
ਵਿਭਾਗ ਮੁਤਾਬਕ ਰਾਜਧਾਨੀ 'ਚ ਅੱਜ ਮੀਂਹ ਪੈ ਸਕਦਾ ਹੈ ਅਤੇ ਹਵਾ 30 ਤੋਂ 40 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲ ਸਕਦੀ ਹੈ।
Heat Wave: ਪਟਨਾ - ਬਿਹਾਰ 'ਚ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਵੀਰਵਾਰ ਦੇਰ ਰਾਤ ਬਗਾਹਾ, ਬੇਤੀਆ, ਸੀਤਾਮੜੀ, ਸ਼ਿਓਹਰ, ਮੋਤੀਹਾਰੀ, ਮੁਜ਼ੱਫਰਪੁਰ ਅਤੇ ਜਮੁਈ 'ਚ ਤੇਜ਼ ਤੂਫ਼ਾਨ ਦੇ ਨਾਲ ਮੀਂਹ ਪਿਆ। ਬਗਾਹਾ ਦੇ ਪਿਪਰਾਸੀ 'ਚ ਤੂਫ਼ਾਨ ਦੀ ਲਪੇਟ 'ਚ ਆਉਣ ਨਾਲ 19 ਸਾਲਾ ਅੰਗੀਰਾ ਕੁਮਾਰੀ ਦੀ ਮੌਤ ਹੋ ਗਈ।
ਇੱਥੇ ਪਟਨਾ ਦੇ ਮੌਸਮ 'ਚ ਵੀ ਬਦਲਾਅ ਦੇਖਣ ਨੂੰ ਮਿਲਿਆ।
ਵਿਭਾਗ ਮੁਤਾਬਕ ਰਾਜਧਾਨੀ 'ਚ ਅੱਜ ਮੀਂਹ ਪੈ ਸਕਦਾ ਹੈ ਅਤੇ ਹਵਾ 30 ਤੋਂ 40 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲ ਸਕਦੀ ਹੈ। ਸ਼ੁੱਕਰਵਾਰ ਸਵੇਰੇ ਬੇਗੁਸਰਾਏ ਵਿਚ ਮੀਂਹ ਪਿਆ। ਇਸ ਦੇ ਨਾਲ ਹੀ 12 ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ ਹੈ। ਸੂਬੇ 'ਚ ਗਰਮੀ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ 16 ਜ਼ਿਲ੍ਹਿਆਂ 'ਚ ਦਿਨ-ਰਾਤ ਲੂ ਦਾ ਅਲਰਟ ਜਾਰੀ ਕੀਤਾ ਹੈ। ਵੱਖ-ਵੱਖ 11 ਜ਼ਿਲ੍ਹਿਆਂ ਵਿੱਚ ਲੂ ਕਾਰਨ 46 ਲੋਕਾਂ ਦੀ ਮੌਤ ਹੋ ਗਈ ਹੈ।
ਝਾਰਖੰਡ ਵਿਚ ਤਾਪਮਾਨ 47 ਡਿਗਰੀ ਦਰਜ
ਝਾਰਖੰਡ ਦੇ ਪਲਾਮੂ ਵਿਚ ਲਗਾਤਾਰ ਦੂਜੇ ਦਿਨ ਤਾਪਮਾਨ 47.4 ਡਿਗਰੀ ਦਰਜ ਕੀਤਾ ਗਿਆ। ਇਸ ਦੇ ਨਾਲ ਹੀ 16 ਜ਼ਿਲ੍ਹਿਆਂ 'ਚ ਤਾਪਮਾਨ 40 ਡਿਗਰੀ ਤੋਂ ਜ਼ਿਆਦਾ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ 'ਚ ਗਰਮੀ ਕਾਰਨ 15 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ 'ਚੋਂ ਜਮਸ਼ੇਦਪੁਰ 'ਚ 9, ਪਲਾਮੂ 'ਚ 4 ਅਤੇ ਗਿਰੀਡੀਹ-ਬੋਕਾਰੋ 'ਚ ਇਕ-ਇਕ ਵਿਅਕਤੀ ਦੀ ਮੌਤ ਹੋਈ ਹੈ।
ਮੌਸਮ ਵਿਭਾਗ ਨੇ ਝਾਰਖੰਡ ਦੇ ਕਈ ਜ਼ਿਲ੍ਹਿਆਂ 'ਚ ਭਾਰੀ ਮੀਂਹ ਅਤੇ ਹਵਾ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਵਿਚ ਪਾਕੁੜ, ਗਿਰੀਡੀਹ, ਦੁਮਕਾ, ਦੇਵਘਰ, ਗੋਡਾ, ਜਮਤਾੜਾ, ਸਾਹਿਬਗੰਜ, ਸਰਾਏਕੇਲਾ ਖਰਸਾਵਾ, ਬੋਕਾਰੋ, ਰਾਮਗੜ੍ਹ ਅਤੇ ਧਨਬਾਦ ਵਰਗੇ ਸ਼ਹਿਰ ਸ਼ਾਮਲ ਹਨ। ਸਵੇਰੇ ਦੇਵਘਰ ਵਿਚ ਭਾਰੀ ਬਾਰਸ਼ ਹੋਈ।
ਮੌਸਮ ਵਿਭਾਗ ਮੁਤਾਬਕ 1 ਜੂਨ ਨੂੰ ਉੱਤਰ-ਪੂਰਬੀ ਅਤੇ ਦੱਖਣੀ ਹਿੱਸਿਆਂ 'ਚ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। 2 ਜੂਨ ਨੂੰ ਰਾਜ ਦੇ ਉੱਤਰ-ਪੂਰਬੀ ਹਿੱਸੇ ਵਿਚ ਤੂਫ਼ਾਨ ਦੇ ਨਾਲ ਤੇਜ਼ ਹਵਾਵਾਂ ਦਾ ਅਸਰ ਵੇਖਿਆ ਜਾ ਸਕਦਾ ਹੈ। ਇਸ ਦੌਰਾਨ ਹਵਾ ਦੀ ਰਫਤਾਰ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ।
ਹਰਿਆਣਾ ਵਿਚ ਵੀ ਗਰਮੀ ਦਾ ਕਹਿਰ
ਹਰਿਆਣਾ ਇਸ ਸਾਲ ਭਿਆਨਕ ਗਰਮੀ ਦੀ ਲਪੇਟ ਵਿਚ ਹੈ। ਇਹ ਪਹਿਲਾ ਮੌਕਾ ਹੈ, ਜਦੋਂ ਹਰਿਆਣਾ ਵਿਚ 18 ਦਿਨਾਂ ਤੋਂ ਲਗਾਤਾਰ ਗਰਮੀ ਦੀ ਲਹਿਰ ਚੱਲ ਰਹੀ ਹੈ। ਮੌਸਮ ਵਿਗਿਆਨੀਆਂ ਮੁਤਾਬਕ ਅਜਿਹੀ ਸਥਿਤੀ ਮਈ 2002 ਤੋਂ ਬਾਅਦ ਆਈ ਹੈ, ਜਦੋਂ ਮਈ 'ਚ ਲਗਾਤਾਰ 18 ਦਿਨ ਹੀਟਵੇਵ ਰਹੀ ਸੀ। ਗਰਮੀ ਦੀ ਲਹਿਰ ਨੇ ਰਾਜ ਵਿੱਚ ਆਮ ਆਦਮੀ ਨੂੰ ਦੁਖੀ ਕਰ ਦਿੱਤਾ ਹੈ।
13 ਮਈ ਤੋਂ ਦਿਨ ਦਾ ਤਾਪਮਾਨ ਲਗਾਤਾਰ 40 ਡਿਗਰੀ ਨੂੰ ਪਾਰ ਕਰ ਗਿਆ ਹੈ। ਕੁਝ ਥਾਵਾਂ 'ਤੇ ਇਹ 45 ਡਿਗਰੀ ਤੋਂ ਉੱਪਰ ਚੱਲ ਰਿਹਾ ਹੈ। ਸਿਰਸਾ 'ਚ ਪਿਛਲੇ ਕੁਝ ਦਿਨਾਂ 'ਚ ਪਾਰਾ 50.3 ਡਿਗਰੀ ਤੱਕ ਪਹੁੰਚ ਗਿਆ ਹੈ। ਵੀਰਵਾਰ ਨੂੰ ਸਿਰਸਾ 'ਚ ਦੇਸ਼ ਭਰ 'ਚ ਸਭ ਤੋਂ ਵੱਧ ਤਾਪਮਾਨ 49.1 ਡਿਗਰੀ ਦਰਜ ਕੀਤਾ ਗਿਆ।
ਸਿਰਸਾ 'ਚ ਲਗਾਤਾਰ 5 ਦਿਨਾਂ ਤੋਂ ਤਾਪਮਾਨ 47 ਡਿਗਰੀ ਤੋਂ ਉੱਪਰ ਬਣਿਆ ਹੋਇਆ ਹੈ। ਅੱਜ ਨੌਤਪਾ ਦਾ ਸੱਤਵਾਂ ਦਿਨ ਵੀ ਅਜਿਹਾ ਹੀ ਹੋਵੇਗਾ। ਇਸ ਗੱਲ ਦੀ ਸੰਭਾਵਨਾ ਹੈ ਕਿ ਰਾਤ ਤੋਂ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਕੱਲ੍ਹ ਤੋਂ ਸੂਬੇ 'ਚ ਮੀਂਹ ਪੈਣ ਦੀ ਸੰਭਾਵਨਾ ਹੈ।