
ਨਵੀਂ ਦਿੱਲੀ, 20 ਜਨਵਰੀ: ਭਾਰਤੀ ਜਨਤਾ ਪਾਰਟੀ (ਭਾਜਪਾ) ਆਗੂ ਸੁਬਰਾਮਨੀਅਮ ਸਵਾਮੀ ਨੇ ਅੱਜ ਦਿੱਲੀ ਦੀ ਇਕ ਅਦਾਲਤ ਨੂੰ ਦਸਿਆ ਕਿ ਪਿੱਛੇ ਜਿਹੇ ਆਮਦਨ ਟੈਕਸ ਵਿਭਾਗ ਨੇ ਯੰਗ ਇੰਡੀਅਨ ਪ੍ਰਾਈਵੇਟ ਲਿਮਟਡ 'ਤੇ ਨੈਸ਼ਨਲ ਹੈਰਲਡ ਮਾਮਲੇ 'ਚ 414 ਕਰੋੜ ਰੁਪਏ ਦਾ ਜੁਰਮਾਨਾ ਕੀਤਾ। ਇਹ ਮਮਲਾ ਸਵਾਮੀ ਨੇ ਕਾਂਗਰਸ ਆਗੂ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਹੋਰਾਂ 'ਤੇ ਦਾਇਰ ਕੀਤਾ ਸੀ।ਸਵਾਮੀ ਨੇ ਮੈਟਰੋਪਾਲੀਟਨ ਮੈਜਿਸਟ੍ਰੇਟ ਅੰਬਿਕਾ ਸਿੰਘ ਦੇ ਸਾਹਮਣੇ ਕਿਹਾ ਕਿ ਆਮਦਨ ਟੈਕਸ ਵਿਭਾਗ ਨੇ ਮਾਮਲੇ 'ਚ ਉਨ੍ਹਾਂ ਦੀ ਸ਼ਿਕਾਇਤ ਦਾ ਨੋਟਿਸ ਲੈਣ ਤੋਂ ਬਾਅਦ ਗਾਂਧੀ ਪ੍ਰਵਾਰ, ਯੰਗ ਇੰਡੀਅਨ ਕੰਪਨੀ ਅਤੇ ਚਾਰ ਹੋਰ ਮੁਲਜ਼ਮਾਂ ਵਿਰੁਧ ਜਾਂਚ ਸ਼ੁਰੂ ਕੀਤੀ ਸੀ।
ਅਦਾਲਤ ਨੇ ਹੁਕਮ ਦਿਤਾ ਕਿ ਸਵਾਮੀ ਵਲੋਂ ਪੇਸ਼ ਆਮਦਨ ਟੈਕਸ ਵਿਭਾਗ ਦੇ ਦਸਤਾਵੇਜ਼ ਅਗਲੇ ਹੁਕਮਾਂ ਤਕ ਮੋਹਰਬੰਦ ਲਿਫ਼ਾਫ਼ੇ 'ਚ ਰੱਖੇ ਜਾਣਗੇ। ਸਵਾਮੀ ਨੇ ਨਿਜੀ ਅਪਰਾਧਕ ਸ਼ਿਕਾਇਤ 'ਚ ਗਾਂਧੀ ਪ੍ਰਵਾਰ ਅਤੇ ਹੋਰਾਂ 'ਤੇ ਦੋਸ਼ ਲਾਇਆ ਹੈ ਕਿ ਸਿਰਫ਼ 50 ਲੱਖ ਰੁਪਏ ਦਾ ਭੁਗਤਾਨ ਕਰ ਕੇ ਉਨ੍ਹਾਂ ਠੱਗੀ ਅਤੇ ਪੈਸੇ ਦੀ ਘਪਲੇਬਾਜ਼ੀ ਦੀ ਸਾਜ਼ਸ਼ ਰਚੀ। ਇਸ ਰਾਹੀਂ ਯੰਗ ਇੰਡੀਆ ਨੇ 90 ਕਰੋੜ 25 ਲੱਖ ਰੁਪਏ ਵਸੂਲਣ ਦੇ ਅਧਿਕਾਰ ਹਾਸਲ ਕੀਤੇ ਜੋ ਐਸੋਸੀਏਟ ਜਰਨਲਸ ਲਿਮਟਡ ਨੂੰ ਕਾਂਗਰਸ ਨੂੰ ਦੇਣੇ ਸਨ।ਸਵਾਮੀ ਨੇ ਅਦਾਲਤ 'ਚ ਕਿਹਾ, ''ਆਮਦਨ ਟੈਕਸ ਵਿਭਾਗ ਨੇ ਮੇਰੀ ਸ਼ਿਕਾਇਤ 'ਚ ਇਨ੍ਹਾਂ ਤੱਥਾਂ ਦਾ ਨੋਟਿਸ ਲਿਆ ਅਤੇ ਸੱਤ ਮੁਲਜ਼ਮਾਂ ਵਿਰੁਧ ਜਾਂਚ ਸ਼ੁਰੂ ਕੀਤੀ। ਸੂਚਨਾ ਨਾ ਦੇਣ ਲਈ ਯੰਗ ਇੰਡੀਆ 'ਤੇ 414 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਗਿਆ।'' (ਪੀਟੀਆਈ)