
ਬਾਅਦ 'ਚ ਕੁਲਪਤੀ ਨੇ ਕਿਹਾ, ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ....
ਗਾਜ਼ੀਪੁਰ, (ਸ ਸ ਸ): ਯੂਪੀ ਦੇ ਜੌਨਪੁਰ ਦੀ ਪੂਰਵਾਂਚਲ ਯੂਨੀਵਰਸਿਟੀ ਦੇ ਕੁਲਪਤੀ ਪ੍ਰੋ. ਰਾਜਾਰਾਮ ਯਾਦਵ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਜੇ ਉਹ ਇਸ ਯੂਨੀਵਰਸਿਟੀ ਦੇ ਵਿਦਿਆਰਥੀ ਹਨ ਅਤੇ ਕਿਸੇ ਨਾਲ ਉਨ੍ਹਾਂ ਦਾ ਝਗੜਾ ਹੋ ਜਾਂਦਾ ਹੈ ਤਾਂ ਉਹ ਰੋਂਦੇ ਹੋਏ ਉਸ ਕੋਲ ਨਾ ਆਉਣ। ਉਨ੍ਹਾਂ ਕਿਹਾ, 'ਸਾਹਮਣੇ ਵਾਲੇ ਦਾ ਕੁਟਾਪਾ ਕਰ ਦੇਣਾ ਅਤੇ ਲੋੜ ਪਏ ਤਾਂ ਉਸ ਦੀ ਹਤਿਆ ਕਰ ਦੇਣਾ। ਬਾਕੀ ਮੈਂ ਵੇਖ ਲਵਾਂਗਾ।'
ਉਹ ਜੌਨਪੁਰ ਦੇ ਕਾਲਜ ਦੇ ਸਮਾਗਮ ਵਿਚ ਬੋਲ ਰਹੇ ਸਨ। ਬਾਅਦ ਵਿਚ ਕੁਲਪਤੀ ਨੇ ਕਿਹਾ ਕਿ ਉਨ੍ਹਾਂ ਦੀ ਭਾਸ਼ਾ ਸ਼ੈਲੀ ਅਜਿਹੀ ਹੀ ਹੈ। ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਸਮਾਗਮ ਵਿਚ ਕੁਲਪਤੀ ਨੇ ਕਿਹਾ ਕਿ ਨੌਜਵਾਨ ਵਿਦਿਆਰਥੀ ਉਹੀ ਹੁੰਦਾ ਹੈ ਜੋ ਚੱਟਾਨ ਵਿਚ ਪੈਰ ਮਾਰਦਾ ਹੈ ਤਾਂ ਪਾਣੀ ਦੀ ਧਾਰ ਨਿਕਲ ਪੈਂਦੀ ਹੈ। ਵਿਦਿਆਰਥੀ ਅਪਣੇ ਜੀਵਨ ਵਿਚ ਜੋ ਸੰਕਲਪ ਲੈਂਦਾ ਹੈ, ਉਸ ਨੂੰ ਪੂਰਾ ਕਰਦਾ ਹੈ। ਉਸ ਨੂੰ ਪੂਰਵਾਂਚਲ ਯੂਨੀਵਰਸਿਟੀ ਦਾ ਵਿਦਿਆਰਥੀ ਕਹਿੰੰਦੇ ਹਨ। ਬਾਅਦ ਵਿਚ ਉਨ੍ਹਾਂ ਕਿਹਾ ਕਿ ਉਹ ਵਿਦਿਆਰਥੀਆਂ ਨੂੰ ਬਹਾਦਰ ਬਣਨ ਦੀ ਗੱਲ ਸਮਝਾ ਰਹੇ ਸਨ।
ਉਨ੍ਹਾਂ ਕਿਹਾ ਕਿ ਹਤਿਆ ਕਰ ਕੇ ਆਉਣ ਦੀ ਗੱਲ ਨਹੀਂ ਕਹੀ। ਸਿਰਫ਼ ਏਨਾ ਕਿਹਾ ਕਿ ਉਹ ਬਹਾਦਰ ਬਣਨ। ਯੂਪੀ ਦੇ ਸਿਹਤ ਮੰਤਰੀ ਸਿਧਾਰਥ ਨਾਥ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦਾ ਬਿਆਨ ਗ਼ਲਤ ਹੈ। ਉਹ ਗੁੰਡਾ ਰਾਜ ਸਿਖਾ ਰਹੇ ਹਨ।