
ਪੁਲਿਸ ਅਨੁਸਾਰ ਕੁੜੀ ਦਾ ਦਿੱਲੀ ਦੇ ਗੁਰੂ ਤੇਗ ਬਹਾਦਰ (ਜੀ.ਟੀ.ਬੀ.) ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।
ਬਾਗਪਤ (ਉੱਤਰ ਪ੍ਰਦੇਸ਼) : ਬਾਗਪਤ ਜ਼ਿਲ੍ਹੇ ਦੇ ਬਿਨੌਲੀ ਥਾਣਾ ਖੇਤਰ ’ਚ ਅਨੁਸੂਚਿਤ ਜਾਤੀ (ਦਲਿਤ) ਦੀ ਇਕ ਕੁੜੀ ਨੂੰ ਕਥਿਤ ਤੌਰ ’ਤੇ ਛੇੜਛਾੜ ਦਾ ਵਿਰੋਧ ਕਰਨ ’ਤੇ ਗੁੜ ਬਣਾਉਣ ਵਾਲੇ ਕੜਾਹੇ ’ਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਅਨੁਸਾਰ ਬਿਨੌਲੀ ਪੁਲਿਸ ਨੇ ਅੱਜ ਧਨੌਰਾ ਸਿਲਵਰਨਗਰ ਪਿੰਡ ’ਚ ਗੰਨਾ ਪਿੜਾਈ ਵਾਲੀ ਘੁਲਾੜੀ ਦੇ ਮਾਲਕ ਸਮੇਤ ਤਿੰਨ ਵਿਅਕਤੀਆਂ ਨੂੰ ਇੱਕ ਅਨੁਸੂਚਿਤ ਜਾਤੀ ਦੀ ਕੁੜੀ ਨਾਲ ਛੇੜਛਾੜ ਕਰਨ ਅਤੇ ਉਸ ਵਲੋਂ ਵਿਰੋਧ ਕਰਨ ’ਤੇ ਉਸ ਨੂੰ ਗਰਮ ਕੜਾਹੇ ’ਚ ਸੁੱਟਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਕੁੜੀ ਦਾ ਦਿੱਲੀ ਦੇ ਗੁਰੂ ਤੇਗ ਬਹਾਦਰ (ਜੀ.ਟੀ.ਬੀ.) ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।
ਬਿਨੌਲੀ ਥਾਣੇ ਦੇ ਇੰਚਾਰਜ ਇੰਸਪੈਕਟਰ (ਐਸ.ਐਸ.ਓ.) ਐਮ.ਪੀ. ਸਿੰਘ ਨੇ ਦਸਿਆ ਕਿ ਧਨੌਰਾ ਸਿਲਵਰ ਪਿੰਡ ਸਥਿਤ ਪ੍ਰਮੋਦ ਦੀ ਘੁਲੜੀ (ਗੰਨੇ ਦੀ ਪਿੜਾਈ ਅਤੇ ਗੁੜ ਬਣਾਉਣ ’ਚ ਵਰਤੀ ਜਾਂਦੀ) ’ਤੇ ਮੁਜ਼ੱਫਰਨਗਰ ਜ਼ਿਲ੍ਹੇ ਦੇ ਇਕ ਪਿੰਡ ਦੀ ਇਕ ਕੁੜੀ ਕੰਮ ਕਰਦੀ ਸੀ। ਪੀੜਤਾ ਦੇ ਭਰਾ ਨੇ ਸਨਿਚਰਵਾਰ ਨੂੰ ਬਿਨੌਲੀ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਕਿ ਉਹ ਬੁਧਵਾਰ ਨੂੰ ਘੁਲਾੜੀ ’ਤੇ ਕੰਮ ਕਰ ਰਹੀ ਸੀ ਜਦੋਂ ਘੁਲਾੜੀ ਦੇ ਮਾਲਕ ਪ੍ਰਮੋਦ ਰਾਜੂ ਅਤੇ ਸੰਦੀਪ ਨੇ ਉਸ ਦੀ ਭੈਣ ਨਾਲ ਛੇੜਛਾੜ ਕੀਤੀ ਅਤੇ ਬਦਸਲੂਕੀ ਕੀਤੀ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਭਰਾ ਦਾ ਦੋਸ਼ ਹੈ ਕਿ ਵਿਰੋਧ ਕਰਨ ’ਤੇ ਮੁਲਜ਼ਮਾਂ ਨੇ ਉਸ ਨੂੰ ਜਾਤੀ ਸੂਚਕ ਸ਼ਬਦ ਕਹਿ ਕੇ ਜਾਨ ਤੋਂ ਮਾਰਨ ਦੇ ਇਰਾਦੇ ਨਾਲ ਕੜਾਹੇ ’ਚ ਸੁੱਟ ਦਿਤਾ, ਜਿਸ ਨਾਲ ਉਹ ਬੁਰੀ ਤਰ੍ਹਾਂ ਝੁਲਸ ਗਈ। ਇਸ ਤੋਂ ਬਾਅਦ ਤਿੰਨੇ ਮੁਲਜ਼ਮ ਫਰਾਰ ਹੋ ਗਏ। ਪਰਵਾਰ ਨੇ ਕੁੜੀ ਨੂੰ ਗੰਭੀਰ ਹਾਲਤ ’ਚ ਦਿੱਲੀ ਦੇ ਜੀ.ਟੀ.ਬੀ. ਹਸਪਤਾਲ ’ਚ ਦਾਖਲ ਕਰਵਾਇਆ ਹੈ।
ਐਸ.ਐਚ.ਓ. ਨੇ ਦਸਿਆ ਕਿ ਪੀੜਤਾ ਦੇ ਭਰਾ ਦੀ ਸ਼ਿਕਾਇਤ ’ਤੇ ਪੁਲਿਸ ਨੇ ਮੁਲਜ਼ਮ ਪ੍ਰਮੋਦ ਰਾਜੂ ਅਤੇ ਸੰਦੀਪ ਵਿਰੁਧ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਦੀ ਰੋਕਥਾਮ ਐਕਟ ਤਹਿਤ ਕਤਲ ਦੀ ਕੋਸ਼ਿਸ਼, ਛੇੜਛਾੜ ਅਤੇ ਅਪਰਾਧਕ ਧਮਕੀਆਂ ਸਮੇਤ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।