
ਕੇਰਲ ਵਿਚ ਨਨ ਨਾਲ ਕਥਿਤ ਤੌਰ 'ਤੇ ਹੋਏ ਜਿਨਸੀ ਸੋਸ਼ਣ ਅਤੇ ਬਲਾਤਕਾਰ ਦੇ ਮਾਮਲੇ ਵਿਚ ਨਵਾਂ ਪ੍ਰਗਟਾਵਾ ਹੋਇਆ ਹੈ............
ਤਿਰੂਵੰਤਪੁਰਮ : ਕੇਰਲ ਵਿਚ ਨਨ ਨਾਲ ਕਥਿਤ ਤੌਰ 'ਤੇ ਹੋਏ ਜਿਨਸੀ ਸੋਸ਼ਣ ਅਤੇ ਬਲਾਤਕਾਰ ਦੇ ਮਾਮਲੇ ਵਿਚ ਨਵਾਂ ਪ੍ਰਗਟਾਵਾ ਹੋਇਆ ਹੈ। ਨਨ ਦੇ ਪ੍ਰਵਾਰ ਵਾਲਿਆਂ ਨੇ ਦੋਸ਼ ਲਾਇਆ ਹੈ ਕਿ ਇਕ ਪਾਦਰੀ ਨੇ ਉਨ੍ਹਾਂ ਨੂੰ ਫ਼ੋਨ ਕਰ ਕੇ ਜ਼ਮੀਨ, ਮਕਾਨ ਅਤੇ ਸੁਰੱਖਿਆ ਦੇਣ ਦੇ ਬਦਲੇ ਬਿਸ਼ਪ ਦੇ ਵਿਰੁਧ ਕੇਸ ਵਾਪਸ ਲੈਣ ਦੀ ਪੇਸ਼ਕਸ਼ ਕੀਤੀ। ਹੁਣ ਪਾਦਰੀ ਵਲੋਂ ਨਨ ਨੂੰ ਕਥਿਤ ਤੌਰ 'ਤੇ ਕੀਤੇ ਗਏ ਫ਼ੋਨ ਦਾ ਆਡੀਓ ਟੇਪ ਲੀਕ ਹੋਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। 46 ਵਰ੍ਹਿਆਂ ਦੀ ਨਨ ਨੇ ਦੋਸ਼ ਲਾਇਆ ਸੀ ਕਿ ਜਲੰਧਰ ਦੇ ਬਿਸ਼ਪ ਫ੍ਰੈਂਕੋ ਮੁੱਲਾਕਲ ਨੇ ਸਾਲ 2014 ਤੋਂ 2016 ਦੇ ਵਿਚਕਾਰ ਉਨ੍ਹਾਂ ਦੇ ਨਾਲ ਕੁੱਲ 13 ਵਾਰ
ਬਲਾਤਕਾਰ ਕੀਤਾ। ਹਾਲਾਂਕਿ ਨਨ ਨੇ ਪੁਲਿਸ ਨੂੰ ਸ਼ਿਕਾਇਤ ਉਦੋਂ ਕੀਤੀ ਜਦੋਂ ਬਿਸ਼ਪ ਨੇ ਉਸ ਦੇ ਅਤੇ 6 ਹੋਰ ਲੋਕਾਂ ਦੇ ਵਿਰੁਧ ਧਮਕਾਉਣ ਅਤੇ ਬਲੈਕਮੇਲ ਕਰਨ ਦਾ ਕੇਸ ਦਰਜ ਕਰਵਾਇਆ। ਲੀਕ ਫ਼ੋਨ ਕਾਲ ਵਿਚ ਇਕ ਪਾਦਰੀ ਨਨ ਨੂੰ ਅਪਣੀ ਪਛਾਣ ਦਿੰਦੇ ਹੋਏ ਕਹਿੰਦਾ ਹੈ ਕਿ ਅਸੀਂ ਕੁੱਝ ਜ਼ਮੀਨ ਖ਼ਰੀਦ ਕੇ ਮਕਾਨ ਬਣਾ ਸਕਦੇ ਹਾਂ ਅਤੇ ਅਤੇ ਸਾਰਿਆਂ ਨੂੰ ਉਥੇ ਸੁਰੱਖਿਅਤ ਭੇਜ ਕਰ ਸਕਦੇ ਹਾਂ। ਪਾਦਰੀ ਕੇਸ ਵਾਪਸ ਨਾ ਲੈਣ ਦੀ ਸਥਿਤੀ ਵਿਚ ਮਹਿਲਾ ਨੂੰ ਹੋਣ ਵਾਲੇ ਖ਼ਤਰਿਆਂ ਦਾ ਵੀ ਜ਼ਿਕਰ ਕਰਦਾ ਹੈ। ਪਾਦਰੀ ਅੱਗੇ ਕਹਿੰਦਾ ਹੈ ਕਿ ਉਹ ਲੋਕ ਮਦਦ ਲਈ ਤਿਆਰ ਹਨ। ਇਸ 'ਤੇ ਨਨ ਪੁਛਦੀ ਹੈ ਕਿ ਕੌਣ ਮਦਦ ਲਈ ਤਿਆਰ ਹਨ...
ਜਲੰਧਰ ਦੇ ਲੋਕ? ਇਸ 'ਤੇ ਪਾਦਰੀ ਹਾਂ ਕਹਿੰਦਾ ਹੈ। ਪਾਦਰੀ ਅੱਗੇ ਕਹਿੰਦਾ ਹੈ ਕਿ ਜੇਕਰ ਅਸੀਂ ਲੋਕ 10 ਏਕੜ ਜ਼ਮੀਨ ਖ਼ਰੀਦ ਕੇ ਉਸ 'ਤੇ ਇਮਾਰਤ ਬਣਾਵਾਂਗੇ ਤਾਂ ਇਹ ਏਨਾ ਆਸਾਨ ਨਹੀਂ ਹੈ। ਇਸ ਲਈ ਉਹ ਲੋਕ ਮਦਦ ਕਰਨਗੇ ਪਰ ਸ਼ਰਤ ਇਹ ਹੈ ਕਿ ਕੇਸ ਵਾਪਸ ਹੋ ਜਾਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਕੇਰਲ ਪੁਲਿਸ ਵਲੋਂ ਬਿਸ਼ਪ ਦੇ ਵਿਰੁਧ ਕੇਸ ਦਰਜ ਕਰਨ ਦੇ ਬਾਅਦ ਬਿਸ਼ਪ ਨੇ ਦਾਅਵਾ ਕੀਤਾ ਹੈ ਕਿ ਉਹ ਬੇਕਸੂਰ ਹੈ ਅਤੇ ਨਨ ਦੇ ਵਿਰੁਧ ਅਨੁਸ਼ਾਸਨਾਤਮਕ ਕਾਰਵਾਈ ਕਰਨ ਦੀ ਵਜ੍ਹਾ ਨਾਲ ਉਸ ਨੂੰ ਸਾਜ਼ਸ਼ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। (ਏਜੰਸੀਆਂ)