
ਵਰਕਰਾਂ ਨੇ ਕਿਹਾ ਕਿ ਉਹਨਾਂ ਕੋਲ ਆਪਣੇ ਵਾਹਨਾਂ ਵਿਚ ਪੈਟਰੋਲ ਅਤੇ ਡੀਜ਼ਲ ਭਰਨ ਲਈ ਪੈਸੇ ਨਹੀਂ ਹਨ। ਇਸ ਲਈ ਉਸ ਨੇ ਕਾਰਾਂ ਅਤੇ ਮੋਟਰਸਾਈਕਲ ਆਦਿ ਨੂੰ ਸੇਲ ’ਤੇ ਲਗਾਇਆ
ਚੰਡੀਗੜ੍ਹ: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਹੋ ਰਹੇ ਵਾਧੇ ਨੂੰ ਲੈ ਕੇ ਯੂਥ ਕਾਂਗਰਸ ਵਲੋਂ ਅੱਜ ਸੈਕਟਰ 25 ਦੇ ਰੈਲੀ ਗਰਾਊਂਡ ਵਿਚ ਵਾਹਨਾਂ ਦੀ ਪ੍ਰਦਰਸ਼ਨੀ ਲਗਾਈ ਗਈ। ਵਰਕਰ ਆਪਣੇ ਵਾਹਨਾਂ ਅਤੇ ਮੋਟਰਸਾਈਕਲਾਂ ਦੀ ਸੇਲ ਲਗਾ ਕੇ ਪ੍ਰਦਰਸ਼ਨ ਕਰ ਰਹੇ ਹਨ। ਵਰਕਰਾਂ ਨੇ ਅਪਣੇ ਹੱਥਾਂ ਵਿਚ ਮਹਿੰਗਾਈ ਵਿਰੋਧੀ ਪੋਸਟਰ ਫੜੇ ਹੋਏ ਸਨ।
Youth Congress Protest Against Petrol Diesel Price
ਇਸ ਦੌਰਾਨ ਉਹਨਾਂ ਨੇ ‘ਅਬਕੀ ਬਾਰ ਮਹਿੰਗਾਈ ਕੀ ਮਾਰ’, ‘ਭਾਰਤੀ ਜਨਤਾ ਪਾਰਟੀ ਮੁਰਦਾਬਾਦ’ ਅਤੇ ‘ਮੋਦੀ ਸਰਕਾਰ ਹਾਏ, ਹਾਏ’ ਦੇ ਨਾਅਰੇ ਵੀ ਲਾਏ। ਵਰਕਰਾਂ ਨੇ ਕਿਹਾ ਕਿ ਉਹਨਾਂ ਕੋਲ ਆਪਣੇ ਵਾਹਨਾਂ ਵਿਚ ਪੈਟਰੋਲ ਅਤੇ ਡੀਜ਼ਲ ਭਰਨ ਲਈ ਪੈਸੇ ਨਹੀਂ ਹਨ। ਇਸ ਲਈ ਉਸ ਨੇ ਆਪਣੀਆਂ ਕਾਰਾਂ ਅਤੇ ਮੋਟਰਸਾਈਕਲ ਆਦਿ ਨੂੰ ਸੇਲ ’ਤੇ ਲਗਾਇਆ ਹੈ।
Youth Congress Protest Against Petrol Diesel Price
ਚੰਡੀਗੜ੍ਹ ਯੂਥ ਕਾਂਗਰਸ ਦੇ ਪ੍ਰਧਾਨ ਮਨੋਜ ਲੁਬਾਣਾ ਨੇ ਕਿਹਾ ਕਿ ਪਿਛਲੇ 10 ਦਿਨਾਂ ਤੋਂ ਪੈਟਰੋਲ ਦਾ ਰੇਟ ਲਗਾਤਾਰ ਵਧ ਕੇ 100 ਰੁਪਏ ਤੋਂ ਉਪਰ ਹੋ ਗਿਆ ਹੈ। ਇਸੇ ਤਰ੍ਹਾਂ ਡੀਜ਼ਲ ਦਾ ਰੇਟ ਵੀ ਵਧ ਰਿਹਾ ਹੈ। ਉਹਨਾਂ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੇ ਰੇਟ ਵਧਣ ਕਾਰਨ ਖਾਣ-ਪੀਣ ਦੀਆਂ ਵਸਤਾਂ ਤੋਂ ਲੈ ਕੇ ਬੱਚਿਆਂ ਦੇ ਦਾਖ਼ਲੇ, ਕਿਤਾਬਾਂ ਆਦਿ ਦੇ ਰੇਟ ਪ੍ਰਭਾਵਿਤ ਹੋ ਰਹੇ ਹਨ। ਅਜਿਹੇ 'ਚ ਉਹਨਾਂ ਨੇ ਭਾਜਪਾ ਨੂੰ ਸਵਾਲ ਕੀਤਾ ਕਿ ਕੀ ਇਸ ਮਹਿੰਗਾਈ ਕਾਰਨ ਗਰੀਬ ਵਿਅਕਤੀ ਨੂੰ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਨਹੀਂ ਚਾਹੀਦਾ?
Youth Congress Protest Against Petrol Diesel Price
ਮਨੋਜ ਲੁਬਾਣਾ ਨੇ ਕਿਹਾ ਕਿ ਵਧਦੀ ਮਹਿੰਗਾਈ ਖਿਲਾਫ ਉਹਨਾਂ ਦਾ ਵਿਰੋਧ ਅਜੇ ਸ਼ੁਰੂ ਹੀ ਹੋਇਆ ਹੈ ਅਤੇ ਆਉਣ ਵਾਲੇ ਸਮੇਂ 'ਚ ਉਹ ਸੜਕਾਂ 'ਤੇ ਉਤਰਨਗੇ। ਉਹਨਾਂ ਕਿਹਾ ਕਿ ਪੰਜ ਸੂਬਿਆਂ ਦੀਆਂ ਚੋਣਾਂ ਤੋਂ ਬਾਅਦ ਭਾਜਪਾ ਨੇ ਇਹ ਦਰਾਂ ਫਿਰ ਵਧਾ ਦਿੱਤੀਆਂ ਹਨ। ਇਸ ਵਧੀ ਮਹਿੰਗਾਈ ਲਈ ਭਾਜਪਾ ਨੂੰ ਦੇਸ਼ ਨੂੰ ਜਵਾਬ ਦੇਣਾ ਪਵੇਗਾ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨਾਲ ਮਜ਼ਾਕ ਕਰ ਰਹੇ ਹਨ। ਯੂਥ ਕਾਂਗਰਸ ਦੇ ਵਰਕਰਾਂ ਨੇ ਕਿਹਾ ਕਿ ਜਦੋਂ ਤੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਹਨ, ਉਦੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦੁੱਗਣੀਆਂ ਕਰ ਦਿੱਤੀਆਂ ਹਨ।