ਦਿੱਲੀ ਅਤੇ ਐਨ.ਸੀ.ਆਰ. ਵਿਚ ਬਹੁਤ ਹਲਕਾ ਮੀਂਹ ਪੈਣ ਦੀ ਸੰਭਾਵਨਾ
ਨਵੀਂ ਦਿੱਲੀ : ਰਾਜਧਾਨੀ ’ਚ ਬੁਧਵਾਰ ਨੂੰ ਕੜਾਕੇ ਦੀ ਠੰਢ ਜਾਰੀ ਰਹੀ, ਜਦਕਿ ਸ਼ਹਿਰ ’ਚ ਧੁੰਦ ਦੀ ਸੰਘਣੀ ਚਾਦਰ ਹੇਠ ਦਬਿਆ ਰਿਹਾ, ਜਿਸ ’ਚ ਹਵਾ ਦੀ ਗੁਣਵੱਤਾ ‘ਬਹੁਤ ਖਰਾਬ’ ਸ਼੍ਰੇਣੀ ’ਚ ਰਹੀ। ਭਾਰਤੀ ਮੌਸਮ ਵਿਭਾਗ (ਆਈ.ਐਮ.ਡੀ.) ਨੇ ਕਿਹਾ ਕਿ ਵੱਧ ਤੋਂ ਵੱਧ ਤਾਪਮਾਨ 14.2 ਡਿਗਰੀ ਸੈਲਸੀਅਸ ਰਿਹਾ, ਜੋ ਆਮ ਨਾਲੋਂ 6.2 ਡਿਗਰੀ ਘੱਟ ਅਤੇ 2020 ਤੋਂ ਬਾਅਦ ਦਰਜ ਕੀਤੇ ਗਏ ਸੱਭ ਤੋਂ ਘੱਟ ਦਿਨ ਦਾ ਤਾਪਮਾਨ ਹੈ। ਘੱਟੋ-ਘੱਟ ਤਾਪਮਾਨ 6.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 0.4 ਡਿਗਰੀ ਸੈਲਸੀਅਸ ਘੱਟ ਸੀ।
ਸਕਾਈਮੇਟ ਦੇ ਮਹੇਸ਼ ਪਲਾਵਤ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ’ਚ ਚੱਕਰਵਾਤੀ ਹਾਲਾਤ ਕਾਰਨ ਅੱਜ ਰਾਤ ਅਤੇ ਨਵੇਂ ਸਾਲ ਦੇ ਦਿਨ ਦਰਮਿਆਨ ਦਿੱਲੀ ਅਤੇ ਐਨ.ਸੀ.ਆਰ. ਵਿਚ ਬਹੁਤ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਮੌਸਮ ਦਾ ਪਹਿਲਾ ਮੀਂਹ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ 3 ਜਨਵਰੀ ਤੋਂ ਠੰਢੀਆਂ ਹਵਾਵਾਂ ਦੇ ਹਾਲਾਤ ਵਿਕਸਤ ਹੋ ਸਕਦੇ ਹਨ ਕਿਉਂਕਿ ਘੱਟੋ-ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਤੋਂ ਹੇਠਾਂ ਆ ਸਕਦਾ ਹੈ ਅਤੇ ਹਿਮਾਲਿਆਈ ਖੇਤਰ ਤੋਂ ਠੰਢੀਆਂ ਉੱਤਰੀ ਹਵਾਵਾਂ ਰਾਜਧਾਨੀ ਵਲ ਵਧਣ ਦੀ ਉਮੀਦ ਹੈ।
