
ਹੈਦਰਾਬਾਦ, 28 ਨਵੰਬਰ: ਅਠਵੇਂ ਸਾਲਾਨਾ ਕੋਮਾਂਤਰੀ ਉੱਦਮ ਕਰਤਾ ਸੰਮੇਲਨ ਦਾ ਅੱਜ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੇਟੀ ਅਤੇ ਵਾਈਟ ਹਾਊਸ 'ਚ ਸਲਾਹਕਾਰ ਇਵਾਂਕਾ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਦਘਾਟਨ ਕੀਤਾ। ਇਸ ਮੌਕੇ ਅਪਣੇ ਸੰਬੋਧਨ 'ਚ ਦੋਹਾਂ ਨੇ ਔਰਤ ਉੱਦਮੀਆਂ ਨੂੰ ਹੱਲਾਸ਼ੇਰੀ ਦੇਣ 'ਤੇ ਜ਼ੋਰ ਦਿਤਾ। ਸੰਮੇਲਨ ਦਾ ਇਸ ਸਾਲ ਦੇ ਵਿਸ਼ਾ 'ਔਰਤਾਂ ਪਹਿਲਾਂ, ਹਰ ਇਕ ਲਈ ਬਰਕਤ' ਹੈ।ਇਵਾਂਕਾ ਨੇ ਭਾਰਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਪ੍ਰਾਪਤੀਆਂ ਦੀ ਤਾਰੀਫ਼ ਕਰਦਿਆਂ ਦੇਸ਼ ਦੇ ਕੰਮਕਾਜ 'ਚ ਔਰਤਾਂ ਦੀ ਹਿੱਸੇਦਾਰੀ ਵਧਾਏ ਜਾਣ ਦੀ ਜ਼ਰੂਰਤ ਦੱਸੀ। ਉਨ੍ਹਾਂ ਕਿਹਾ ਕਿ ਜੇਕਰ ਭਾਰਤ 'ਚ ਨੌਕਰੀਆਂ ਦੇ ਮਾਮਲੇ 'ਚ ਔਰਤ-ਮਰਦ ਵਿਤਕਰਾ ਅੱਧਾ ਵੀ ਕਰ ਦਿਤਾ ਜਾਵੇ ਤਾਂ ਅਗਲੇ ਤਿੰਨ ਸਾਲਾਂ 'ਚ ਭਾਰਤੀ ਅਰਥਚਾਰੇ ਨੂੰ 150 ਅਰਬ ਡਾਲਰ ਦਾ ਫ਼ਾਇਦਾ ਹੋ ਸਕਦਾ ਹੈ।ਇਸ ਦੇ ਨਾਲ ਹੀ ਇਵਾਂਕਾ ਨੇ ਔਰਤ ਉੱਦਮੀਆਂ ਲਈ ਪੂੰਜੀ ਪਹੁੰਚ ਅਤੇ ਬਰਾਬਰ ਕਾਨੂੰਨਾਂ ਦੀ ਵਕਾਲਤ ਕੀਤੀ ਅਤੇ ਕਿਹਾ ਕਿ ਉੱਦਮੀਆਂ 'ਚ ਲਿੰਗ ਫ਼ਰਕ ਨੂੰ ਘੱਟ ਕਰਨ ਨਾਲ ਕੋਮਾਂਤਰੀ ਜੀ.ਡੀ.ਪੀ. 'ਚ ਦੋ ਫ਼ੀ ਸਦੀ ਤਕ ਦਾ ਹੋਰ ਵਾਧਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੁਨੀਆਂ ਦੇ ਸੱਭ ਤੋਂ ਤੇਜ਼ ਵਧਦੇ ਅਰਥਚਾਰਿਆਂ 'ਚੋਂ ਇਕ ਹੈ ਅਤੇ ਉਹ ਵਾਈਟ ਹਾਊਸ ਦਾ ਸੱਚਾ ਮਿੱਤਰ ਹੈ। ਅਪਣੇ ਸੰਬੋਧਨ 'ਚ ਇਵਾਂਕਾ ਨੇ ਮਹਿਲਾ ਉੱਦਮੀਆਂ ਨੂੰ ਹੱਲਾਸ਼ੇਰੀ ਦੇਣ ਉਤੇ ਜ਼ੋਰ ਦਿਤਾ ਅਤੇ ਕਿਹਾ ਕਿ ਮਹਿਲਾ ਉੱਦਮੀਆਂ ਦੀ ਵਧਦੀ ਗਿਣਤੀ ਦੇ ਬਾਵਜੂਦ ਔਰਤਾਂ ਨੂੰ ਖ਼ੁਦ ਦਾ ਕਾਰੋਬਾਰ ਸ਼ੁਰੂ ਕਰਨ, ਮਲਕੀਅਤ ਰੱਖਣ ਅਤੇ ਉਸ ਨੂੰ ਅੱਗੇ ਵਧਾਉਣ 'ਚ ਬਹੁਤ ਮੁਸ਼ਕਲਾਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਔਰਤਾਂ ਦੀ ਅਗਵਾਈ ਵਾਲੇ ਕਾਰੋਬਾਰ ਨੂੰ ਤਾਕਤ ਦੇਣਾ ਸਿਰਫ਼ ਸਮਾਜ ਲਈ ਹੀ ਚੰਗਾ ਨਹੀਂ ਬਲਕਿ ਇਹ ਸਾਡੇ ਅਰਥਚਾਰੇ ਲਈ ਵੀ ਚੰਗਾ ਹੈ। ਇਵਾਂਕਾ ਇਸ ਸੰਮੇਲਨ 'ਚ ਅਮਰੀਕਾ ਦੇ ਵਫ਼ਦ ਦੀ ਅਗਵਾਈ ਕਰ ਰਹੀ ਹੈ। ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ
ਮੌਕੇ ਭਾਰਤੀ ਔਰਤਾਂ ਵਲੋਂ ਆਰਥਕ ਅਤੇ ਸਮਾਜਕ ਵਿਕਾਸ 'ਚ ਉਨ੍ਹਾਂ ਦੇ ਯੋਗਦਾਨ ਦੀ ਰੱਜ ਕੇ ਤਾਰੀਫ਼ ਕੀਤੀ ਅਤੇ ਕਿਹਾ ਉਹ ਭਾਰਤ ਦੇ ਵੱਖੋ-ਵੱਖ ਖੇਤਰਾਂ 'ਚ ਅਸਾਧਾਰਨ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਦੇ ਮਿਥਿਹਾਸ 'ਚ ਔਰਤਾਂ ਨੂੰ ਸ਼ਕਤੀ ਦਾ ਰੂਪ ਦਸਿਆ ਗਿਆ ਹੈ। ਉਨ੍ਹਾਂ ਐਲਾਨ ਕੀਤਾ ਕਿ ਭਾਰਤ ਦਾ ਇਤਿਹਾਸ ਔਰਤਾਂ ਦੀ ਕਾਬਲੀਅਤ ਦੀਆਂ ਕਹਾਣੀਆਂ ਨਾਲ ਭਰਿਆ ਪਿਆ ਹੈ। ਉਨ੍ਹਾਂ ਕਿਹਾ, ''ਔਰਤਾਂ ਨੇ ਭਾਰਤ ਨੂੰ ਮਾਣ ਦਿਤਾ ਹੈ।'' ਔਰਤਾਂ 'ਚ ਉੱਦਮਸ਼ੀਲਤਾ ਦੀ ਜ਼ਰੂਰਤ 'ਤੇ ਜ਼ੋਰ ਦਿੰਦਿਆਂ ਮੋਦੀ ਨੇ ਕਿਹਾ ਕਿ ਇਸ ਸਾਲ ਦੇ ਸੰਮੇਲਨ 'ਚ 50 ਫ਼ੀ ਸਦੀ ਤੋਂ ਜ਼ਿਆਦਾ ਪ੍ਰਤੀਨਿਧੀ ਔਰਤਾਂ ਹਨ ਅਤੇ ਅਗਲੇ ਦੋ ਦਿਨਾਂ ਦੌਰਾਨ ਅਸੀਂ ਅਜਿਹੀਆਂ ਔਰਤਾਂ ਨੂੰ ਮਿਲਾਂਗੇ ਜਿਨ੍ਹਾਂ ਨੇ ਇਕੱਲਿਆਂ ਰਾਹ ਉਤੇ ਚੱਲ ਕੇ ਔਰਤ ਉੱਦਮੀਆਂ ਦੀ ਨਵੀਂ ਪੀੜ੍ਹੀ ਲਈ ਪ੍ਰੇਰਨਾ ਬਣੀਆਂ ਹਨ। ਪ੍ਰਧਾਨ ਮੰਤਰੀ ਨੇ ਦੇਸ਼ 'ਚ ਕੀਤੇ ਗਏ ਸੁਧਾਰਾਂ ਦਾ ਜ਼ਿਕਰ ਕਰਦਿਆਂ ਕੋਮਾਂਤਰੀ ਉੱਦਮੀਆਂ ਨੂੰ ਭਾਰਤ 'ਚ ਆਉਣ ਅਤੇ ਨਿਵੇਸ਼ ਕਰਨ ਦਾ ਸੱਦਾ ਦਿਤਾ। ਉਨ੍ਹਾਂ ਕਿਹਾ ਕਿ ਦੇਸ਼ 'ਚ ਨਿਵੇਸ਼ ਲਈ ਢੁਕਵਾਂ ਮਾਹੌਲ ਹੈ ਜਿਥੇ ਪਾਬੰਦੀਆਂ ਨੂੰ ਹਟਾਇਆ ਗਿਆ ਹੈ ਅਤੇ ਪੁਰਾਣੇ ਕਾਨੂੰਨਾਂ ਨੂੰ ਖ਼ਤਮ ਕਰ ਦਿਤਾ ਗਿਆ ਹੈ। ਉਨ੍ਹਾਂ ਦੁਨੀਆਂ ਭਰ ਦੇ ਉਦਮੀਆਂ ਨੂੰ ਭਾਰਤ 'ਚ ਆ ਕੇ ਨਿਰਮਾਣ ਕਰਨ ਦਾ ਸੱਦਾ ਅਤੇ ਹਮਾਇਤ ਕਰਨ ਦਾ ਭਰੋਸਾ ਦਿਤਾ।ਇਵਾਂਕਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਮੋਦੀ ਭਾਰਤ ਨੂੰ ਇਕ ਅਮੀਰ ਅਰਥਚਾਰਾ, ਲੋਕਤੰਤਰ ਦਾ ਪ੍ਰਕਾਸ਼ ਸਤੰਭ ਅਤੇ ਦੁਨੀਆਂ 'ਚ ਉਮੀਦ ਦਾ ਪ੍ਰਤੀਕ ਬਣਾਉਣ ਲਈ ਕੰਮ ਕਰ ਰਹੇ ਹਨ। ਇਵਾਂਕਾ ਨੇ ਕਿਹਾ, ''ਤੁਸੀ ਜੋ ਹਾਸਲ ਕਰ ਰਹੇ ਹੋ ਉਹ ਅਸਲ 'ਚ ਹੀ ਅਦਭੁਤ ਹੈ। ਛੋਟੇ ਹੁੰਦਿਆਂ ਚਾਹ ਵੇਚਣ ਤੋਂ ਲੈ ਕੇ ਭਾਰਤ ਦੇ ਪ੍ਰਧਾਨ ਮੰਤਰੀ ਚੁਣੇ ਜਾਣ ਤਕ।''ਉਨ੍ਹਾਂ ਕਿਹਾ ਕਿ ਮੋਦੀ ਨੇ ਅਪਣੀਆਂ ਕੋਸ਼ਿਸ਼ਾਂ, ਉੱਦਮ ਅਤੇ ਸਖ਼ਤ ਮਿਹਨਤ ਨਾਲ ਭਾਰਤ ਦੇ ਲੋਕਾਂ ਨੇ 13 ਕਰੋੜ ਤੋਂ ਜ਼ਿਆਦਾ ਨਾਗਰਿਕਾਂ ਨੂੰ ਗ਼ਰੀਬੀ ਰੇਖਾ ਤੋਂ ਬਾਹਰ ਕਢਿਆ ਹੈ। ਉਨ੍ਹਾਂ ਇਸ ਨੂੰ ਵੱਡੀ ਪ੍ਰਾਪਤੀ ਦਸਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ 'ਚ ਇਹ ਵਧਣਾ ਜਾਰੀ ਰਖੇਗਾ। ਪੀ.ਆਈ.ਬੀ. ਨੇ ਇਕ ਤਸਵੀਰ ਜਾਰੀ ਕੀਤੀ ਹੈ ਜਿਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਵਾਂਕਾ ਗਰਮਜੋਸ਼ੀ ਨਾਲ ਹੱਥ ਮਿਲਾ ਰਹੇ ਹਨ। (ਪੀਟੀਆਈ)