
ਚੀਫ ਜਸਟਿਸ ਰੰਜਨ ਗੋਗੋਈ ਦੇ ਵਿਰੁੱਧ ਲੱਗੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਦੀ ਅੰਦਰੂਨੀ ਜਾਂਚ ਲਈ ਮੰਗਲਵਾਰ ਨੂੰ ਸੀਨੀਅਰ ਜੱਜ ਐਸਏ ਬੋਬੜੇ ਨੂੰ ਨਿਯੁਕਤ ਕੀਤਾ ਗਿਆ।
ਨਵੀਂ ਦਿੱਲੀ: ਸੁਪਰੀਮ ਕੋਰਟ ਦੇ ਚੀਫ ਜਸਟਿਸ ਰੰਜਨ ਗੋਗੋਈ ਦੇ ਵਿਰੁੱਧ ਲੱਗੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਦੀ ਅੰਦਰੂਨੀ ਜਾਂਚ ਲਈ ਮੰਗਲਵਾਰ ਨੂੰ ਸੁਪਰੀਮ ਕੋਰਟ ਦੇ ਸੀਨੀਅਰ ਜੱਜ ਐਸਏ ਬੋਬੜੇ ਨੂੰ ਨਿਯੁਕਤ ਕੀਤਾ ਗਿਆ। ਇਸ ਦੀ ਪੁਸ਼ਟੀ ਜਸਟਿਸ ਬੋਬੜੇ ਨੇ ਕੀਤੀ ਸੀ। ਜਸਟਿਸ ਬੋਬੜੇ ਚੀਫ ਜਸਟਿਸ ਤੋਂ ਬਾਅਦ ਦੇ ਸੀਨੀਅਰ ਜੱਜ ਹਨ। ਉਹਨਾਂ ਨੇ ਕਿਹਾ ਕਿ ਨੰਬਰ ਦੋ ਜੱਜ ਹੋਣ ਦੇ ਨਾਤੇ ਚੀਫ ਜਸਟਿਸ ਨੇ ਉਹਨਾਂ ਨੂੰ ਸੁਪਰੀਮ ਕੋਰਟ ਦੀ ਇਕ ਸਾਬਕਾ ਕਰਮਚਾਰੀ ਵੱਲੋਂ ਰੰਜਨ ਗੋਗੋਈ ਵਿਰੁੱਧ ਲਗਾਏ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਦੀ ਜਾਂਚ ਲਈ ਨਿਯੁਕਤ ਕੀਤਾ ਹੈ।
CJI Ranjan Gogoi
ਜਸਟਿਸ ਬੋਬੜੇ ਨੇ ਦੱਸਿਆ ਕਿ ਉਹਨਾਂ ਨੇ ਸੁਪਰੀਮ ਕੋਰਟ ਦੇ ਦੋ ਜੱਜ ਜਸਟਿਸ ਐਨਵੀ ਰਮਨ ਅਤੇ ਜਸਟਿਸ ਇੰਦਰਾ ਬੇਨਰਜੀ ਨੂੰ ਸ਼ਾਮਿਲ ਕਰ ਕੇ ਇਕ ਕਮੇਟੀ ਬਣਾਈ ਹੈ। ਜਸਟਿਸ ਬੋਬੜੇ ਨੇ ਕਿਹਾ ਕਿ ਉਹਨਾਂ ਨੇ ਕਮੇਟੀ ਵਿਚ ਆਪਣੇ ਤੋਂ ਬਾਅਦ ਸੀਨੀਅਰ ਜਸਟਿਸ ਐਨਵੀ ਰਮਨ ਅਤੇ ਮਹਿਲਾ ਜਸਟਿਸ ਇੰਦਰਾ ਬੇਨਰਜੀ ਨੂੰ ਸ਼ਾਮਿਲ ਕੀਤਾ ਹੈ। ਉਹਨਾਂ ਨੇ ਕਿਹਾ ਕਿ ਰੰਜਨ ਗੋਗੋਈ ‘ਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਗਾਉਂਦੇ ਹੋਏ ਜੱਜਾਂ ਨੂੰ ਪੱਤਰ ਲਿਖਣ ਵਾਲੀ ਔਰਤ ਨੂੰ ਪਹਿਲਾਂ ਹੀ ਨੋਟਿਸ ਜਾਰੀ ਕਰ ਦਿੱਤਾ ਹੈ।
Justice Ranjan Gogoi
ਇਸ ਮਾਮਲੇ ਦੀ ਪਹਿਲੀ ਸੁਣਵਾਈ ਸ਼ੁੱਕਰਵਾਰ ਨੂੰ ਹੋਵੇਗੀ ਅਤੇ ਸੁਪਰੀਮ ਕੋਰਟ ਦੇ ਜਨਰਲ ਸਕੱਤਰ ਨੂੰ ਵੀ ਸਾਰੇ ਦਸਤਾਵੇਜ਼ਾਂ ਅਤੇ ਸਮੱਗਰੀ ਨਾਲ ਤਿਆਰ ਰਹਿਣ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਦੀ ਇਕ ਸਾਬਕਾ ਕਰਮਚਾਰੀ ਨੇ ਸੁਪਰੀਮ ਕੋਰਟ ਦੇ 22 ਜੱਜਾਂ ਨੂੰ ਚਿੱਠੀ ਲਿਖ ਕੇ ਇਲਜ਼ਾਮ ਲਗਾਇਆ ਹੈ ਕਿ ਚੀਫ ਜਸਟਿਸ ਰੰਜਨ ਗੋਗੋਈ ਨੇ ਅਕਤੂਬਰ 2018 ਵਿਚ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਸੀ। ਹਾਲਾਂਕਿ ਬਾਰ ਕਾਉਂਸਿਲ ਆਫ ਇੰਡੀਆ (ਬੀਸੀਆਈ) ਨੇ ਚੀਫ ਜਸਟਿਸ ਰੰਜਨ ਗੋਗੋਈ ਵਿਰੁੱਧ ਲੱਗੇ ਇਲਜ਼ਾਮਾਂ ਨੂੰ ਝੂਠਾ ਦੱਸਦੇ ਹੋਏ ਇਸ ਦੀ ਨਿੰਦਾ ਕੀਤੀ ਹੈ।