
ਨਵੀਂ ਦਿੱਲੀ, 21 ਦਸੰਬਰ : ਕ੍ਰਿਕਟ ਦੀ 'ਰਨ ਮਸ਼ੀਨ' ਸਚਿਨ ਤੇਂਦੁਲਕਰ ਨੂੰ ਸੰਸਦ ਵਿਚ ਅਪਣੇ ਭਾਸ਼ਨਾਂ ਦੀ ਪਾਰੀ ਸ਼ੁਰੂ ਕਰਨ ਲਈ ਹਾਲੇ ਹੋਰ ਉਡੀਕ ਕਰਨੀ ਪਵੇਗੀ। ਰਾਜ ਸਭਾ ਮੈਂਬਰ ਅਤੇ ਭਾਰਤ ਰਤਨ ਸਚਿਨ ਤੇਂਦੁਲਕਰ ਅੱਜ ਉੱਚ ਸਦਨ ਵਿਚ ਪਹਿਲੀ ਵਾਰ ਬੋਲਣ ਲਈ ਅਪਣੀ ਵਾਰੀ ਦੀ ਉਡੀਕ ਕਰਦੇ ਰਹੇ ਪਰ ਸਦਨ ਵਿਚ ਕਾਂਗਰਸ ਮੈਂਬਰਾਂ ਦੇ ਜ਼ਬਰਦਸਤ ਹੰਗਾਮੇ ਕਾਰਨ ਉਹ ਅਪਣੇ ਭਾਸ਼ਨਾਂ ਦਾ ਖਾਤਾ ਨਹੀਂ ਖੋਲ੍ਹ ਸਕੇ। ਸਭਾਪਤੀ ਐਮ ਵੈਂਕਇਆ ਨਾਇਡੂ ਨੇ ਕਾਂਗਰਸ ਮੈਂਬਰਾਂ ਨੂੰ ਸ਼ਾਂਤ ਕਰਨ ਦੀ ਕਾਫ਼ੀ ਕੋਸ਼ਿਸ਼ ਕੀਤੀ ਤਾਕਿ ਸਚਿਨ ਅਪਣਾ ਭਾਸ਼ਨ ਸ਼ੁਰੂ ਕਰ ਸਕਣ ਪਰ ਕੋਸ਼ਿਸ਼ਾਂ ਨਾਕਾਮ ਰਹੀਆਂ। ਸਚਿਨ ਅਪਣੇ ਛੇ ਸਾਲ ਦੇ ਕਾਰਜਕਾਲ ਵਿਚ ਪੰਜ ਸਾਲ ਬੀਤਣ ਮਗਰੋਂ ਹੁਣ ਤਕ ਇਕ ਵੀ ਵਾਰ ਸਦਨ ਵਿਚ ਨਹੀਂ ਬੋਲੇ।
ਅਪ੍ਰੈਲ 2012 ਵਿਚ ਰਾਜ ਸਭਾ ਮੈਂਬਰ ਦੇ ਰੂਪ ਵਿਚ ਨਾਮਜ਼ਦ ਸਚਿਨ ਦਾ ਕਾਰਜਕਾਲ 26 ਅਪ੍ਰੈਲ 2018 ਨੂੰ ਖ਼ਤਮ ਹੋ ਰਿਹਾ ਹੈ। ਰਾਜ ਸਭਾ ਦੀ ਕਾਰਵਾਈ ਦੁਪਹਿਰ ਦੋ ਵਜੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਚਿਨ ਸਦਨ ਵਿਚ ਪਹਿਲੀ ਵਾਰ ਬੋਲਣ ਲਈ ਪੂਰੀ ਤਿਆਰੀ ਨਾਲ ਪਹੁੰਚੇ ਸਨ। ਹੰਗਾਮੇ ਕਾਰਨ ਲਗਭਗ 10 ਮਿੰਟ ਸਚਿਨ ਅਪਣੀ ਥਾਂ 'ਤੇ ਚੁੱਪਚਾਪ ਖੜੇ ਰਹੇ ਪਰ ਜਦ ਰੌਲਾ ਖ਼ਤਮ ਨਾ ਹੋਇਆ ਤਾਂ ਸਦਨ ਦੀ ਕਾਰਵਾਈ ਦਿਨ ਭਰ ਲਈ ਰੋਕ ਦਿਤੀ ਗਈ। ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਜਯਾ ਬਚਲ ਨੇ ਸਚਿਨ ਨੂੰ ਬੋਲਣ ਨਾ ਦੇਣ ਦੀ ਘਟਨਾ ਨੂੰ ਸ਼ਰਮਨਾਕ ਦਸਿਆ ਅਤੇ ਕਿਹਾ ਕਿ ਦੇਸ਼ ਦੇ ਨੌਜਵਾਨ ਉਸ ਨੂੰ ਸੁਣਨਾ ਚਾਹੁੰਦੇ ਸਨ ਪਰ ਕੁੱਝ ਲੋਕਾਂ ਦੇ ਹੰਗਾਮੇ ਕਾਰਨ ਅਜਿਹਾ ਨਹੀਂ ਹੋ ਸਕਿਆ। (ਏਜੰਸੀ)