
ਕੋਟਕਪੂਰਾ, 12 ਮਾਰਚ (ਗੁਰਮੀਤ ਸਿੰਘ ਮੀਤਾ) : ਆਲ ਇੰਡੀਆ ਖੱਤਰੀ ਸਭਾ ਅਤੇ ਹਿੰਦੂ ਵੈਲਫ਼ੇਅਰ ਕਮੇਟੀ ਦੇ ਪ੍ਰਧਾਨ ਨਰੇਸ਼ ਕੁਮਾਰ ਸਹਿਗਲ ਦੀ ਅਗਵਾਈ ਹੇਠ ਇਕ ਵਫ਼ਦ ਗਵਰਨਰ ਅਚਾਰਿਆ ਦੇਵਰਤਜੀ ਹਿਮਾਚਲ ਪ੍ਰਦੇਸ਼ ਨੂੰ ਮਿਲਿਆ, ਜਿਸ 'ਚ ਮੰਗ ਰੱਖੀ ਗਈ ਕਿ ਪੰਜਾਬ ਹਰਿਆਣਾ ਅਤੇ ਹੋਰ ਰਾਜਾਂ ਤੋਂ ਹਰ ਸਾਲ ਲੱਖਾਂ ਯਾਤਰੀ ਹਿੰਦੂ ਦੇਵੀ ਦੇਵਤਿਆਂ ਦੇ ਪ੍ਰਾਚੀਨ ਮੰਦਰ, ਚਿੰਤਪੂਰਨੀ, ਜਵਾਲਾ ਜੀ, ਚਾਮੁੰਡਾ, ਕਾਂਗੜਾ ਆਦਿ ਤੀਰਥ ਸਥਾਨਾਂ ਦੇ ਦਰਸ਼ਨ ਕਰਨ ਆਉਂਦੇ ਹਨ ਅਤੇ ਹਰ ਸਾਲ ਆਲ ਇੰਡੀਆ ਹਿੰਦੂ ਵੈਲਫ਼ੇਅਰ ਕਮੇਟੀ ਦੀ ਸਰਪ੍ਰਸਤੀ ਹੇਠ ਹਜ਼ਾਰਾਂ ਯਾਤਰੀਆਂ ਨੂੰ ਮੁਫ਼ਤ ਯਾਤਰਾ ਕਰਵਾਈ ਜਾਂਦੀ ਹੈ। ਉਨ੍ਹਾਂ ਯਾਤਰੀਆਂ ਨੂੰ ਵੱਡੇ ਪੱਧਰ 'ਤੇ ਸਮੱਸਿਆਵਾਂ ਆ ਰਹੀਆਂ ਹਨ, ਇਸੇ ਤਰ੍ਹਾਂ ਕੋਟਕਪੂਰਾ ਸ਼ਹਿਰ ਨਿਵਾਸੀਆਂ ਵਲੋਂ ਪਿਛਲੇ 25-30 ਸਾਲਾਂ ਤੋਂ ਜਵਾਲਾ ਜੀ, ਹਿਮਾਚਲ ਪ੍ਰਦੇਸ਼ ਵਿਖੇ ਇਕ ਧਰਮਸ਼ਾਲਾ ਬਣਾਈ ਹੋਈ ਹੈ, ਜਿਸ ਵਿਚ 20 ਤੋਂ 25 ਕਮਰੇ, ਦੋ ਲੰਗਰ ਹਾਲ ਸਮੇਤ ਹੋਰ ਅਨੇਕਾਂ ਪਖਾਨੇ, ਦਫ਼ਤਰ, ਸਟੋਰ ਆਦਿ ਕਰੋੜਾਂ ਰੁਪਏ ਦੀ ਤਿੰਨ ਮੰਜਲਾ ਇਮਾਰਤ ਬਣੀ ਹੋਈ ਹੈ ਪਰ ਧਰਮਸ਼ਾਲਾਵਾਂ ਦਾ ਪ੍ਰਬੰਧ ਚਲਾਉਂਦੀ ਕਮੇਟੀ ਦੀ ਲਾਪ੍ਰਵਾਹੀ ਸਦਕਾ ਇਹ ਧਰਮਸ਼ਾਲਾ ਕਈ ਸਾਲ ਪਹਿਲਾਂ ਹਿਮਾਚਲ ਪ੍ਰਦੇਸ਼ ਦੀ ਸਰਕਾਰ ਰਾਹੀਂ ਤਹਿਸੀਲਦਾਰ, ਧਰਮਸ਼ਾਲਾ ਅਪਣੇ ਕਬਜ਼ੇ 'ਚ ਲੈ ਲਈ ਜਿਥੇ ਹੁਣ ਫ਼ਾਇਰ ਬ੍ਰਿਗੇਡ ਦਫ਼ਤਰ,
ਤਹਿਸੀਲ ਆਫ਼ਿਸ, ਅਤੇ ਬਿਜਲੀ ਬੋਰਡ ਦਫ਼ਤਰ ਜਵਾਲਾ ਜੀ ਹਿਮਾਚਲ ਪ੍ਰਦੇਸ਼ ਸਥਿਤ ਹਨ ਪਰ ਇਹ ਧਰਮਸ਼ਾਲਾ ਕਈ ਸਾਲਾਂ ਤੋਂ ਕੁਝ ਕਾਗਜ਼ ਪੱਤਰ ਸਹੀ ਤੇ ਪੂਰੇ ਨਾ ਹੋਣ ਕਾਰਨ ਸਰਕਾਰ ਨੇ ਬੇਨਾਮੀ ਜਾਇਦਾਦ ਸਮਝ ਕੇ ਅਪਣੇ ਕਬਜ਼ੇ ਵਿਚ ਲੈ ਲਈ। ਉਨ੍ਹਾਂ ਦਸਿਆ ਕਿ ਇਸ ਧਰਮਸ਼ਾਲਾ ਨੂੰ ਖੁਲ੍ਹਵਾਉਣ ਲਈ ਅਤੇ ਇਸ ਨਾਲ ਜੁੜੀ ਧਾਰਮਕ ਆਸਥਾ ਨੂੰ ਲੈ ਕੇ ਪਿਛਲੇ 2 ਸਾਲਾਂ ਤੋਂ ਨਰੇਸ਼ ਕੁਮਾਰ ਸਹਿਗਲ ਨੇ ਪ੍ਰਣ ਕੀਤਾ ਕਿ ਹਰ ਹਾਲਤ 'ਚ ਇਹ ਧਰਮਸ਼ਾਲਾ ਯਾਤਰੀਆਂ ਨੂੰ ਮਿਲੇਗੀ, ਜਿਸ ਸਬੰਪੀ ਉਨ੍ਹਾਂ ਹਿਮਾਚਲ ਪ੍ਰਦੇਸ਼ ਤੇ ਗਵਰਨਰ ਅਚਾਰਿਆ ਦੇਵਰਤਜੀ ਸਮੇਤ ਮੁੱਖ ਮੰਤਰੀ, ਚੀਫ ਸੈਕਟਰੀ, ਡੀ ਜੀ ਪੀ ਅਤੇ ਕਮਿਸ਼ਨਰ ਆਦਿ ਨੂੰ ਪੱਤਰ ਲਿਖੇ, ਗਵਰਨਰ ਨੇ ਸਾਰੀਆਂ ਮੰਗਾਂ ਪੂਰੀਆਂ ਕਰਨ ਲਈ ਭਰੋਸਾ ਦਿਤਾ ਅਤੇ ਮੈਮੋਰੈਂਡਮ ਪੱਤਰ ਦੀ ਕਾਪੀ ਨੂੰ ਮੁੱਖ ਮੰਤਰੀ ਹਿਮਾਚਲ ਪ੍ਰਦੇਸ਼ ਸਰਕਾਰ ਜੈਰਾਮ ਠਾਕੁਰ ਨੂੰ ਕਾਰਵਾਈ ਹਿੱਤ ਭੇਜ ਦਿਤਾ।