
ਅਮਰੀਕਾ ਦੇ ਕੈਲੀਫੋਰਨੀਆ 'ਚ ਕੰਡੋਮ ਦੀ ਵਰਤੋਂ ਨੂੰ ਲੈ ਕੇ ਇਕ ਕਾਨੂੰਨ ਪਾਸ ਕੀਤਾ ਗਿਆ ਹੈ
ਓਟਾਵਾ - ਅਮਰੀਕਾ ਦੇ ਕੈਲੀਫੋਰਨੀਆ 'ਚ ਕੰਡੋਮ ਦੀ ਵਰਤੋਂ ਨੂੰ ਲੈ ਕੇ ਇਕ ਕਾਨੂੰਨ ਪਾਸ ਕੀਤਾ ਗਿਆ ਹੈ ਕਿ ਜੇਕਰ ਪਾਰਟਨਰ ਦੀ ਸਹਿਮਤੀ ਤੋਂ ਬਿਨਾਂ ਸੈਕਸ ਦੌਰਾਨ ਕੰਡੋਮ ਹਟਾਇਆ ਜਾਂਦਾ ਹੈ ਤਾਂ ਇਹ ਗੈਰ-ਕਾਨੂੰਨੀ ਹੋਵੇਗਾ। ਇਸ ਸਬੰਧੀ ਕੇਸ ਦਰਜ ਕਰਨ ਦੀ ਵਿਵਸਥਾ ਵੀ ਕੀਤੀ ਗਈ ਹੈ। ਇਹ ਕਾਨੂੰਨ ਬਣਾਉਣ ਵਾਲਾ ਕੈਲੀਫੋਰਨੀਆ ਅਮਰੀਕਾ ਦਾ ਹੀ ਨਹੀਂ ਸਗੋਂ ਪੂਰੀ ਦੁਨੀਆ ਦਾ ਪਹਿਲਾ ਸੂਬਾ ਬਣ ਗਿਆ ਹੈ। ਹਾਲਾਂਕਿ ਇਹ ਕਾਨੂੰਨ ਬਣਦੇ ਹੀ ਇਸ ਗੱਲ 'ਤੇ ਵੀ ਬਹਿਸ ਸ਼ੁਰੂ ਹੋ ਗਈ ਹੈ ਕਿ ਇਹ ਕਿਵੇਂ ਸੰਭਵ ਹੋਵੇਗਾ।
ਦਰਅਸਲ, ਅਮਰੀਕਾ ਦੇ ਕੈਲੀਫੋਰਨੀਆ ਵਿਚ ਸਟੀਲਿੰਥਿੰਗ ਨੂੰ ਗੈਰ-ਕਾਨੂੰਨੀ ਬਣਾ ਦਿੱਤਾ ਗਿਆ ਹੈ। ਇੱਥੇ ਇਸ ਕਾਨੂੰਨ ਦੀ ਲੰਬੇ ਸਮੇਂ ਤੋਂ ਮੰਗ ਸੀ। ਕ੍ਰਿਸਟੀਨਾ ਗਾਰਸੀਆ, ਜੋ ਇਸ ਕਾਨੂੰਨ ਦੀ ਲੰਬੇ ਸਮੇਂ ਤੋਂ ਮੰਗ ਕਰ ਰਹੀ ਸੀ ਉਸ ਨੇ ਅਸੈਂਬਲੀ ਵਿਚ ਦੱਸਿਆ ਕਿ ਉਹ ਇਹ ਯਕੀਨੀ ਬਣਾਉਣਾ ਚਾਹੁੰਦੇ ਸੀ ਕਿ ਸਟੀਲਿੰਥਿੰਗ ਕਰਨਾ ਨਾ ਸਿਰਫ਼ ਅਨੈਤਿਕ ਹੈ, ਸਗੋਂ ਗੈਰ-ਕਾਨੂੰਨੀ ਵੀ ਹੈ," ਡੈਮੋਕਰੇਟਿਕ ਅਸੈਂਬਲੀ ਦੇ ਗਾਰਸੀਆ 2017 ਤੋਂ ਅਜਿਹੇ ਕਾਨੂੰਨ ਬਣਾਉਣ ਲਈ ਜ਼ੋਰ ਦੇ ਰਹੀ ਸੀ।
ਆਖਰਕਾਰ ਹੁਣ ਇਸ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ ਇਸ ਨੂੰ ਕਾਨੂੰਨ ਵਜੋਂ ਪਾਸ ਕਰ ਦਿੱਤਾ ਗਿਆ ਹੈ।
ਗਵਰਨਰ ਗੇਵਿਨ ਨਿਊਜ਼ੋਮ ਨੇ ਇਸ 'ਤੇ ਦਸਤਖ਼ਤ ਕੀਤੇ ਹਨ। ਇਸ ਤੋਂ ਪਹਿਲਾਂ ਕੈਲੀਫੋਰਨੀਆ ਦੇ ਵਿਧਾਇਕਾਂ ਨੇ ਇਹ ਬਿੱਲ 7 ਅਗਸਤ ਨੂੰ ਗਵਰਨਰ ਗੇਵਿਨ ਨਿਊਜ਼ਮ ਨੂੰ ਭੇਜਿਆ ਸੀ। ਹਾਲਾਂਕਿ ਇਸ ਕਾਨੂੰਨ ਲਈ ਕ੍ਰਿਮੀਨਲ ਕੋਡ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਕਾਨੂੰਨ ਤਹਿਤ ਸੈਕਸ ਵਰਕਰ ਵੀ ਬਿਨਾਂ ਸਹਿਮਤੀ ਦੇ ਸੈਕਸ ਦੌਰਾਨ ਕੰਡੋਮ ਕੱਢਣ ਵਾਲੇ ਆਪਣੇ ਗਾਹਕਾਂ 'ਤੇ ਮੁਕੱਦਮਾ ਕਰ ਸਕਣਗੇ।
ਕਾਨੂੰਨ ਮੁਤਾਬਕ ਬਿਨ੍ਹਾਂ ਸਹਿਮਤੀ ਦੇ ਕੰਡੋਮ ਕੱਢਣ ਲਈ ਦੋਸ਼ੀ 'ਤੇ ਸਿਵਲ ਕੋਡ ਦੇ ਤਹਿਤ ਮਾਮਲਾ ਦਰਜ ਕੀਤਾ ਜਾ ਸਕਦਾ ਹੈ। ਇਸ 'ਚ ਪੀੜਤ ਆਪਣੇ ਹਰਜਾਨੇ ਲਈ ਦੋਸ਼ੀ ਖਿਲਾਫ਼ ਮਾਮਲਾ ਦਰਜ ਕਰ ਸਕਦਾ ਹੈ। ਹਾਲਾਂਕਿ, ਇਸ ਤੋਂ ਇਲਾਵਾ ਅਪਰਾਧੀ ਨੂੰ ਕੋਈ ਹੋਰ ਸਜ਼ਾ ਨਹੀਂ ਦਿੱਤੀ ਜਾ ਸਕਦੀ। ਗਾਰਸੀਆ ਨੇ ਦੱਸਿਆ ਕਿ ਇਹ ਕਾਨੂੰਨ ਪੀਨਲ ਕੋਡ ਵਿਚ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਟੀਲਿੰਥਿੰਗ ਕਾਰਨ ਔਰਤਾਂ ਨੂੰ ਜਿਨਸੀ ਰੋਗਾਂ ਅਤੇ ਗਰਭ ਅਵਸਥਾ ਦਾ ਖ਼ਤਰਾ ਰਹਿੰਦਾ ਹੈ।
ਇਸ ਸਭ ਦੇ ਬਾਵਜੂਦ ਇਸ ਕਾਨੂੰਨ 'ਤੇ ਬਹਿਸ ਚੱਲ ਰਹੀ ਹੈ ਕਿ ਇਹ ਕਿਵੇਂ ਸੰਭਵ ਹੋਵੇਗਾ। ਕੁਝ ਲੋਕਾਂ ਦਾ ਕਹਿਣਾ ਹੈ ਕਿ ਇਸ ਕਾਨੂੰਨ ਤਹਿਤ ਕੇਸ ਦਰਜ ਕਰਨ ਵਿਚ ਕਈ ਰੁਕਾਵਟਾਂ ਆ ਸਕਦੀਆਂ ਹਨ। ਜਿਵੇਂ ਕਿ, ਪੀੜਤ ਨੂੰ ਇਸ ਨੂੰ ਸਾਬਤ ਕਰਨ ਲਈ ਵੀ ਕਾਫੀ ਕੋਸ਼ਿਸ਼ ਕਰਨੀ ਪੈ ਸਕਦੀ ਹੈ। ਗਾਰਸੀਆ ਦਾ ਖੁਦ ਵੀ ਮੰਨਣਾ ਹੈ ਕਿ ਇਹ ਕਾਨੂੰਨ ਦੰਡ ਸੰਹਿਤਾ ਵਿਚ ਹੋਣਾ ਚਾਹੀਦਾ ਹੈ, ਇਸ ਨੂੰ ਬਲਾਤਕਾਰ ਜਾਂ ਜਿਨਸੀ ਅਪਰਾਧ ਬਣਾਉਣਾ ਚਾਹੀਦਾ ਹੈ। ਫਿਲਹਾਲ ਇਹ ਕਾਨੂੰਨ ਪੂਰੀ ਦੁਨੀਆ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।