
ਪਹਿਲੀ ਵਾਰ : ਸੀਬੀਆਈ ਨੂੰ ਦਿਤਾ ਮੌਜੂਦਾ ਜੱਜ ਵਿਰੁਧ ਜਾਂਚ ਦਾ ਹੁਕਮ
ਨਵੀਂ ਦਿੱਲੀ : ਅਦਾਲਤਾਂ ਵਿਚ ਭ੍ਰਿਸ਼ਟਾਚਾਰ ਵਿਰੁਧ ਸਖ਼ਤ ਕਦਮ ਚੁਕਦਿਆਂ ਮੁੱਖ ਜੱਜ ਰੰਜਨ ਗੋਗੋਈ ਨੇ ਨਿਜੀ ਮੈਡੀਕਲ ਕਾਲਜ ਵਿਚ ਐਮਬੀਬੀਐਸ ਪਾਠਕ੍ਰਮ ਵਿਚ ਦਾਖ਼ਲੇ ਦੀ ਆਗਿਆ ਦੇਣ ਵਿਚ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਇਲਾਹਾਬਾਦ ਹਾਈ ਕੋਰਟ ਦੇ ਜੱਜ ਐਸ ਐਨ ਸ਼ੁਕਲਾ ਵਿਰੁਧ ਸੀਬੀਆਈ ਨੂੰ ਨਿਯਮਿਤ ਮਾਮਲਾ ਦਰਜ ਕਰਨ ਦੀ ਇਜਾਜ਼ਤ ਦੇ ਦਿਤੀ ਹੈ। ਇਹ ਪਹਿਲਾ ਮੌਕਾ ਹੈ ਜਦ ਹਾਈ ਕੋਰਟ ਦੇ ਕਿਸੇ ਮੌਜੂਦਾ ਜੱਜ ਵਿਰੁਧ ਇਸ ਤਰ੍ਹਾਂ ਸੀਬੀਆਈ ਨੂੰ ਮਾਮਲਾ ਦਰਜ ਕਰ ਕੇ ਜਾਂਚ ਕਰਨ ਦੀ ਆਗਿਆ ਦਿਤੀ ਗਈ ਹੈ।
Allahabad High court
ਕੇਂਦਰੀ ਜਾਂਚ ਬਿਊਰੋ ਨੇ ਮੁੱਖ ਜੱਜ ਨੂੰ ਚਿੱਠੀ ਲਿਖ ਕੇ ਜੱਜ ਸ਼ੁਕਲਾ ਵਿਰੁਧ ਨਿਯਮਿਤ ਮਾਮਲਾ ਦਰਜ ਕਰਨ ਦੀ ਆਗਿਆ ਮੰਗੀ ਸੀ। ਜਾਂਚ ਬਿਊਰੋ ਨੇ ਅਪਣੇ ਪੱਤਰ ਵਿਚ ਲਿਖਿਆ ਸੀ ਕਿ ਜੱਜ ਸ਼ੁਕਲਾ ਦੇ ਕਥਿਤ ਭ੍ਰਿਸ਼ਟਾਚਾਰ ਦਾ ਤੱਥ ਸਾਬਕਾ ਮੁੱਖ ਜੱਜ ਦੀਪਕ ਮਿਸ਼ਰਾ ਦੇ ਧਿਆਨ ਵਿਚ ਲਿਆਂਦਾ ਗਿਆ ਸੀ ਅਤੇ ਉਨ੍ਹਾਂ ਦੀ ਸਲਾਹ 'ਤੇ ਜੱਜ ਅਤੇ ਕੁੱਝ ਹੋਰਾਂ ਵਿਰੁਧ ਮੁਢਲਾ ਮਾਮਲਾ ਦਰਜ ਕੀਤਾ ਗਿਆ ਸੀ।
Justice SN Shukla
ਜਾਂਚ ਬਿਊਰੋ ਨੇ ਮਾਮਲਾ ਦਰਜ ਕਰਨ ਦੀ ਆਗਿਆ ਲਈ ਲਿਖੇ ਪੱਤਰ ਵਿਚ ਮੁੱਖ ਜੱਜ ਨੂੰ ਅਪਣੀ ਮੁਢਲੀ ਜਾਂਚ ਬਾਰੇ ਸੰਖੇਪ ਨੋਟ ਨਾਲ ਪੂਰੇ ਘਟਨਾਕ੍ਰਮ ਦਾ ਵੇਰਵਾ ਦਿਤਾ ਸੀ। ਗੋਗਈ ਨੇ ਸੀਬੀਆਈ ਦੁਆਰਾ ਪੇਸ਼ ਪੱਤਰ ਅਤੇ ਦਸਤਾਵੇਜ਼ਾਂ ਦਾ ਨੋਟਿਸ ਲੈਂਦਿਆਂ ਜਾਂਚ ਬਿਊਰੋ ਨੂੰ ਇਸ ਦੀ ਆਗਿਆ ਦਿਤੀ। ਮੁੱਖ ਜੱਜ ਨੇ ਲਿਖਿਆ, 'ਮੈਂ ਇਸ ਬਾਬਤ ਪੱਤਰ ਨਾਲ ਲੱਗੇ ਅਨੁਲੱਗਾਂ 'ਤੇ ਵਿਚਾਰ ਕੀਤਾ। ਇਸ ਮਾਮਲੇ ਦੇ ਤੱਥਾਂ ਅਤੇ ਹਾਲਤਾਂ ਨੂੰ ਵੇਖਦਿਆਂ ਮੈਂ ਜਾਂਚ ਲਈ ਨਿਯਮਿਤ ਮਾਮਲਾ ਦਰਜ ਕਰਨ ਦੀ ਆਗਿਆ ਦਿੰਦਾ ਹਾਂ।'
Ranjan Gogoi
ਸਿਖਰਲੀ ਅਦਾਲਤ ਦੇ ਮੈਂਬਰਾਂ ਵਿਰੁਧ ਪਹਿਲਾਂ ਵੀ ਭ੍ਰਿਸ਼ਟਾਚਾਰ ਦੇ ਮਾਮਲੇ ਸਾਹਮਣੇ ਆਏ ਸਨ ਅਤੇ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਲਈ ਸਰਕਾਰ ਨੂੰ ਸਿਫ਼ਾਰਸ਼ ਕੀਤੀ ਗਈ ਸੀ ਪਰ ਜੱਜ ਨੂੰ ਅਹੁਦੇ ਤੋਂ ਹਟਾਉਣ ਦੀ ਕਵਾਇਤ ਕਦੇ ਵੀ ਅਪਣੇ ਮੁਕਾਮ ਤਕ ਨਹੀਂ ਪਹੁੰਚ ਸਕੀ ਸੀ। ਇਸ ਮਾਮਲੇ ਵਿਚ ਸਿਖਰਲੀ ਅਦਾਲਤ ਨੇ ਅਪਣੀ ਪ੍ਰਸ਼ਾਸਨਿਕ ਧਿਰ ਵਲੋਂ ਕਾਰਵਾਈ ਕਰਦਿਆਂ ਕਈ ਮਹੀਨੇ ਪਹਿਲਾਂ ਹੀ ਜੱਜ ਸ਼ੁਕਲਾ ਤੋਂ ਨਿਆਇਕ ਕੰਮ ਵਾਪਸ ਲੈ ਲਿਆ ਸੀ।