
ਜੰਮੂ-ਕਸ਼ਮੀਰ ਸੂਬੇ ਵਿਚ ਸਿਹਤ ਸੇਵਾ ਵਿਵਸਥਾ ’ਤੇ ਮੇਵਾੜ ਯੂਨੀਵਰਸਿਟੀ, ਚਿਤੌੜਗੜ੍ਹ ਰਾਜਸਥਾਨ ਦੇ ਸ੍ਰੀ ਕਾਜ਼ੀ
ਜੰਮੂ-ਕਸ਼ਮੀਰ ਸੂਬੇ ਵਿਚ ਸਿਹਤ ਸੇਵਾ ਵਿਵਸਥਾ ’ਤੇ ਮੇਵਾੜ ਯੂਨੀਵਰਸਿਟੀ, ਚਿਤੌੜਗੜ੍ਹ ਰਾਜਸਥਾਨ ਦੇ ਸ੍ਰੀ ਕਾਜ਼ੀ ਆਮਿਰ ਜਾਨ ਅਤੇ ਕਸ਼ਮੀਰ ਯੂਨੀਵਰਸਿਟੀ ਦੇ ਪ੍ਰੋਫ਼ੈਸਰ (ਡਾ.) ਇਸ਼ਤਿਯਾਕ ਹੁਸੈਨ ਕੁਰੈਸ਼ੀ ਦਾ ਅਧਿਐਨ ਅਪ੍ਰੈਲ 2019 ਵਿਚ ਇੰਟਰਨੈਸ਼ਨਲ ਜਰਨਲ ਆਫ਼ ਸਾਇੰਟਿਫਿਕ ਰਿਸਰਚ ਐਂਡ ਰੀਵਿਊ ਵਿਚ ਪ੍ਰਕਾਸ਼ਤ ਹੋਇਆ ਸੀ। ਅਪਣੇ ਅਧਿਐਨ ਵਿਚ ਉਨ੍ਹਾਂ ਕਿਹਾ ਸੀ, ‘ਸਾਨੂੰ ਜੰਮੂ-ਕਸ਼ਮੀਰ ਰਾਜ ਦੇ ਸਾਰੇ ਹਿੱਸਿਆਂ ਵਿਚ ਬਿਹਤਰੀਨ ਸਿਹਤ ਸੇਵਾ ਵਿਵਸਥਾ ਨੂੰ ਤੁਰਤ ਲਾਗੂ ਕਰਨਾ ਚਾਹੀਦਾ ਹੈ। ਇਸ ਦੇ ਕੁੱਝ ਖੇਤਰ ਤਮਾਮ ਬੁਨਿਆਦੀ ਸੁਵਿਧਾਵਾਂ ਤੋਂ ਵੀ ਵੰਚਿਤ ਰਹੇ ਹਨ। ਸਮਾਨਤਾ ਅਤੇ ਨਿਰਪੱਖਤਾ ਦੇ ਸਿਧਾਂਤਾਂ ’ਤੇ ਆਧਾਰਤ ਇਸ ਸਿਹਤ ਸੇਵਾ ਵਿਵਸਥਾ ਨੂੰ ਵਿਆਪਕ, ਪ੍ਰਭਾਵੀ, ਸੁਲਭ, ਸਸਤੀ ਬਣਾਉਣ ਲਈ ਇਸ ਵਿਚ ਕੁੱਝ ਬੁਨਿਆਦੀ ਬਦਲਾਅ ਕਰਨ ਦੀ ਜ਼ਰੂਰਤ ਹੈ।’
ਆਯੁਸ਼ਮਾਨ ਭਾਰਤ-ਸਿਹਤ ਅਤੇ ਤੰਦਰੁਸਤੀ ਕੇਂਦਰ (ਏਬੀ-ਐੱਚਡਬਲਿਊਸੀ) ਦਾ ਮੁੱਖ ਉਦੇਸ਼ ਵਿਆਪਕ ਪ੍ਰਾਇਮਰੀ ਸਿਹਤ ਸੇਵਾਵਾਂ ਉਪਲਬਧ ਕਰਵਾਉਂਦੇ ਹੋਏ ਰੋਗੀਆਂ ਦੀ ਤੰਦਰੁਸਤੀ ਵਿਚ ਸੁਧਾਰ ਲਿਆਉਣਾ ਅਤੇ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਨੂੰ ਘੱਟ ਕਰਨਾ ਹੈ। ਪ੍ਰਾਇਮਰੀ ਸਿਹਤ ਸੇਵਾ ਸਾਡੀ ਸਿਹਤ ਸੇਵਾ ਵਿਵਸਥਾ ਦੀ ਨਾ ਕੇਵਲ ਪਹਿਲੇ ਪ੍ਰਵੇਸ਼ ਮਾਰਗ ਦੀ ਪ੍ਰਤੀਨਿਧਤਾ ਕਰਦੀ ਹੈ, ਬਲਕਿ ਇਸ ਨੂੰ ਪ੍ਰਵਾਰ ਅਤੇ ਭਾਈਚਾਰੇ ਆਧਾਰਤ ਦੇਖਭਾਲ ਅਤੇ ਜਨਤਕ ਸਿਹਤ ਪ੍ਰੋਗਰਾਮਾਂ ’ਚ ਸੁਧਾਰ ਦੇ ਲਿਹਾਜ ਨਾਲ ਵੀ ਤਿਆਰ ਕੀਤਾ ਗਿਆ ਹੈ। ਜੰਮੂ-ਕਸ਼ਮੀਰ ’ਚ ਇਨ੍ਹਾਂ ਕੇਂਦਰਾਂ ਦੀ ਵਧਦੀ ਗਿਣਤੀ ਨਾਗਰਿਕ ਕੇਂਦਰਤ ਪ੍ਰਾਇਮਰੀ ਸਿਹਤ ਸੇਵਾ ਦੇ ਨਵੇਂ ਯੱੁਗ ਦੀ ਸ਼ੁਰੂਆਤ ਕਰ ਰਹੀ ਹੈ।
File Photo
ਹੇਠਾਂ ਦਿਤੇ ਗਏ ਗ੍ਰਾਫ਼ ਤੋਂ ਸਪਸ਼ਟ ਤੌਰ ’ਤੇ ਪਤਾ ਚਲਦਾ ਹੈ ਕਿ ਪਿਛਲੇ ਇਕ ਸਾਲ ਦੌਰਾਨ ਸੂਬੇ ਵਿਚ ਕਿਸ ਰਫ਼ਤਾਰ ਨਾਲ ਸਿਹਤ ਅਤੇ ਤੰਦਰੁਸਤੀ ਕੇਂਦਰਾਂ (ਐਚਡਬਲਿਊਸੀ) ਦੀ ਸਥਾਪਨਾ ਹੋਈ ਹੈ। ਪਿਛਲੇ ਇਕ ਸਾਲ ਦੌਰਾਨ ਸੂਬੇ ’ਚ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਦੀ ਰਫ਼ਤਾਰ ਦੁਗਣੀ ਹੋ ਗਈ ਹੈ ਜਿਸ ਨਾਲ ਇਸ ਦੀ ਕੁਲ ਗਿਣਤੀ ਵਧ ਕੇ 717 ਹੋ ਚੁੱਕੀ ਹੈ
। ਜੁਲਾਈ 2019 ਤੋਂ ਜੁਲਾਈ 2020 ਦਰਮਿਆਨ ਰਾਜ ਵਿਚ ਕੁਲ 478 (310 ਐਸਐਚਸੀ, 157 ਪੀਐਚਸੀ ਅਤੇ 11 ਯੂਪੀਐਚਸੀ) ਅਤਿਰਿਕਤ ਸਿਹਤ ਅਤੇ ਤੰਦਰੁਸਤੀ ਕੇਂਦਰ ਸਥਾਪਤ ਕੀਤੇ ਗਏ। ਇਨ੍ਹਾਂ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਵਿਚ ਰੋਗੀਆਂ ਨੂੰ ਦਵਾਈਆਂ ਅਤੇ ਨਿਦਾਨ ਸਹਿਤ ਸਾਰੀਆਂ ਸੇਵਾਵਾਂ ਮੁਫ਼ਤ ਦਿਤੀਆਂ ਜਾ ਰਹੀਆਂ ਹਨ। ਜੇਕਰ ਇਹੀ ਰਫ਼ਤਾਰ ਬਰਕਰਾਰ ਰਹੀ ਤਾਂ ਸੂਬੇ ’ਚ ਦਸੰਬਰ 2022 ਤਕ 2,722 ਸਿਹਤ ਅਤੇ ਤੰਦਰੁਸਤੀ ਕੇਂਦਰਾਂ ਦੇ ਸੰਚਾਲਨ ਦਾ ਟੀਚਾ ਅਸਾਨੀ ਨਾਲ ਹਾਸਲ ਹੋ ਜਾਵੇਗਾ।
File Photo
ਸਿਹਤ ਅਤੇ ਤੰਦਰੁਸਤੀ ਕੇਂਦਰ (ਐਚਡਬਲਿਊਸੀ) ਸਿਹਤ ਸੇਵਾਵਾਂ ਦੇ ਪੁਨਰ-ਗਠਨ ਵਿਚ ਮਹੱਤਵਪੂਰਨ ਬਦਲਾਅ ਨੂੰ ਦਰਸਾਉਂਦਾ ਹੈ। ਇਸ ਤਹਿਤ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਵਿਚ ਮੀਡੀਅਮ ਪੱਧਰ ਦੇ ਸਿਹਤ ਸੇਵਾ ਪ੍ਰਦਾਤਾ ਦੇ ਤੌਰ ’ਤੇ ਭਾਈਚਾਰਕ ਸਿਹਤ ਅਧਿਕਾਰੀ ਦੀ ਨਿਯੁਕਤੀ ਕੀਤੀ ਜਾਂਦੀ ਹੈ। ਸਾਡੀ ਸਰਕਾਰੀ ਸਿਹਤ ਵਿਵਸਥਾ ਤਹਿਤ ਦੂਰ-ਦੁਰਾਡੇ ਦੇ ਖੇਤਰਾਂ ਤਕ ਵਿਆਪਕ ਸਿਹਤ ਸੇਵਾਵਾਂ ਉਪਲਬਧ ਕਰਵਾਉਣ ’ਚ ਭਾਈਚਾਰਕ ਸਿਹਤ ਅਧਿਕਾਰੀਆਂ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ।
ਅੰਕੜਿਆਂ ਤੋਂ ਪਤਾ ਚਲਦਾ ਹੈ ਕਿ ਪਿਛਲੇ ਇਕ ਸਾਲ ਦੌਰਾਨ ਸਿਹਤ ਅਤੇ ਤੰਦਰੁਸਤੀ ਕੇਂਦਰਾਂ ’ਤੇ ਲੋਕਾਂ ਦੀ ਆਵਾਜਾਈ ਵਿਚ ਜ਼ਿਕਰਯੋਗ ਵਾਧਾ ਹੋਇਆ ਹੈ। ਮਾਰਚ ਤੋਂ ਜੁਲਾਈ 2019 ਦਰਮਿਆਨ ਸਿਹਤ ਸਬੰਧੀ ਦੇਖਭਾਲ ਲਈ ਹਰ ਮਹੀਨੇ ਔਸਤਨ 8,800 ਲੋਕ ਐਚਡਬਲਿਊਸੀ ਪਹੁੰਚ ਰਹੇ ਸਨ ਜਦੋਂ ਕਿ ਅਗੱਸਤ 2019 ਤੋਂ 23 ਜੁਲਾਈ 2020 ਦਰਮਿਆਨ ਇਹ ਗਿਣਤੀ ਵਧ ਕੇ 1,00,000 ਹੋ ਗਈ।
ਸਿਹਤ ਅਤੇ ਤੰਦਰੁਸਤੀ ਕੇਂਦਰਾਂ ’ਤੇ ਲਗਭਗ 5.52 ਲੱਖ ਰੋਗੀ ਮੁਫ਼ਤ ਅਤੇ ਜ਼ਰੂਰੀ ਦਵਾਈਆਂ ਪ੍ਰਾਪਤ ਕਰ ਚੁੱਕੇ ਹਨ ਜਦਕਿ 2.6 ਲੱਖ ਰੋਗੀਆਂ ਨੇ ਮੁਫ਼ਤ ਅਤੇ ਜ਼ਰੂਰੀ ਨੈਦਾਨਿਕ ਸੇਵਾਵਾਂ ਦਾ ਲਾਭ ਉਠਾਇਆ ਹੈ। ਰਾਜ ਨੇ ਬਿਹਤਰ ਤੰਦਰੁਸਤੀ ’ਤੇ ਵੀ ਧਿਆਨ ਕੇਂਦਰਤ ਕੀਤਾ ਹੈ ਅਤੇ ਇਸ ਕ੍ਰਮ ’ਚ ਸਿਹਤ ਅਤੇ ਤੰਦਰੁਸਤੀ ਕੇਂਦਰਾਂ ’ਤੇ ਲਗਭਗ 18,000 ਤੰਦਰੁਸਤੀ ਸੈਸ਼ਨ ਆਯੋਜਤ ਕੀਤੇ ਜਾ ਚੁੱਕੇ ਹਨ। ਪਿਛਲੇ ਇਕ ਸਾਲ ਦੌਰਾਨ ਸੂਬੇ ’ਚ ਹਾਈਪਰਟੈਨਸ਼ਨ ਲਈ 1.78 ਲੱਖ ਲੋਕ, ਸ਼ੂਗਰ ਲਈ 1.65 ਲੱਖ, ਓਰਲ ਕੈਂਸਰ ਲਈ 1.32 ਲੱਖ, ਛਾਤੀ ਦੇ ਕੈਂਸਰ ਲਈ 0.56 ਲੱਖ ਅਤੇ ਸਰਵਾਈਕਲ ਕੈਂਸਰ ਲਈ 0.13 ਲੱਖ ਲੋਕਾਂ ਦੀ ਜਾਂਚ ਕੀਤੀ ਗਈ ਹੈ।
ਸਿਹਤ ਅਤੇ ਤੰਦਰੁਸਤੀ ਕੇਂਦਰਾਂ ਰਾਹੀਂ ਵਿਆਪਕ ਪ੍ਰਾਇਮਰੀ ਸਿਹਤ ਸੇਵਾਵਾਂ ਉਪਲਬਧ ਕਰਵਾਉਣ ਦਾ ਇਕ ਮੁੱਖ ਉਦੇਸ਼ ਪ੍ਰਾਇਮਰੀ ਸਿਹਤ ਸੇਵਾਵਾਂ ਤਕ ਪਹੁੰਚ ਸੁਨਿਸ਼ਚਿਤ ਕਰਨ ’ਚ ਭੂਗੋਲਿਕ ਅਤੇ ਸਮਾਜਕ ਸਭਿਆਚਾਰਕ ਰੁਕਾਵਟਾਂ ਨੂੰ ਦੂਰ ਕਰਨਾ ਹੈ, ਵਿਸ਼ੇਸ਼ ਤੌਰ ’ਤੇ ਔਰਤਾਂ ਲਈ। ਸਿਹਤ ਅਤੇ ਤੰਦਰੁਸਤੀ ਕੇਂਦਰਾਂ ਨੇ ਦਰਸਾਇਆ ਹੈ ਕਿ ਜਦੋਂ ਲੋਕਾਂ ਦੇ ਘਰਾਂ ਤਕ ਸਿਹਤ ਸੇਵਾਵਾਂ ਪਹੁੰਚਾਈਆਂ ਜਾਂਦੀਆਂ ਹਨ ਤਾਂ ਅੱਧੇ ਤੋਂ ਜ਼ਿਆਦਾ ਮਰੀਜ਼ ਔਰਤਾਂ ਹੁੰਦੀਆਂ ਹਨ। ਸੂਬ ਦੇ ਅੰਕੜਿਆਂ ਤੋਂ ਪਤਾ ਚਲਦਾ ਹੈ ਕਿ ਇਨ੍ਹਾਂ ਸਿਹਤ ਅਤੇ ਤੰਦਰੁਸਤੀ ਕੇਂਦਰਾਂ ’ਤੇ ਆਉਣ ਵਾਲੇ ਲੋਕਾਂ ਵਿਚ ਕਰੀਬ 56 ਫ਼ੀ ਸਦੀ ਔਰਤਾਂ ਸਨ।
ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਬਲਾਕ ਸਥਿਤ ਹੁਤਮੁਰਾਹ ਸਿਹਤ ਅਤੇ ਤੰਦਰੁਸਤੀ ਕੇਂਦਰ ’ਚ ਸ਼ੂਗਰ ਅਤੇ ਹਾਈਪਰਟੈਨਸ਼ਨ ਦਾ ਇਲਾਜ ਕਰਵਾ ਰਹੀ 47 ਸਾਲ ਦੀ ਰਾਣੀ ਕੌਰ ਦੀਆਂ ਗੱਲਾਂ ਤੋਂ ਪਤਾ ਚਲਦਾ ਹੈ ਕਿ ਸਿਹਤ ਅਤੇ ਤੰਦਰੁਸਤੀ ਕੇਂਦਰ ਕੇਵਲ ਗਰਭਵਤੀ ਅਤੇ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਨੂੰ ਹੀ ਸੇਵਾਵਾਂ ਪ੍ਰਦਾਨ ਨਹੀਂ ਕਰਦਾ ਹੈ। ਉਹ ਕਹਿੰਦੀ ਹੈ, “ਇਸ ਸਿਹਤ ਉਪ-ਕੇਂਦਰ ਵਿਚ ਸੀਐਚਓ ਦੀ ਨਿਯੁਕਤੀ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਹੁਣ ਤਕ ਸਾਰੀਆਂ ਬੀਮਾਰੀਆਂ ਦੇ ਇਲਾਜ ਲਈ ਬਲਾਕ ਵਿਚ ਜਾਣ ਦੀ ਕੋਈ ਜ਼ਰੂਰਤ ਨਹੀਂ ਹੈ। ਹੁਣ ਇਥੇ ਦੇਖਣ ਵਾਲਾ ਕੋਈ ਤਾਂ ਹੈ। ਇਥੇ ਸ਼ੂਗਰ ਅਤੇ ਹਾਈਪਰਟੈਨਸ਼ਨ ਦੀ ਨਿਯਮਿਤ ਜਾਂਚ ਦੀ ਸੁਵਿਧਾ ਵੀ ਉਪਲਬਧ ਹੈ।”
ਸਿਹਤ ਅਤੇ ਤੰਦਰੁਸਤੀ ਕੇਂਦਰਾਂ ਨੇ ਜਨਤਕ ਸਿਹਤ ਵਿਵਸਥਾ ’ਚ ਆਮ ਲੋਕਾਂ ਦਾ ਵਿਸ਼ਵਾਸ ਬਹਾਲ ਕੀਤਾ ਹੈ। ਇਸ ਤੋਂ ਪਤਾ ਚਲਦਾ ਹੈ ਕਿ ਗੁਣਵਤਾਪੂਰਨ ਵਿਆਪਕ ਸੇਵਾਵਾਂ ਅਤੇ ਨਿਰੰਤਰ ਦੇਖਭਾਲ ਉਪਲਬਧ ਕਰਵਾਉਣ ਨਾਲ ਯੂਨੀਵਰਸਲ ਪਹੁੰਚ ਵੀ ਸੁਨਿਸ਼ਚਿਤ ਹੁੰਦੀ ਹੈ। ਨਾਲ ਹੀ ਇਸ ਨੇ ਬਹੁ-ਖੇਤਰੀ ਭਾਗੀਦਾਰੀ ਵੀ ਸੁਨਿਸ਼ਚਿਤ ਕੀਤੀ ਹੈ। ਸਿਹਤ ਅਤੇ ਤੰਦਰੁਸਤੀ ਕੇਂਦਰਾਂ ’ਚ ਸਰਕਾਰ ਦੁਆਰਾ ਕੀਤੇ ਗਏ ਨਿਵੇਸ਼ ਨਾਲ ਸੇਵਾ ਪ੍ਰਦਾਤਾਵਾਂ ਨੂੰ ਵੀ ਸਮਰੱਥ ਕੀਤਾ ਗਿਆ ਹੈ।
ਜੰਮੂ ਜ਼ਿਲ੍ਹੇ ਦੇ ਡੰਸਲ ਬਲਾਕ ਸਥਿਤ ਕਟਾਲ ਬਟਾਲ ਸਿਹਤ ਅਤੇ ਤੰਦਰੁਸਤੀ ਕੇਂਦਰ ਦੀ ਭਾਈਚਾਰਕ ਸਿਹਤ ਅਧਿਕਾਰੀ ਸਮ੍ਰਿੱਧੀ ਰੈਨਾ ਕਹਿੰਦੇ ਹਨ, “ਲੋਕ ਨਿਯਮਿਤ ਸਲਾਹ-ਮਸ਼ਵਰੇ ਅਤੇ ਜਾਂਚ ਲਈ ਇਥੇ ਆਉਂਦੇ ਹਨ ਅਤੇ ਸਮੇਂ ’ਤੇ ਅਪਣੀਆਂ ਦਵਾਈਆਂ ਲੈਂਦੇ ਹਨ। ਰੋਗੀਆਂ ਨੂੰ ਇੰਨਾ ਭਰੋਸਾ ਹੈ ਕਿ ਉਹ ਮੇਰੀ ਸਲਾਹ ਦੇ ਬਿਨਾਂ ਨੇੜਲੇ ਐਨਟੀਪੀਐਚਸੀ (ਨਿਊ ਟਾਈਪ ਪ੍ਰਾਇਮਰੀ ਹੈਲਥ ਸੈਂਟਰ) ਵੀ ਨਹੀਂ ਜਾਂਦੇ। ‘ਉਨ੍ਹਾਂ ਕਿਹਾ, ‘ਮੈਂ ਸਮੇਂ ’ਤੇ ਆਉਂਦੀ ਹਾਂ ਅਤੇ ਮਰੀਜ਼ਾਂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਦੀ ਹਾਂ। ਇਸ ਲਈ ਲੋਕ ਮੇਰੇ ’ਤੇ ਵਿਸ਼ਵਾਸ ਕਰਦੇ ਹਨ।’
ਇਥੋਂ ਤਕ ਕਿ ਮੌਜੂਦਾ ਕੋਵਿਡ -19 ਮਹਾਂਮਾਰੀ ਦੇ ਦੌਰ ਵਿਚ ਵੀ ਇਨ੍ਹਾਂ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਦੇ ਕਰਮਚਾਰੀ ਲੋਕਾਂ ਨੂੰ ਲਗਾਤਾਰ ਸੇਵਾਵਾਂ ਉਪਲਬਧ ਕਰਵਾ ਰਹੇ ਹਨ। ਬਾਰਾਮੂਲਾ ਜ਼ਿਲ੍ਹੇ ਦੇ ਕੁੰਜਰ ਬਲਾਕ ਸਥਿਤ ਮਾਲਵਾ ਸਿਹਤ ਅਤੇ ਤੰਦਰੁਸਤੀ ਕੇਂਦਰ ਵਿਚ ਤੈਨਾਤ ਭਾਈਚਾਰਕ ਸਿਹਤ ਅਧਿਕਾਰੀ ਰੇਹਾਨਾ ਬੇਗ਼ਮ ਨੇ ਦਸਿਆ ਕਿ ਉਹ ਨਾ ਕੇਵਲ ਲੋਕਾਂ ਨੂੰ ਸਮਾਜਕ ਦੂਰੀ ਅਤੇ ਸਵੱਛਤਾ ਬਾਰੇ ਜਾਗਰੂਕ ਕਰ ਰਹੀ ਹਨ, ਬਲਕਿ ਗਰਭਵਤੀ ਮਾਤਾਵਾਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਦੀ ਜਣੇਪੇ ਤੋਂ ਪਹਿਲਾਂ ਦੀ ਦੇਖਭਾਲ ਦਾ ਕੰਮ ਵੀ ਲਗਾਤਾਰ ਜਾਰੀ ਹੈ। ਭਾਈਚਾਰਕ ਸਿਹਤ ਅਧਿਕਾਰੀਆਂ ਨੇ ਇਸ ਦੌਰਾਨ ਜਣੇਪੇ ਸਬੰਧੀ ਸੇਵਾਵਾਂ ਨੂੰ ਵੀ ਲਗਾਤਾਰ ਜਾਰੀ ਰਖਿਆ ਹੈ।
ਸਿਹਤ ਅਤੇ ਤੰਦਰੁਸਤੀ ਕੇਂਦਰਾਂ ਦੀ ਸਥਾਪਨਾ ਨਾਲ ਰੁਜ਼ਗਾਰ ਸਿਰਜਣਾ ਨੂੰ ਵੀ ਹੁਲਾਰਾ ਮਿਲਿਆ ਹੈ। ਅਨੰਤਨਾਗ ਜ਼ਿਲ੍ਹੇ ਦੇ ਡੁਰੂ ਬਲਾਕ ਸਥਿਤ ਬਡਸਗਾਮ ਸਿਹਤ ਅਤੇ ਤੰਦਰੁਸਤੀ ਕੇਂਦਰ ’ਚ ਤੈਨਾਤ ਭਾਈਚਾਰਕ ਸਿਹਤ ਅਧਿਕਾਰੀ ਰੂਹੀਲਾ ਹਮੀਦ ਕਹਿੰਦੀ ਹਨ, “ਮੈਂ ਇਕ ਯੋਗਤਾ ਪ੍ਰਾਪਤ ਨਰਸ ਦੇ ਤੌਰ ’ਤੇ ਨਵੰਬਰ 2019 ਵਿਚ ਇਸ ਕੇਂਦਰ ’ਚ ਬਤੌਰ ਭਾਈਚਾਰਕ ਸਿਹਤ ਅਧਿਕਾਰੀ ਤੈਨਾਤ ਹੋਈ ਸੀ। ਮੈਨੂੰ ਇਹ ਨੌਕਰੀ ਅਤੇ ਮਿਹਨਤਾਨਾ ਪਸੰਦ ਹੈ। ਮੈਂ ਬਾਹਰੀ ਰੋਗੀਆਂ ਨੂੰ ਦੇਖਦੀ ਹਾਂ, ਟੀਕਾਕਰਣ ਕਰਦੀ ਹਾਂ ਅਤੇ ਐਨਸੀਡੀ ਜਾਂਚ ਵੀ ਕਰਦੀ ਹਾਂ। ਇਥੇ ਨਿਯਮਤ ਸੇਵਾਵਾਂ ਨਾਲ ਲੋਕਾਂ ਨੂੰ ਕਾਫ਼ੀ ਮਦਦ ਮਿਲਦੀ ਹੈ ਕਿਉਂਕਿ ਹੁਣ ਸੱਭ ਕੁੱਝ ਨੇੜੇ ਹੀ ਉਪਲਬਧ ਹੈ। ਪਹਿਲਾਂ ਲੋਕਾਂ ਨੂੰ ਬਹੁਤ ਦੂਰ ਜਾਣਾ ਪੈਂਦਾ ਸੀ।”
ਭਾਈਚਾਰਕ ਸਿਹਤ ਵਿਚ ਛੇ ਮਹੀਨਿਆਂ ਦੇ ਸਰਟੀਫ਼ੀਕੇਟ ਪ੍ਰੋਗਰਾਮ ਜ਼ਰੀਏ, 589 ਸੀਐਚਓਜ਼ ਨੂੰ ਟ੍ਰੇਨਿੰਗ ਦੇ ਕੇ ਵੱਖ-ਵੱਖ ਸਿਹਤ ਅਤੇ ਤੰਦਰੁਸਤੀ ਕੇਂਦਰਾਂ ’ਚ ਤੈਨਾਤ ਕੀਤਾ ਗਿਆ ਹੈ। ਇਸ ਨਾਲ ਐਸਐਚਸੀ-ਐਚਡਬਲਿਊਸੀ ਪੱਧਰ ’ਤੇ ਬਿਹਤਰ ਸੇਵਾਵਾਂ ਸੁਨਿਸ਼ਚਿਤ ਹੋਈਆਂ ਹਨ। ਜਨਵਰੀ 2020 ਵਿਚ ਇਸ ਪਾਠਕ੍ਰਮ ਲਈ ਲਗਭਗ 440 ਲੋਕਾਂ ਨੂੰ ਨਾਮਾਂਕਿਤ ਕੀਤਾ ਗਿਆ ਹੈ। ਇਸ ਲਈ ਅਧਿਐਨ ਕੇਂਦਰਾਂ ਦੀ ਗਿਣਤੀ 4 ਤੋਂ ਵਧ ਕੇ 10 ਹੋ ਗਈ ਹੈ। ਕਸ਼ਮੀਰ ਯੂਨੀਵਰਸਿਟੀ ਦੇ ਆਬਾਦੀ ਖੋਜ ਪ੍ਰੀਸ਼ਦ ਦੇ ਸੈਯਦ ਖੁਰਸ਼ੀਦ ਅਹਿਮਦ ਅਤੇ ਮੁਨੀਰ ਅਹਿਮਦ ਨੇ ‘ਜੰਮੂ-ਕਸ਼ਮੀਰ ’ਚ ਐਚਡਬਲਿਊਸੀ ਦਾ ਸਮਕਾਲੀਨ ਮੁਲਾਂਕਣ’ ਸਿਰਲੇਖ ਤਹਿਤ ਮਾਰਚ 2020 ’ਚ ਅਪਣੀ ਇਕ ਰੀਪੋਰਟ ਪ੍ਰਕਾਸ਼ਤ ਕੀਤੀ ਸੀ। ਉਸ ਰੀਪੋਰਟ ’ਚ ਕਿਹਾ ਗਿਆ ਹੈ
ਕਿ ਅਤਿਰਿਕਤ ਕਾਰਜਬਲ ਯਾਨੀ ਭਾਈਚਾਰਕ ਸਿਹਤ ਅਧਿਕਾਰੀ ਦੀ ਤੈਨਾਤੀ ਨਾਲ ਓਪੀਡੀ ਵਿਚ ਲੋਕਾਂ ਦੀ ਆਵਾਜਾਈ ’ਚ ਜ਼ਿਕਰਯੋਗ ਵਾਧਾ ਹੋਇਆ ਹੈ। ਇਸ ਨਾਲ ਐਨਸੀਡੀ ਦਾ ਬੁਨਿਆਦੀ ਪ੍ਰਬੰਧਨ ਅਤੇ ਮੁਫ਼ਤ ਦਵਾਈਆਂ ਅਤੇ ਜਾਂਚ ਦੀ ਉਪਲਬਧਤਾ ਸੁਨਿਸ਼ਚਿਤ ਹੋਣ ਦੇ ਇਲਾਵਾ ਰੈਫ਼ਰਲ ਲਿੰਕੇਜ ’ਚ ਵੀ ਸੁਧਾਰ ਹੋਇਆ ਹੈ। ਸੀਐੱਚਓ ਨੂੰ ਲਗਦਾ ਹੈ ਕਿ ‘ਇਹ ਜ਼ਮੀਨੀ ਪੱਧਰ ’ਤੇ ਲੋਕਾਂ ਦੀ ਸੇਵਾ ਕਰਨ ਦਾ ਸਭ ਤੋਂ ਚੰਗਾ ਤਰੀਕਾ ਹੈ।’ ਉਨ੍ਹਾਂ ਨੇ 5 ਜ਼ਿਲਿ੍ਹਆਂ- ਸ੍ਰੀਨਗਰ, ਅਨੰਤਨਾਗ, ਜੰਮੂ, ਉਧਮਪੁਰ ਅਤੇ ਬਾਰਾਮੂਲਾ ਵਿਚ ਅਧਿਐਨ ਕੀਤਾ।
ਰੀਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਇਨ੍ਹਾਂ ਸੁਵਿਧਾਵਾਂ ’ਚ ਸੁਧਾਰ ਤੋਂ ਬਾਅਦ ਭਾਈਚਾਰਕ ਸਿਹਤ ਵਿਵਸਥਾ ਵਿਚ ਲੋਕਾਂ ਦੀ ਭਾਗੀਦਾਰੀ, ਦਿਲਚਸਪੀ ਅਤੇ ਭਰੋਸੇ ਵਿਚ ਵਾਧਾ ਹੋਇਆ ਹੈ। ਸਿਹਤ ਅਤੇ ਤੰਦਰੁਸਤੀ ਕੇਂਦਰਾਂ ਨੇ ਸੰਚਾਲਨ ਸਬੰਧੀ ਤਮਾਮ ਚੁਣੌਤੀਆਂ ਦੇ ਬਾਵਜੂਦ ਰਾਜ ਵਿਚ ਸਿਹਤ ਵਿਵਸਥਾ ਨੂੰ ਕਿਤੇ ਅਧਿਕ ਜਵਾਬਦੇਹ ਅਤੇ ਮਜ਼ਬੂਤ ਬਣਾਇਆ ਹੈ।
-ਐੱਮਡੀ, ਡੀਐੱਨਬੀ, ਐੱਫਆਈਪੀਐੱਚਏ, ਐੱਫਆਈਏਪੀਐੱਸਐੱਮ, ਐੱਮਐੱਨਏਐੱਮਐੱਸ
ਪ੍ਰੋਫੈਸਰ : ਡਿਪਾਰਟਮੈਂਟ ਆਫ਼ ਕਮਿਊਨਿਟੀ ਮੈਡੀਸਿਨ ਐਂਡ ਸਕੂਲ ਆਫ਼ ਪਬਲਿਕ ਹੈਲਥ ਪੋਸਟ ਗਰੈਜੂਏਟ ਇੰਸਟੀਟਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀਜੀਆਈਐੱਮਈਆਰ),
ਚੰਡੀਗੜ੍ਹ-160012, ਭਾਰਤ ਲੇਖਕ: ਡਾ. ਜੇਐੱਸ ਠਾਕੁਰ