
ਚੰਡੀਗੜ੍ਹ ਪੁਲਿਸ ਦੀ ਐਂਟੀ ਨਾਰਕੋਟਿਕ ਟਾਸਕ ਫੋਰਸ ਨੇ ਮੁਲਜ਼ਮ ਸ਼ੁਭਮ ਜੈਨ ਅਤੇ ਪੁਨੀਤ ਕੁਮਾਰ ਨੂੰ ਕੀਤਾ ਗ੍ਰਿਫ਼ਤਾਰ
ਪਾਕਿਸਤਾਨ ਤੋਂ ਨਸ਼ਾ ਤਸਕਰੀ ਕਰਨ ਵਾਲਿਆਂ ਦੇ ਸੰਪਰਕ ’ਚ ਸੀ ਮੁਲਜ਼ਮ
108 ਗ੍ਰਾਮ ਆਈਸ, 70 ਗ੍ਰਾਮ ਹੈਰੋਇਨ, ਇਕ ਪਿਸਤੌਲ ਤੇ 5 ਕਾਰਤੂਸ ਬਰਾਮਦ
ਚੰਡੀਗੜ੍ਹ : ਕ੍ਰਾਈਮ ਬ੍ਰਾਂਚ ਦੀ ਟੀਮ ਨੇ ਨਸ਼ਾ ਤਸਕਰੀ ਕਰਨ ਵਾਲੇ ਇਕ ਪੰਜਾਬ ਪੁਲਿਸ ਦੇ ਮੁਲਾਜ਼ਮ ਦੇ ਪੁੱਤ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਪੁਨੀਤ (24) ਵਾਸੀ ਫ਼ਿਰੋਜ਼ਪੁਰ ਵਜੋਂ ਹੋਈ ਹੈ। ਮੁਲਜ਼ਮਾਂ ਕੋਲੋਂ .32 ਬੋਰ ਦਾ ਪਿਸਤੌਲ ਅਤੇ ਪੰਜ ਕਾਰਤੂਸ, 108 ਗ੍ਰਾਮ ਆਈਸ ਅਤੇ 70 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ।
ਦੱਸ ਦੇਈਏ ਕਿ ਚੰਡੀਗੜ੍ਹ ਪੁਲੀਸ ਦੇ ਐਂਟੀ ਨਾਰਕੋਟਿਕ ਟਾਸਕ ਫੋਰਸ ਦੀ ਟੀਮ ਨੇ ਚੰਡੀਗੜ੍ਹ ਦੇ ਆਲੇ-ਦੁਆਲੇ ਦੇ ਇਲਾਕੇ ਵਿੱਚ ਨਸ਼ੀਲੇ ਪਦਾਰਥ ਵਿਰੁੱਧ ਕਾਰਵਾਈ ਤਹਿਤ ਮੁਹਿੰਮ ਚਲਾਈ ਸੀ। ਇਸ ਦੌਰਾਨ ਫ਼ਿਰੋਜ਼ਪੁਰ ਵਿਖੇ ਪੰਜਾਬ ਪੁਲਸ 'ਚ ਏ.ਐਸ.ਆਈ. ਦੇ ਅਹੁਦੇ 'ਤੇ ਤੈਨਾਤ ਮੁਲਾਜ਼ਮ ਦੇ ਪੁੱਤਰ ਸਮੇਤ ਦੋ ਨੂੰ ਕਾਬੂ ਕੀਤਾ ਹੈ। ਪੁਨੀਤ ਵਿਰੁੱਧ ਐਨ.ਡੀ.ਪੀ.ਐਸ. ਐਕਟ ਦੀ ਧਾਰਾ 29 ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਜੈਪੁਰ ਤੋਂ ਮੁੰਬਈ ਆ ਰਹੀ ਜੈਪੁਰ ਐਕਸਪ੍ਰੈੱਸ ਰੇਲਗੱਡੀ ਵਿਚ ਹੋਈ ਗੋਲੀਬਾਰੀ
ਪੁਲਿਸ ਦਾ ਕਹਿਣਾ ਹੈ ਕਿ ਪੁਨੀਤ ਤਸਕਰਾਂ ਤੋਂ ਨਸ਼ੀਲੇ ਪਦਾਰਥ ਖਰੀਦਦਾ ਸੀ ਜੋ ਪਾਕਿਸਤਾਨ ਤੋਂ ਨਸ਼ਾ ਲਿਆਉਂਦੇ ਸਨ। ਅਸਲ ਵਿਚ, ਅਪਰਾਧ ਸ਼ਾਖਾ ਦੀ ਟੀਮ ਨੇ ਕੁਝ ਸਮਾਂ ਪਹਿਲਾਂ ਸੈਕਟਰ-45 ਤੋਂ ਬੁੜੈਲ ਦੇ ਰਹਿਣ ਵਾਲੇ ਸ਼ੁਭਮ ਜੈਨ ਉਰਫ਼ ਗੌਰਵ (28) ਨੂੰ 108 ਗ੍ਰਾਮ ਐਮਫੇਟਾਮਾਈਨ ਅਤੇ 70 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ। ਪੁਛਗਿਛ ਦੌਰਾਨ ਉਸ ਨੇ ਦਸਿਆ ਕਿ ਉਹ ਪੁਨੀਤ ਨਾਂ ਦੇ ਤਸਕਰ ਤੋਂ ਨਸ਼ੇ ਖਰੀਦਦਾ ਹੈ।
ਇਸ ਤੋਂ ਬਾਅਦ ਪੁਲਿਸ ਨੇ ਚੰਡੀਗੜ੍ਹ ਦੇ ਨਜ਼ਦੀਕੀ ਇਲਾਕੇ ਫ਼ਿਰੋਜ਼ਪੁਰ ਵਿਚ ਛਾਪਾ ਮਾਰ ਕੇ ਪੁਨੀਤ ਨੂੰ ਫੜ ਲਿਆ। ਪੁਨੀਤ ਤੋਂ ਇਲਾਵਾ ਸ਼ੁਭਮ ਨੇ ਕੁਝ ਹੋਰ ਤਸਕਰਾਂ ਦੇ ਨਾਂ ਵੀ ਦੱਸੇ ਹਨ। ਸ਼ੁਭਮ ਪਿਛਲੇ ਢਾਈ ਸਾਲਾਂ ਤੋਂ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰ ਰਿਹਾ ਸੀ ਅਤੇ ਉਸ ਖ਼ਿਲਾਫ਼ ਪਹਿਲਾਂ ਵੀ ਦੋ ਐਨ.ਡੀ.ਪੀ.ਐਸ. ਦੇ ਕੇਸ ਦਰਜ ਹਨ।
ਇਹ ਵੀ ਪੜ੍ਹੋ: ਵਿਸ਼ਵ ਪੁਲਿਸ ਖੇਡਾਂ : ਪੰਜਾਬ ਪੁਲਿਸ ਦੇ ASI ਅਤੇ ਭਲਵਾਨ ਵਿਸ਼ਾਲ ਰਾਣਾ ਨੇ ਜਿੱਤਿਆ ਸੋਨ ਤਮਗ਼ਾ
ਪੁਛਗਿਛ ਦੌਰਾਨ ਖ਼ੁਲਾਸਾ ਹੋਇਆ ਕਿ ਸ਼ੁਭਮ ਅਤੇ ਪੁਨੀਤ ਇਕ ਦੂਜੇ ਨਾਲ ਵ੍ਹਟਸਐਪ ਕਾਲ 'ਤੇ ਗੱਲ ਕਰਦੇ ਸਨ। ਸ਼ੁਭਮ ਕੁਝ ਸਥਾਨਕ ਨਸ਼ਾ ਤਸਕਰਾਂ ਨੂੰ ਨਸ਼ਾ ਸਪਲਾਈ ਕਰਦਾ ਸੀ ਜਦਕਿ ਪੁਨੀਤ ਵੱਡੇ ਨਸ਼ਾ ਤਸਕਰਾਂ ਦੇ ਸੰਪਰਕ 'ਚ ਸੀ ਜੋ ਪਾਕਿਸਤਾਨ ਤੋਂ ਹੈਰੋਇਨ ਮੰਗਵਾਉਂਦੇ ਸਨ।
ਪੁਲਿਸ ਹੁਣ ਇਨ੍ਹਾਂ ਦੋਵਾਂ ਦਾ ਰਿਮਾਂਡ ਲੈ ਕੇ ਨਸ਼ਿਆਂ ਦੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਪੁਛਗਿਛ ਕਰਨ ਵਿੱਚ ਲੱਗੀ ਹੋਈ ਹੈ।