
ਟਰਾਂਸਪੋਰਟ ਮੰਤਰੀ ਗੋਵਿੰਦ ਸਿੰਘ ਠਾਕੁਰ ਨੇ ਕਿਹਾ ਕਿ ਛੇਤੀ ਹੀ ਇਹ ਸਹੂਲਤ ਸੂਬੇ ਦੇ ਸਾਰੇ ਬੱਸ ਅੱਡਿਆਂ 'ਤੇ ਸ਼ੁਰੂ ਕੀਤੀ ਜਾਵੇਗੀ।
ਸ਼ਿਮਲਾ : ਜੈਰਾਮ ਸਰਕਾਰ ਵੱਲੋਂ ਮਹਿਲਾ ਯਾਤਰੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਬੱਸ ਅੱਡਿਆਂ 'ਤੇ ਔਰਤਾਂ ਲਈ ਸੈਨੇਟਰੀ ਨੈਪਕਿਨ ਦੀ ਸਹੂਲਤ ਦਿਤੀ ਜਾਵੇਗੀ। ਸਰਕਾਰ ਨੇ ਸ਼ਿਮਲਾ, ਕੁੱਲੂ, ਹਮੀਰਪੁਰ ਅਤੇ ਪਾਲਮਪੁਰ ਵਿਖੇ ਵੈਂਡਿੰਗ ਮਸ਼ੀਨਾਂ ਸਥਾਪਿਤ ਕਰ ਦਿਤੀਆਂ ਹਨ। ਟਰਾਂਸਪੋਰਟ ਮੰਤਰੀ ਗੋਵਿੰਦ ਸਿੰਘ ਠਾਕੁਰ ਨੇ ਕਿਹਾ ਕਿ ਛੇਤੀ ਹੀ ਇਹ ਸਹੂਲਤ ਸੂਬੇ ਦੇ ਸਾਰੇ ਬੱਸ ਅੱਡਿਆਂ 'ਤੇ ਸ਼ੁਰੂ ਕੀਤੀ ਜਾਵੇਗੀ।
Sanitary pads
ਇਸ ਦੇ ਲਈ 42 ਲੱਖ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। ਮੰਤਰੀ ਨੇ ਕਿਹਾ ਕਿ ਬੱਸਾਂ ਵਿਚ ਸਫਰ ਕਰਨ ਵਾਲੇ ਸਰੀਰਕ ਜਾਂ ਮਾਨਸਿਕ ਤੌਰ 'ਤੇ ਚੁਣੌਤੀਗ੍ਰਸਤ ਯਾਤਰੀਆਂ ਦੀ ਸੁਵਿਧਾ ਲਈ ਨਿਗਮ ਨੇ ਰਾਜ ਦੇ ਸਾਰੇ 38 ਬੱਸ ਅੱਡਿਆਂ 'ਤੇ ਵਹੀਲ ਚੇਅਰ ਉਪਲਬਧ ਕਰਵਾਈਆਂ ਹਨ। ਛੇਤੀ ਹੀ ਬੱਸ ਅੱਡਿਆਂ ਵਿਚ ਇਹ ਸੂਵਿਧਾ ਸ਼ੁਰੂ ਹੋ ਜਾਵੇਗੀ।
Transport minister govind thakur
ਉਹਨਾਂ ਕਿਹਾ ਕਿ ਜਿਹਨਾਂ ਬੱਸ ਅੱਡਿਆਂ 'ਤੇ ਚੁਣੌਤੀਗ੍ਰਸਤਾਂ ਲਈ ਰੈਂਪ ਨਹੀਂ ਹੈ ਉਥੇ ਇਹਨਾਂ ਦੀ ਉਸਾਰੀ ਪਹਿਲ ਦੇ ਆਧਾਰ 'ਤੇ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਰਾਜ ਸਰਕਾਰ ਨੇ ਸਕੂਲੀ ਵਿਦਿਆਰਥੀਆਂ ਨੂੰ ਵੀ ਸੈਨੇਟਰੀ ਨੈਪਕਿਨ ਦੇਣ ਦਾ ਫ਼ੈਸਲਾ ਲਿਆ ਹੈ। ਸਿਹਤ ਵਿਭਾਗ ਵੱਲੋਂ ਵਿਦਿਆਰਥਣਾਂ ਨੂੰ ਨੈਪਕਿਨ ਦਾ ਇਕ ਪੈਕਟ ਇਕ ਰੁਪਏ ਵਿਚ ਉਪਲਬਧ ਕਰਵਾਇਆ ਜਾਵੇਗਾ।