
ਜ਼ਖਮੀ ਗਾਵਾਂ ਨੂੰ ਨੇੜਲੇ ਹਸਪਤਾਲ ਕਰਵਾਇਆ ਗਿਆ ਦਾਖਲ
ਭੋਪਾਲ: ਮੱਧ ਪ੍ਰਦੇਸ਼ ਦੇ ਕਟਨੀ ਜ਼ਿਲ੍ਹੇ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੇ ਜਬਲਪੁਰ-ਰੀਵਾ ਬਾਈਪਾਸ ਰੋਡ ’ਤੇ ਇਕ ਤੇਜ਼ ਰਫ਼ਤਾਰ ਟਰੱਕ ਦੀ ਟੱਕਰ ਨਾਲ 12 ਗਾਵਾਂ ਦੀ ਮੌਤ ਹੋ ਗਈ ਅਤੇ ਤਿੰਨ ਗਾਵਾਂ ਜ਼ਖ਼ਮੀ ਹੋ ਗਈਆਂ। ਪੁਲਿਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਸਿਟੀ ਦੇ ਐਸਪੀ ਵਿਜੇ ਸਿੰਘ ਨੇ ਦੱਸਿਆ ਕਿ ਇਹ ਘਟਨਾ ਮੰਗਲਵਾਰ ਨੂੰ ਟਰਾਂਸਪੋਰਟ ਨਗਰ ਇਲਾਕੇ ਦੇ ਕੋਲ ਵਾਪਰੀ ਜਦੋਂ ਗਊਆਂ ਸੜਕ 'ਤੇ ਬੈਠੀਆਂ ਹੋਈਆਂ ਸਨ। ਗਾਵਾਂ ਨੂੰ ਟੱਕਰ ਮਾਰਨ ਤੋਂ ਬਾਅਦ ਟਰੱਕ ਖੇਤ ਵਿਚ ਜਾ ਵੜਿਆ। ਇਸ ਤੋਂ ਬਾਅਦ ਡਰਾਈਵਰ ਗੱਡੀ ਛੱਡ ਕੇ ਫ਼ਰਾਰ ਹੋ ਗਿਆ।
ਸਿੰਘ ਨੇ ਦੱਸਿਆ ਕਿ ਬਰਸਾਤ ਦੇ ਮੌਸਮ ਦੌਰਾਨ ਗਊਆਂ ਆਰਾਮ ਕਰਨ ਲਈ ਸੁੱਕੀ ਥਾਂ ਦੀ ਭਾਲ ਵਿੱਚ ਸੜਕਾਂ ’ਤੇ ਬੈਠ ਜਾਂਦੀਆਂ ਹਨ, ਜਿਸ ਕਾਰਨ ਅਜਿਹੇ ਹਾਦਸੇ ਵਾਪਰਦੇ ਹਨ। ਉਨ੍ਹਾਂ ਦੱਸਿਆ ਕਿ ਇਕ ਨਿੱਜੀ ਸੰਸਥਾ 'ਗਊ ਰਕਸ਼ਾ ਕਮਾਂਡੋ ਫੋਰਸ' ਦੀ ਟੀਮ ਵੈਟਰਨਰੀ ਡਾਕਟਰਾਂ ਸਮੇਤ ਮੌਕੇ 'ਤੇ ਪਹੁੰਚੀ ਅਤੇ ਜ਼ਖਮੀ ਗਊਆਂ ਨੂੰ ਇਲਾਜ ਤੋਂ ਬਾਅਦ ਗਊਸ਼ਾਲਾ ਭੇਜ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।