
ਭਾਰੀ ਕਰਜ਼ ਕਾਰਨ ਕੰਪਨੀ ਨੂੰ ਚੱਲਦਾ ਰੱਖਣਾ ਮੁਸ਼ਕਲ
ਨਵੀਂ ਦਿੱਲੀ : ਭਾਰੀ ਕਰਜ਼ ਹੇਠ ਦੱਬੀ ਸਰਕਾਰੀ ਮਾਲਕੀ ਵਾਲੀ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਦੀਆਂ ਵਿੱਤੀ ਮੁਸ਼ਕਲਾਂ ਘਟਣ ਦੇ ਅਸਾਰ ਮੱਧਮ ਹੁੰਦੇ ਜਾ ਰਹੇ ਹਨ। ਹੁਣ ਹਾਲਾਤ ਅਜਿਹੇ ਬਣਦੇ ਜਾ ਰਹੇ ਹਨ ਕਿ ਕੰਪਨੀ ਨੂੰ ਚੱਲਦਾ ਰੱਖਣਾ ਨਾਮੁਮਕਿਨ ਬਣ ਗਿਆ ਹੈ। ਕੰਪਨੀ ਦੇ ਮੌਜੂਦਾ ਵਿੱਤੀ ਹਾਲਾਤਾਂ ਬਾਰੇ ਸ਼ਹਿਰੀ ਸਿਵਲ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਦਾ ਕਹਿਣਾ ਹੈ ਕਿ ਏਅਰ ਇੰਡੀਆ ਨੂੰ ਵੇਚਣ ਦੀ ਪ੍ਰਕਿਰਿਆ ਚੱਲ ਰਹੀ ਹੈ। ਕੰਪਨੀ ਨੂੰ ਨਿੱਜੀ ਹੱਥਾਂ 'ਚ ਦੇਣ ਤੋਂ ਇਲਾਵਾ ਹੁਣ ਕੋਈ ਰਸਤਾ ਨਹੀਂ ਬਚਿਆ। ਕਿਉਂਕਿ ਕੰਪਨੀ ਸਿਰ ਬਹੁਤ ਜ਼ਿਆਦਾ ਕਰਜ਼ਾ ਹੋਣ ਕਾਰਨ ਹੁਣ ਟੈਕਸਦਾਤਿਆਂ ਦੇ ਪੈਸੇ ਦੇ ਸਹੀ ਇਸਤੇਮਾਲ ਦਾ ਸੰਕਟ ਖੜ੍ਹਾ ਹੋ ਗਿਆ ਹੈ।
Photo
ਦੱਸ ਦਈਏ ਕਿ ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਸਰਕਾਰ ਨੇ ਸਾਫ਼ ਕਰ ਦਿਤਾ ਸੀ ਕਿ ਵਿੱਤੀ ਸੰਕਟ ਨਾਲ ਜੂਝ ਰਹੀ ਏਅਰ ਇੰਡੀਆ ਨੂੰ ਕੋਈ ਖ਼ਰੀਦਦਾਰ ਨਾ ਮਿਲਣ ਦੀ ਸੂਰਤ 'ਚ ਇਸ ਨੂੰ ਬੰਦ ਕਰਨਾ ਪੈ ਸਕਦਾ ਹੈ। ਕੰਪਨੀ ਹੁਣ ਅਜਿਹੀ ਹਾਲਤ 'ਚ ਪਹੁੰਚ ਚੁੱਕੀ ਹੈ ਕਿ ਇਸ ਨੂੰ ਛੋਟੇ ਛੋਟੇ ਵਿੱਤੀ ਠੁੰਮਣਿਆਂ ਸਹਾਰੇ ਚੱਲਦਾ ਰੱਖਣਾ ਮੁਮਕਿਨ ਨਹੀਂ ਜਾਪ ਰਿਹਾ।
Photo
ਹਰਦੀਪ ਸਿੰਘ ਪੁਰੀ ਦਾ ਕਹਿਣਾ ਹੈ ਕਿ ਏਅਰ ਇੰਡੀਆ ਇਕ ਕੌਮੀ ਪ੍ਰਾਪਰਟੀ ਹੈ। ਇਹ ਮਹਾਰਾਜਾ ਬਰਾਡ ਦੇ ਤੌਰ 'ਤੇ ਦੁਨੀਆ ਭਰ 'ਚ ਜਾਣੀ ਜਾਂਦੀ ਹੈ। ਇਸ ਦਾ ਸੇਫ਼ਟੀ ਰਿਕਾਰਡ ਤੇ ਰੇਪੂਟੇਸ਼ਨ ਬਹੁਤ ਵਧੀਆ ਹੈ। ਪਰ ਹੁਣ ਏਅਰ ਇੰਡੀਆ ਬਹੁਤ ਜ਼ਿਆਦਾ ਕਰਜ਼ੇ ਦੀ ਮਾਰ ਹੇਠ ਆ ਚੁੱਕੀ ਹੈ ਜਿਸ ਕਾਰਨ ਇਸ ਨੂੰ ਚੱਲਦਾ ਰੱਖਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ।
Photo
ਵਿੱਤੀ ਹਾਲਾਤਾਂ ਦੇ ਮੱਦੇਨਜ਼ਰ ਹੁਣ ਇਸ ਦਾ ਨਿੱਜੀਕਰਣ ਕਰਨ ਤੋਂ ਇਲਾਵਾ ਕੋਈ ਰਸਤਾ ਨਹੀਂ ਬਚਿਆ। 2 ਸਾਲ ਪਹਿਲਾਂ ਇਸ ਸਬੰਧੀ ਕਦਮ ਚੁੱਕੇ ਗਏ ਸਨ। ਭਾਵੇਂ ਇਸ 'ਚ ਸਫ਼ਲਤਾ ਨਹੀਂ ਮਿਲੀ, ਫਿਰ ਵੀ ਪਿਛਲੇ ਤਜਰਬੇ ਤੋਂ ਸੇਧ ਲੈਂਦਿਆਂ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ।
Photo
ਉਨ੍ਹਾਂ ਕਿਹਾ ਕਿ ਈਓਆਈ ਜਾਰੀ ਕਰਨ ਤੋਂ ਬਾਅਦ ਇਸ ਲਈ ਖ਼ਰੀਦਦਾਰ ਦੀ ਤਲਾਸ਼ ਕੀਤੀ ਜਾਵੇਗੀ। ਅਸੀਂ ਚਾਹੁੰਦੇ ਹਾਂ ਕਿ ਇਸ ਨੂੰ ਕੋਈ ਸਵਦੇਸ਼ੀ ਕੰਪਨੀ ਹੀ ਖਰੀਦੇ। ਫਿਰ ਵੀ ਏਅਰ ਇੰਡੀਆ ਦੇ ਨਿਜੀਕਰਣ ਦੀ ਪ੍ਰਕਿਰਿਆ ਜਾਰੀ ਹੈ। ਹਾਲ ਦੀ ਘੜੀ ਇਸ ਦੇ ਨਿੱਜੀਕਰਣ ਦੀ ਸਮਾਂ ਸੀਮਾ ਤਹਿ ਕਰਨਾ ਮੁਸ਼ਕਲ ਹੈ।