮ 30 ਜੂਨ ਤਕ ਜਾਰੀ ਰਹੇਗੀ। ਪਾਣੀ ਦੀ ਬਰਬਾਦੀ ਕਰਨ ’ਤੇ ਤਿੰਨ ਹਜ਼ਾਰ ਰੁਪਏ ਦਾ ਚਲਾਨ ਕੱਟਣ ਦੀ ਵਿਵਸਥਾ ਹੈ। ਵਾਰ-ਵਾਰ ਪਾਣੀ ਦੀ ਬਰਬਾਦੀ ਲਈ ਪਾਣੀ ਦੇ ਕੁਨੈਕਸ਼ਨ ਕੱਟੇ ਜਾਣਗੇ।
ਕੌਂਸਲਰਾਂ ਨੂੰ ਮਿਲਣਗੇ ਫ਼ੰਡ : ਦਸੰਬਰ 2021 ਵਿਚ ਨਗਰ ਨਿਗਮ ਚੋਣਾਂ ਹੋਣ ਦੇ ਬਾਵਜੂਦ ਨਵੇਂ ਚੁਣੇ ਗਏ ਕੌਂਸਲਰਾਂ ਨੂੰ ਅਜੇ ਤਕ ਵਾਰਡ ਵਿਕਾਸ ਫ਼ੰਡ ਨਹੀਂ ਮਿਲਿਆ ਹੈ। ਨਵੇਂ ਵਿੱਤੀ ਸੈਸ਼ਨ ਤੋਂ ਹੀ ਹਰ ਵਾਰਡ ਦੇ ਕੌਂਸਲਰ ਨੂੰ 80-80 ਲੱਖ ਰੁਪਏ ਦਾ ਵਾਰਡ ਵਿਕਾਸ ਫ਼ੰਡ ਮਿਲੇਗਾ, ਜਿਸ ਨਾਲ ਉਹ ਅਪਣੇ ਵਾਰਡ ਦੇ ਕੰਮ ਕਰਵਾ ਸਕਣਗੇ।
ਪਾਲਤੂ ਕੁੱਤਿਆਂ ਦੇ ਉਪ-ਨਿਯਮਾਂ ਨੂੰ ਲਾਗੂ ਕਰਨ ਲਈ ਮੁਹਿੰਮ : ਸ਼ਹਿਰ ਵਿਚ ਪਾਲਤੂ ਕੁੱਤਿਆਂ ਦੇ ਉਪ-ਨਿਯਮ ਲਾਗੂ ਹਨ। ਇਨ੍ਹਾਂ ਉਪ-ਨਿਯਮਾਂ ਤਹਿਤ ਸਾਰੇ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨਾ ਯਕੀਨੀ ਬਣਾਉਣ ਲਈ ਨਗਰ ਨਿਗਮ ਪਹਿਲੀ ਅਪ੍ਰੈਲ ਤੋਂ ਮੁਹਿੰਮ ਸ਼ੁਰੂ ਕਰੇਗਾ। ਇਸ ਸਮੇਂ ਨਗਰ ਨਿਗਮ ਕੋਲ 9500 ਪਾਲਤੂ ਕੁੱਤੇ ਰਜਿਸਟਰਡ ਹਨ। ਨਗਰ ਨਿਗਮ ਨੇ ਜੁਰਮਾਨੇ ਦੀ ਰਕਮ ਵੀ 500 ਤੋਂ ਵਧਾ ਕੇ 5000 ਕਰ ਦਿੱਤੀ ਹੈ। ਜੇਕਰ ਕੋਈ ਪਾਲਤੂ ਕੁੱਤਾ ਜ਼ਬਤ ਕੀਤਾ ਜਾਂਦਾ ਹੈ ਤਾਂ ਉਸ ਦੇ ਚਾਰਜ ਵਖਰੇ ਲਏ ਜਾਣਗੇ। ਰਜਿਸਟ੍ਰੇਸ਼ਨ ਫ਼ੀਸ 200 ਤੋਂ ਵਧਾ ਕੇ 500 ਕਰ ਦਿੱਤੀ ਗਈ ਹੈ। ਹੁਣ ਮੁਹਿੰਮ ਚਲਾ ਕੇ ਇਸ ਜੁਰਮਾਨੇ ਦੀ ਰਕਮ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਕਮਿਊਨਿਟੀ ਸੈਂਟਰ ਦੀਆਂ ਦਰਾਂ ਨਹੀਂ ਵਧਣਗੀਆਂ : ਪਿਛਲੇ ਤਿੰਨ ਸਾਲਾਂ ਤੋਂ ਹਰ ਵਾਰ ਅਪ੍ਰੈਲ ਮਹੀਨੇ ਵਿਚ ਕਮਿਊਨਿਟੀ ਸੈਂਟਰ ਦੀ ਬੁਕਿੰਗ ਵਿਚ 10 ਫ਼ੀ ਸਦੀ ਦਾ ਵਾਧਾ ਹੋ ਜਾਂਦਾ ਹੈ ਪਰ ਇਸ ਵਾਰ ਅਜਿਹਾ ਨਹੀਂ ਹੋਵੇਗਾ। ਹੁਣ ਨਗਰ ਨਿਗਮ ਨੇ ਫ਼ੈਸਲਾ ਕੀਤਾ ਹੈ ਕਿ ਹੁਣ ਹਰ ਸਾਲ ਨਹੀਂ ਸਗੋਂ ਹਰ ਤਿੰਨ ਸਾਲ ਬਾਅਦ 5 ਫ਼ੀ ਸਦੀ ਦਾ ਵਾਧਾ ਕੀਤਾ ਜਾਵੇਗਾ। ਸ਼ਹਿਰ ਵਿਚ ਇਸ ਵੇਲੇ 50 ਕਮਿਊਨਿਟੀ ਸੈਂਟਰ ਹਨ।
ਦਖਣੀ ਸੈਕਟਰਾਂ ’ਚ ਸਫ਼ਾਈ ਦਾ ਕੰਮ ਸੰਭਾਲੇਗੀ ਨਵੀਂ ਕੰਪਨੀ : ਦੱਖਣੀ ਸੈਕਟਰਾਂ ਦੀ ਸਫ਼ਾਈ ਦੀ ਜ਼ਿੰਮੇਵਾਰੀ ਅਜੇ ਵੀ ਲਾਇਨਜ਼ ਕੰਪਨੀ ਕੋਲ ਹੈ। ਇਸ ਦਾ ਟੈਂਡਰ 31 ਮਾਰਚ ਨੂੰ ਖ਼ਤਮ ਹੋਵੇਗਾ। ਪਹਿਲੀ ਅਪ੍ਰੈਲ ਤੋਂ ਨਵੀਂ ਕੰਪਨੀ ਦੱਖਣੀ ਸੈਕਟਰਾਂ ਦੀ ਸਫ਼ਾਈ ਦੀ ਜ਼ਿੰਮੇਵਾਰੀ ਸੰਭਾਲੇਗੀ, ਜਿਸ ਦੀ ਟੈਂਡਰ ਪ੍ਰਕਿਰਿਆ ਅੰਤਮ ਪੜਾਅ ’ਤੇ ਹੈ।