
ਹਾਰੇ ਹਾਂ, ਮਰੇ ਨਹੀਂ ਪੰਜਾਬ ਲਈ ਲੜਦੇ ਰਹਾਂਗੇ- ਸਿੱਧੂ
ਅੰਮ੍ਰਿਤਸਰ: ਲਗਾਤਾਰ ਵਧ ਰਹੀ ਮਹਿੰਗਾਈ ਖ਼ਿਲਾਫ਼ ਕਾਂਗਰਸ ਵਲੋਂ ਅੱਜ ਦੇਸ਼ ਭਰ ਵਿਚ ਕੇਂਦਰ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। 7 ਅਪ੍ਰੈਲ ਤੱਕ ਦੇਸ਼ ਭਰ ਵਿਚ ਕਾਂਗਰਸ ਵਲੋਂ ਪ੍ਰਦਰਸ਼ਨ ਕੀਤੇ ਜਾਣੇ ਹਨ। ਇਸ ਦੇ ਚਲਦਿਆਂ ਅੰਮ੍ਰਿਤਸਰ ਵਿਖੇ ਕੀਤੇ ਜਾ ਰਹੇ ਪ੍ਰਦਰਸ਼ਨ ਵਿਚ ਨਵਜੋਤ ਸਿੱਧੂ ਅਤੇ ਕਈ ਸੀਨੀਅਰ ਕਾਂਗਰਸੀ ਆਗੂ ਵੀ ਪਹੁੰਚੇ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮਹਿੰਗਾਈ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ਼ ਹਮਲਾ ਬੋਲਿਆ। ਉਹਨਾਂ ਕਿਹਾ ਕਿ ਅਸੀਂ ਹਾਰੇ ਹਾਂ, ਮਰੇ ਨਹੀਂ। ਪੰਜਾਬੀਆਂ ਲਈ ਲੜਾਈ ਲੜਦੇ ਰਹਾਂਗੇ। ਕਾਂਗਰਸ ਗਰੀਬ ਦੀ ਰੋਟੀ ਦੀ ਲੜਾਈ ਲੜ ਰਹੀ ਹੈ।
ਸਿੱਧੂ ਨੇ ਕਿਹਾ ਕਿ ਲੋਕਾਂ ਨੇ ਵਿਸ਼ਵਾਸ ਨਾਲ ਵੋਟਾਂ ਪਾਈਆਂ ਸੀ ਪਰ ਲੋਕਾਂ ਦਾ ਵਿਸ਼ਵਾਸ ਮਿੱਟੀ ਦੇ ਭਾਂਡੇ ਵਾਂਗ ਟੁੱਟ ਗਿਆ ਅਤੇ ਲੋਕਾਂ ਦੇ ਚੁੱਲ੍ਹੇ ਬਲਣੋਂ ਹਟ ਗਏ। ਉਹਨਾਂ ਕਿਹਾ ਕਿ ਪਿਛਲੇ 7-8 ਸਾਲਾਂ ਵਿਚ ਫਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਸਿਰਫ਼ 35 ਫੀਸਦ ਵਧਿਆ ਹੈ ਜਦਕਿ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਟ 110 ਫੀਸਦ ਵਾਧਾ ਹੋਇਆ। ਕਰੀਬ 12 ਵਾਰ ਕੀਮਤਾਂ ਵਧੀਆਂ ਹਨ। ਦਾਲ ਦੀਆਂ ਕੀਮਤਾਂ, ਤੇਲ ਦੀਆਂ ਕੀਮਤਾਂ, ਗੈਸ ਸਿਲੰਡਰ ਦੀਆਂ ਕੀਮਤਾਂ ਦੁੱਗਣੀਆਂ ਹੋ ਚੁੱਕੀਆਂ ਪਰ ਗਰੀਬ ਦੀ ਦਿਹਾੜੀ ਦਾ ਮੁੱਲ ਨਹੀਂ ਵਧਾਇਆ ਜਾ ਰਿਹਾ ਗਰੀਬ ਦੇ ਢਿੱਡ ਉੱਤੇ ਲੱਤ ਮਾਰੀ ਜਾ ਰਹੀ ਹੈ। ਅਮੀਰਾਂ ਦੇ ਚਿਰਾਗ ਜਲ ਰਹੇ ਹੈ ਪਰ ਗਰੀਬ ਦੀ ਝੌਂਪੜੀ ਜਲ ਰਹੀ ਹੈ। ਗਰੀਬ ਨੂੰ ਕੁਚਲਿਆ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਕਾਂਗਰਸ ਗਰੀਬ ਦੀ ਇੱਜ਼ਤ ਦੀ ਰੋਟੀ ਦੀ ਲੜਾਈ ਲੜ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਜ਼ੁਲਮ ਕਰਨਾ ਪਾਪ ਹੈ ਤਾਂ ਜ਼ੁਲਮ ਸਹਿਣਾ ਉਸ ਤੋਂ ਵੀ ਵੱਡਾ ਪਾਪ ਹੈ। ਸਿੱਧੂ ਨੇ ਕਿਹਾ ਕਿ ਸਰਕਾਰਾਂ ਇਸ ਗੱਲ ਤੋਂ ਜਾਣੀਆਂ ਜਾਂਦੀਆਂ ਹਨ ਕਿ ਉਹਨਾਂ ਨੇ ਗਰੀਬਾਂ ਅਤੇ ਦੱਬੇ ਕੁਚਲੇ ਲੋਕਾਂ ਲਈ ਕੀ ਕੀਤਾ ਪਰ ਇੱਥੇ ਗਰੀਬ ਗਰੀਬ ਹੁੰਦਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਪ੍ਰਦਰਸ਼ਨ ਪੰਜਾਬ ਦੀ ਰੂਹ ਦਾ ਪ੍ਰਦਰਸ਼ਨ ਹੈ ਅਤੇ ਇਹ ਲੜਾਈ ਪੰਜਾਬ ਦੀ ਹੋਂਦ ਦੀ ਲੜਾਈ ਹੈ। ਮੈਂ ਬਰਗਾੜੀ ਪੰਜਾਬ ਦੀ ਰੂਹ ਖ਼ਾਤਰ ਗਿਆ ਸੀ, ਇਹ ਅਹੁਦਿਆਂ ਦੀ ਲੜਾਈ ਨਹੀਂ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਅਸੀਂ ਚੋਣ ਹਾਰੇ ਹਾਂ, ਮਰੇ ਨਹੀਂ। ਇਸੇ ਲਈ ਅਸੀਂ ਪੰਜਾਬ ਲਈ ਲੜਾਈ ਲੜਦੇ ਰਹਾਂਗੇ। ਉਹਨਾਂ ਕਿਹਾ ਕਿ ਹਾਥੀ, ਹਾਥੀ ਹੀ ਹੁੰਦਾ ਹੈ।
ਚੰਡੀਗੜ੍ਹ ਵਿਚ ਕੇਂਦਰੀ ਨਿਯਮ ਲਾਗੂ ਕਰਨ ਦੇ ਫੈਸਲੇ ਦਾ ਵਿਰੋਧ ਕਰਦਿਆਂ ਸਿੱਧੂ ਨੇ ਕਿਹਾ ਕਿ ਕੇਂਦਰ ਸਾਡੇ ਕੋਲੋਂ ਚੰਡੀਗੜ੍ਹ ਦਾ ਅਧਿਕਾਰ ਖੋਹ ਰਹੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਰਾਜ ਸਭਾ ਮੈਂਬਰਾਂ ਦੀ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ’ਤੇ ਸੰਸਦ ਮੈਂਬਰਾਂ ਦੀ ਸੌਦੇਬਾਜ਼ੀ ਦਾ ਇਲਜ਼ਾਮ ਲਗਾਇਆ। ਉਹਨਾਂ ਨੇ ‘ਆਪ’ ਨੂੰ ਰਾਜ ਸਭਾ ਦੀ ਬੋਲੀ ਲਗਾਉਣ ਵਾਲੀ ਸਰਕਾਰ ਕਿਹਾ ਹੈ। ਸਿੱਧੂ ਨੇ ਇਕ ਵਾਰ ਫਿਰ ਕਾਂਗਰਸ ਨੂੰ ਸਾਫ ਕਰਨ ਦੀ ਗੱਲ ਕਹੀ ਹੈ। ਉਹਨਾਂ ਕਿਹਾ ਕਿ ਕੌਂਸਲਰ ਅਤੇ ਸਾਬਕਾ ਵਿਧਾਇਕ ਉਹਨਾਂ ਦੇ ਨਾਲ ਖੜ੍ਹੇ ਹਨ। ਅਸੀਂ ਮਿਲ ਕੇ ਕਾਂਗਰਸ ਦੀ ਗੰਦਗੀ ਬਾਹਰ ਸੁੱਟਾਂਗੇ। ਕਾਂਗਰਸ ਦੀ ਗੰਦਗੀ ਜਲਦੀ ਹੀ ਸਾਫ਼ ਕਰ ਦਿੱਤੀ ਜਾਵੇਗੀ।